ਕਾਨ੍ਹਪੁਰ ਸਿੱਖ ਕਤਲੇਆਮ ਸਬੰਧੀ ਵਿਸ਼ੇਸ਼ ਜਾਂਚ ਟੀਮ ਨੂੰ ਭਾਈ ਲੌਂਗੋਵਾਲ ਦੀ ਅਗਵਾਈ 'ਚ ਮਿਲਿਆ ਵਫਦ

By  Jashan A September 22nd 2019 06:43 PM

ਕਾਨ੍ਹਪੁਰ ਸਿੱਖ ਕਤਲੇਆਮ ਸਬੰਧੀ ਵਿਸ਼ੇਸ਼ ਜਾਂਚ ਟੀਮ ਨੂੰ ਭਾਈ ਲੌਂਗੋਵਾਲ ਦੀ ਅਗਵਾਈ 'ਚ ਮਿਲਿਆ ਵਫਦ ਐਸ.ਆਈ.ਟੀ. ਵੱਲੋਂ ਜਾਂਚ ਜਲਦ ਮੁਕੰਮਲ ਕਰਨ ਦਾ ਭਰੋਸਾ ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ ਵਿਚ ਇੱਕ ਉੱਚ ਪੱਧਰੀ ਵਫਦ ਨੂੰ 1984 ਦੇ ਕਾਨ੍ਹਪੁਰ ਸਿੱਖ ਕਤਲੇਆਮ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਭਰੋਸਾ ਦਿੱਤਾ ਹੈ ਕਿ ਇੱਕ ਹਫਤੇ ਵਿਚ ਗਵਾਹਾਂ ਦੇ ਬਿਆਨ ਦਰਜ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸਿੱਟ ਨੇ ਬੰਦ ਪਏ ਕੇਸ ਮੁੜ ਖੋਲ੍ਹਣ ਦੀ ਵੀ ਗੱਲ ਆਖੀ ਹੈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਮੀਡੀਆ ਰਾਹੀਂ ਕਾਨ੍ਹਪੁਰ ਸਿੱਖ ਕਤਲੇਆਮ ਸਬੰਧੀ ਕੇਸਾਂ ਦੀਆਂ ਅਹਿਮ ਫਾਈਲਾਂ ਗੁੰਮ ਹੋਣ ਦਾ ਮਾਮਲਾ ਉਜਾਗਰ ਹੋਇਆ ਸੀ, ਜਿਸ ਦੇ ਚੱਲਦਿਆਂ ਅੱਜ ਸਿੱਖ ਆਗੂਆਂ ਦੇ ਵਫਦ ਨੇ ਐਸ.ਆਈ.ਟੀ. ਦੇ ਮੈਂਬਰ ਸ੍ਰੀ ਸੁਭਾਸ਼ ਅਗਰਵਾਲ ਸਮੇਤ ਹੋਰ ਮੈਂਬਰਾਂ ਨਾਲ ਮੁਲਾਕਾਤ ਕੀਤੀ।ਵਫਦ ਵਿਚ ਭਾਈ ਲੌਂਗੋਵਾਲ ਤੋਂ ਇਲਾਵਾ ਸੀਨੀਅਰ ਅਕਾਲੀ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਬਲਵਿੰਦਰ ਸਿੰਘ ਭੂੰਦੜ ਅਤੇ ਸਥਾਨਕ ਸਿੱਖ ਪ੍ਰਤੀਨਿਧ ਸ਼ਾਮਲ ਸਨ। ਵਫਦ ਮੈਂਬਰਾਂ ਵੱਲੋਂ ਐਸ.ਆਈ.ਟੀ. ਕੋਲ ਸਿੱਖ ਕਤਲੇਆਮ ਦੇ ਗਵਾਹਾਂ ਦੀ ਸੁਰੱਖਿਆ, ਸਮੇਂ ਸਿਰ ਗਵਾਹੀ ਦਰਜ ਕਰਵਾਉਣ ਨੂੰ ਯਕੀਨੀ ਬਣਾਉਣ, ਬੰਦ ਹੋਏ ਕੇਸ ਮੁੜ ਖੋਲ੍ਹਣ ਅਤੇ ਗਾਇਬ ਹੋਈਆਂ ਫਾਈਲਾਂ ਸਬੰਧੀ ਮਾਮਲੇ ਉਠਾਏ ਗਏ। ਵਫਦ ਮੈਂਬਰਾਂ ਨੇ ਕਿਹਾ ਕਿ 1984 ਵਿਚ ਕਾਨ੍ਹਪੁਰ ਅੰਦਰ ਕੀਤੇ ਗਏ ਸਿੱਖ ਕਤਲੇਆਮ ਦੇ ਪੀੜਤਾਂ ਨੂੰ 35 ਸਾਲ ਬੀਤਣ ਬਾਅਦ ਵੀ ਇਨਸਾਫ ਨਹੀਂ ਮਿਲਿਆ ਅਤੇ ਹੈਰਾਨੀ ਇਸ ਗੱਲ ਹੈ ਕਿ ਅੱਜ ਇਸ ਨਾਲ ਸਬੰਧਤ ਕਈ ਅਹਿਮ ਫਾਈਲਾਂ ਗੁੰਮ ਹੋਣ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਇਸ ਦਾ ਇਨਸਾਫ ਹੋਣਾ ਚਾਹੀਦਾ ਹੈ ਅਤੇ ਉਹ ਵੀ ਜਲਦ ਤੋਂ ਜਲਦ। ਇਸ ਦੌਰਾਨ ਸਿੱਟ ਵੱਲੋਂ ਜਾਂਚ ਛੇਤੀ ਮੁਕੰਮਲ ਕਰਨ ਦਾ ਵਾਅਦਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸਿੱਟ ਅਨੁਸਾਰ ਜਿਹੜੇ ਗਵਾਹ ਆਪਣੀ ਗਵਾਹੀ ਦੇਣੀ ਚਾਹੁਣਗੇ ਉਨ੍ਹਾਂ ਦੀ ਗਵਾਹੀ ਇੱਕ ਹਫਤੇ ਵਿਚ ਦਰਜ ਕੀਤੀ ਜਾਵੇਗੀ।ਉਨ੍ਹਾਂ ਇਹ ਵੀ ਦੱਸਿਆ ਕਿ ਸਿੱਟ ਮੈਂਬਰਾਂ ਨੇ ਭਰੋਸਾ ਦਿੱਤਾ ਹੈ ਕਿ ਜਾਂਚ ਜਲਦ ਮੁਕਮੰਲ ਕੀਤੀ ਜਾਵੇਗੀ ਅਤੇ ਇਸ ਸਬੰਧੀ ਹਰ ਕੇਸ ਨੂੰ ਜਾਂਚ ਘੇਰੇ ਵਿਚ ਲਿਆਂਦਾ ਜਾਵੇਗਾ। ਭਾਈ ਲੌਂਗੋਵਾਲ ਅਨੁਸਾਰ ਸਿੱਟ ਨੇ ਪੀੜਤ ਧਿਰਾਂ ਅਤੇ ਗਵਾਹਾਂ ਨੂੰ ਬਿਨ੍ਹਾ ਡਰ ਭੈਅ ਦੇ ਆਪਣੇ ਬਿਆਨ ਦਰਜ ਕਰਵਾਉਣ ਦਾ ਸੱਦਾ ਦਿੱਤਾ ਹੈ ਤਾਂ ਜੋ ਪੀੜਤਾਂ ਨੂੰ ਇਨਸਾਫ ਮਿਲ ਸਕੇ। -PTC News

Related Post