ਇਸਤਰੀ ਅਕਾਲੀ ਦਲ ਵੱਲੋਂ 7 ਅਕਤੂਬਰ ਨੂੰ ਪਟਿਆਲਾ 'ਚ ਹੋਣ ਵਾਲੀ 'ਜਬਰ ਵਿਰੋਧੀ ਰੈਲੀ' ਸਬੰਧੀ ਔਰਤਾਂ ਨੂੰ ਕੀਤਾ ਜਾਵੇਗਾ ਲਾਮਬੰਦ

By  Shanker Badra October 3rd 2018 05:19 PM

ਇਸਤਰੀ ਅਕਾਲੀ ਦਲ ਵੱਲੋਂ 7 ਅਕਤੂਬਰ ਨੂੰ ਪਟਿਆਲਾ 'ਚ ਹੋਣ ਵਾਲੀ 'ਜਬਰ ਵਿਰੋਧੀ ਰੈਲੀ' ਸਬੰਧੀ ਔਰਤਾਂ ਨੂੰ ਕੀਤਾ ਜਾਵੇਗਾ ਲਾਮਬੰਦ:ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਅੱਜ ਪਾਰਟੀਆਂ ਦੀਆਂ ਸਾਰੀਆਂ ਮਹਿਲਾ ਕਾਰਕੁਨਾਂ ਨੂੰ ਅਕਾਲੀਆਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਵਿਰੁੱਧ ਰੋਸ ਪ੍ਰਗਟਾਉਣ ਲਈ 7 ਅਕਤੂਬਰ ਨੂੰ ਪਟਿਆਲਾ ਵਿਖੇ ਕੀਤੀ ਜਾ ਰਹੀ ਜਬਰ-ਵਿਰੋਧੀ ਰੈਲੀ ਵਿਚ ਵਧ ਚੜ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।ਉਹਨਾਂ ਨੇ ਪਾਰਟੀ ਵਰਕਰਾਂ ਨੂੰ ਮੌਜੂਦਾ ਸਰਕਾਰ ਦੀਆਂ ਦਮਨਕਾਰੀ ਨੀਤੀਆਂ ਖਿਲਾਫ ਜਨਤਕ ਲਾਮਬੰਦੀ ਕਰਨ ਲਈ ਵੀ ਆਖਿਆ ਹੈ।

ਇੱਥੇ ਜ਼ਿਲ੍ਹਾ ਪ੍ਰਧਾਨਾਂ, ਸਰਕਲ ਪ੍ਰਧਾਨਾਂ ਅਤੇ ਕਾਰਕੁੰਨਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਬੀਬੀ ਜੰਗੀਰ ਕੌਰ ਨੇ ਇਹਨਾਂ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਆ ਰਹੀਆਂ ਪੰਚਾਇਤ ਚੋਣਾਂ ਦੌਰਾਨ ਸੱਤਾਧਾਰੀ ਕਾਂਗਰਸ ਪਾਰਟੀ ਵੱਲੋਂ ਕੀਤੀਆਂ ਜਾਣ ਵਾਲੀਆਂ ਧੱਕੇਸ਼ਾਹੀਆਂ ਅਤੇ ਹੇਰਾਫੇਰੀਆਂ ਦਾ ਡਟ ਕੇ ਮੁਕਾਬਲਾ ਕਰਨ ਆਖਿਆ।ਵਰਕਰਾਂ ਨੂੰ ਸਾਹਮਣੇ ਦਿਸ ਰਹੀਆਂ ਚੁਣੌਤੀਆਂ ਪ੍ਰਤੀ ਚੌਕਸ ਕਰਦਿਆਂ ਬੀਬੀ ਜੰਗੀਰ ਕੌਰ ਨੇ ਕਿਹਾ ਕਿ ਕਾਂਗਰਸ ਸਰਕਾਰ ਵਿਰੋਧੀਆਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ ਹੈ।ਸ਼੍ਰੋਮਣੀ ਅਕਾਲੀ ਦਲ ਦੇ ਇਸਤਰੀ ਵਿੰਗ ਦੀਆਂ ਅਹੁਦੇਦਾਰ ਇੱਥੇ ਇਸ ਸਾਲ ਹੋਣ ਵਾਲੀਆਂ ਪੰਚਾਇਤ ਚੋਣਾਂ ਦੀ ਤਿਆਰੀ ਵਿੱਢਣ ਅਤੇ ਅਗਲੇ ਤਿਮਾਹੀ ਦੌਰਾਨ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਖਾਕਾ ਉਲੀਕਣ ਵਾਸਤੇ ਇਕੱਤਰ ਹੋਈਆਂ ਸਨ।

ਇਸ ਮੌਕੇ ਜੰਗੀਰ ਕੌਰ ਨੇ ਕਿਹਾ ਕਿ ਵਿੰਗ ਦੀ ਕਾਰਜਸ਼ੈਲੀ ਸੁਧਾਰਨ ਲਈ 22 ਅਕਤੂਬਰ ਤੋਂ ਸ੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਦੋ ਰੋਜ਼ਾ ਸਿਖਲਾਈ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਦੌਰਾਨ ਅਹੁਦੇਦਾਰਾਂ ਅਤੇ ਵਰਕਰਾਂ ਨੂੰ ਪਾਰਟੀ ਦੀ ਵਿਚਾਰਧਾਰਾ, ਪ੍ਰੋਗਰਾਮਾਂ ਅਤੇ ਵਚਨਬੱਧਤਾਵਾਂ ਤੋਂ ਜਾਣੂ ਕਰਵਾਇਆ ਜਾਵੇਗਾ।ਇਸ ਤੋਂ ਇਲਾਵਾ ਮੀਟਿੰਗ ਵਿਚ ਜ਼ਿਲ੍ਹਾ ਪੱਧਰ ਉੱਤੇ ਵਕੀਲਾਂ ਅਤੇ ਸਮਾਜਸੇਵੀਆਂ ਦਾ ਇੱਕ ਕਾਨੂੰਨੀ ਸੈਲ ਬਣਾਉਣ ਦਾ ਫੈਸਲਾ ਵੀ ਕੀਤਾ ਗਿਆ, ਜੋ ਕਿ ਲੋੜਵੰਦ ਔਰਤਾਂ ਦੀ ਘਰੇਲੂ ਝਗੜੇ ਸੁਲਝਾਉਣ ਵਿਚ ਮੱਦਦ ਕਰੇਗਾ।ਸੂਬਾਈ ਪੱਧਰ ਉੱੱੇਤੇ ਇਸ ਕਾਨੂੰਨੀ ਸੈਲ ਦੀ ਅਗਵਾਈ ਐਡਵੋਕੇਟ ਪਰਮਜੀਤ ਕੌਰ, ਹਰਪਾਲ ਕੌਰ ਅਤੇ ਵੀਨਾ ਮੱਕੜ ਵੱਲੋਂ ਕੀਤੀ ਜਾਵੇਗੀ, ਜੋ ਕਿ ਨਾਲ ਨਾਲ ਜ਼ਿਲ੍ਹਾ ਪੱਧਰੀ ਕਾਨੂੰਨੀ ਸੈਲਾਂ ਦਾ ਪ੍ਰਬੰਧ ਵੀ ਵੇਖਣਗੀਆਂ।

ਇਸਤਰੀ ਅਕਾਲੀ ਦਲ ਨੇ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪਰਕਾਸ਼ ਪੁਰਬ ਦੇ ਜਸ਼ਨਾਂ ਦੇ ਸੰਬੰਧ ਵਿਚ ਰਾਜ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ 'ਕੀਰਤਨ ਦਰਬਾਰ' ਆਯੋਜਿਤ ਕਰਵਾਉਣ ਦਾ ਵੀ ਫੈਸਲਾ ਕੀਤਾ ਹੈ, ਜੋ ਕਿ ਨਵੰਬਰ ਮਹੀਨੇ ਤੋਂ ਸ਼ੁਰੂ ਕਰਵਾਏ ਜਾਣਗੇ।ਬੀਬੀ ਜੰਗੀਰ ਕੌਰ ਨੇ ਸਾਰੀਆਂ ਵਰਕਰਾਂ ਨੂੰ ਪੂਰੀ ਸ਼ਰਧਾ ਅਤੇ ਜ਼ੋਸ਼ ਨਾਲ ਇਹਨਾਂ ਕੀਰਤਨ ਦਰਬਾਰਾਂ ਦਾ ਆਯੋਜਨ ਕਰਨ ਲਈ ਆਖਿਆ।ਇਸ ਤੋਂ ਇਲਾਵਾ ਇਸਤਰੀ ਵਿੰਗ ਦੀਆਂ ਸਾਰੀਆਂ ਕਾਰਕੁੰਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੁਆਰਾ 17 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਚ ਆਯੋਜਿਤ ਕੀਤੇ ਜਾ ਰਹੇ ਕੀਰਤਨ ਦਰਬਾਰ ਵਿਚ ਭਾਗ ਲੈਣ ਲਈ ਆਖਿਆ।ਉੁਹਨਾਂ ਦੱਸਿਆ ਕਿ ਇਸ ਤੋਂ ਬਾਅਦ ਸਥਾਨਕ ਬੇਬੇ ਨਾਨਕੀ ਕਾਲਜ ਵਿਖੇ ਔਰਤਾਂ ਦੇ ਮੁੱਦਿਆਂ ਉੱੇਤੇ ਇਸਤਰੀ ਅਕਾਲੀ ਦਲ ਦੁਆਰਾ ਇੱਕ ਸੈਮੀਨਾਰ ਕਰਵਾਇਆ ਜਾਵੇਗਾ।ਉਹਨਾਂ ਸਾਰੀਆਂ ਬੀਬੀਆਂ ਨੂੰ ਇਹਨਾਂ ਸਮਾਗਮਾਂ ਵਿਚ ਵਧ ਚੜ ਕੇ ਭਾਗ ਲੈਣ ਦੀ ਅਪੀਲ ਕੀਤੀ।

-PTCNews

Related Post