ਪਾਸਪੋਰਟ ਅਧਿਕਾਰੀਆਂ ਨੇ ਅੰਤਰ-ਧਰਮ ਵਿਆਹੇ ਜੋੜੇ ਨੂੰ ਅਜਿਹਾ ਕਹਿਣ ਤੋਂ ਬਾਅਦ ਮੰਗੀ ਮੁਆਫੀ

By  Shanker Badra June 21st 2018 08:04 PM

ਪਾਸਪੋਰਟ ਅਧਿਕਾਰੀਆਂ ਨੇ ਅੰਤਰ-ਧਰਮ ਵਿਆਹੇ ਜੋੜੇ ਨੂੰ ਅਜਿਹਾ ਕਹਿਣ ਤੋਂ ਬਾਅਦ ਮੰਗੀ ਮੁਆਫੀ:ਲਖਨਊ ਦੇ ਪਾਸਪੋਰਟ ਸੇਵਾ ਕੇਂਦਰ ਵੱਲੋਂ ਅੰਤਰ-ਧਰਮ ਵਿਆਹੇ ਜੋੜੇ ਨੂੰ ਧਰਮ ਬਦਲਣ ਸਬੰਧੀ ਕਹਿਣਾ ਮਹਿੰਗਾ ਪੈ ਗਿਆ ਹੈ।ਜਾਣਕਾਰੀ ਅਨੁਸਾਰ ਇਸ ਜੋੜੇ ਨੇ ਅੰਤਰ-ਧਰਮ ਵਿਆਹ ਕਰਵਾਇਆ ਸੀ।ਦਰਅਸਲ ਲਖਨਊ ਦੀ ਤਨਵੀ ਸੇਠ ਨੇ 19 ਜੂਨ ਨੂੰ ਆਪਣਾ ਪਾਸਪੋਰਟ ਬਣਵਾਉਣ ਲਈ ਫਾਰਮ ਭਰ ਕੇ ਜਮ੍ਹਾ ਕਰਵਾਇਆ।ਅਗਲੇ ਦਿਨ ਜਦੋਂ ਪਾਸਪੋਰਟ ਕੇਂਦਰ ‘ਚ ਉਨ੍ਹਾਂ ਨੂੰ ਇੰਟਰਵਿਊ ਲਈ ਬੁਲਾਇਆ ਗਿਆ ਤਾਂ ਤਨਵੀ ਨੂੰ ਕਿਹਾ ਗਿਆ ਕਿ ਤੁਸੀਂ ਮੁਸਲਿਮ ਨਾਲ ਵਿਆਹ ਕੀਤਾ ਹੈ ਤਾਂ ਤੁਹਾਡਾ ਨਾਂ ਤਨਵੀ ਸੇਠ ਕਿਵੇਂ ਹੋ ਸਕਦਾ ਹੈ ? ਉੱਥੋਂ ਦੇ ਅਧਿਕਾਰੀਆਂ ਨੇ ਤਨਵੀ ਨੂੰ ਆਪਣਾ ਨਾਂ ਬਦਲਾਉਣ ਲਈ ਕਿਹਾ। ਤਨਵੀ ਦੇ ਪਤੀ ਦਾ ਨਾਂ ਅਨਸ ਸਿਦੀਕੀ ਹੈ।ਅੱਜ ਤੋਂ 12 ਸਾਲ ਪਹਿਲਾਂ 2007 ‘ਚ ਉਨ੍ਹਾਂ ਆਪਸ ‘ਚ ਪ੍ਰੇਮ ਵਿਆਹ ਕੀਤਾ ਸੀ।ਅਨਸ ਦਾ ਪਾਸਪੋਰਟ ਰੀਨਿਊ ਹੋਣ ਵਾਲਾ ਸੀ।ਉਨ੍ਹਾਂ ਦੱਸਿਆ ਕਿ ਪਾਸਪੋਰਟ ਕੇਂਦਰ ਦੇ ਕਰਮਚਾਰੀ ਵਿਕਾਸ ਮਿਸ਼ਰਾ ਨੇ ਉਨ੍ਹਾਂ ਨੂੰ ਧਰਮ ਬਦਲਣ ਲਈ ਕਿਹਾ।ਇਥੋਂ ਤੱਕ ਕਿ ਹਿੰਦੂ ਬਣ ਕੇ ਆਪਣੀ ਪਤਨੀ ਨਾਲ ਸੱਤ ਫੇਰੇ ਲੈਣ ਲਈ ਵੀ ਕਿਹਾ।ਉਨ੍ਹਾਂ ਕਿਹਾ ਕਿ ਵਿਕਾਸ ਨੇ ਕਾਫੀ ਹੰਗਾਮਾ ਕੀਤਾ ਤੇ ਫਿਰ ਉਨ੍ਹਾਂ ਦੀ ਫਾਈਲ ਸਹਾਇਕ ਪਾਸਪੋਰਟ ਕੇਂਦਰ ਭੇਜ ਦਿੱਤੀ ਗਈ। ਅਨਸ ਤੇ ਤਨਵੀ ਦਾ ਕਹਿਣਾ ਹੈ ਕਿ ਪੂਰੇ ਪਾਸਪੋਰਟ ਕੇਂਦਰ ‘ਚ ਉਨ੍ਹਾਂ ਦੀ ਕਿਸੇ ਨੇ ਮਦਦ ਨਹੀਂ ਕੀਤੀ।ਬਾਅਦ ‘ਚ ਉਨ੍ਹਾਂ ਟਵੀਟ ਕਰਕੇ ਪੀ.ਐਮ ਨਰਿੰਦਰ ਮੋਦੀ ਤੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਸ ਗੱਲ ਦੀ ਸ਼ਿਕਾਇਤ ਭੇਜੀ।ਇਸ ਤੋਂ ਬਾਅਦ  ਕੇਂਦਰ ਨੇ ਤਨਵੀ ਨੂੰ ਪਾਸਪੋਰਟ ਦੇ ਦਿੱਤਾ ਹੈ।ਪਾਸਪੋਰਟ ਅਫਸਰ ਨੇ ਕਿਹਾ ਕਿ ਪਾਸਪੋਰਟ ਦਾ ਧਰਮ ਨਾਲ ਕੋਈ ਵਾਸਤਾ ਨਹੀਂ ਜੋ ਕੁਝ ਹੋਇਆ ਉਸ ਲਈ ਉਨ੍ਹਾਂ ਮਾਫੀ ਵੀ ਮੰਗੀ।ਦੱਸ ਦਈਏ ਕਿ ਪਾਸਪੋਰਟ ਕੇਂਦਰ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਵਿਕਾਸ ਮਿਸ਼ਰਾ ਦਾ ਤਬਾਦਲਾ ਕਰ ਦਿੱਤਾ ਗਿਆ ਹੈ। -PTCNews

Related Post