ਪੰਜਾਬ ਬੀਜ ਘੋਟਾਲੇ ਦਾ ਮੁੱਖ ਦੋਸ਼ੀ, ਕਰਨਾਲ ਐਗਰੀ ਸੀਡਜ਼ ਦਾ ਮਾਲਕ ਲੱਕੀ ਢਿੱਲੋਂ ਗ੍ਰਿਫ਼ਤਾਰ

By  Shanker Badra June 4th 2020 11:15 AM

ਪੰਜਾਬ ਬੀਜ ਘੋਟਾਲੇ ਦਾ ਮੁੱਖ ਦੋਸ਼ੀ, ਕਰਨਾਲ ਐਗਰੀ ਸੀਡਜ਼ ਦਾ ਮਾਲਕ ਲੱਕੀ ਢਿੱਲੋਂ ਗ੍ਰਿਫ਼ਤਾਰ:ਚੰਡੀਗੜ੍ਹ : ਝੋਨੇ ਦੇ ਬੀਜ ਘੁਟਾਲੇ `ਚ ਸ਼ਾਮਲ ਵਿਅਕਤੀਆਂ ਤੇ ਵੱਡੇ ਪੱਧਰ `ਤੇ ਕਾਰਵਾਈ ਕਰਦਿਆਂ ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹੁਣ ਤੱਕ ਇਸ ਮਾਮਲੇ ਨਾਲ ਸਬੰਧਤ ਤਿੰਨ ਵਿਅਕਤੀ ਪੁਲੀਸ ਦੀ ਹਿਰਾਸਤ ਵਿੱਚ ਹਨ। ਡੇਰਾ ਬਾਬਾ ਨਾਨਕ ਬਟਾਲਾ ਦੇ ਕਰਨਾਲ ਐਗਰੀ ਸੀਡਜ਼ ਦੇ ਮਾਲਕ ਲਖਵਿੰਦਰ ਸਿੰਘ ਉਰਫ ਲੱਕੀ ਢਿੱਲੋਂ ਨੂੰ ਡੀ.ਜੀ.ਪੀ ਦਿਨਕਰ ਗੁਪਤਾ ਦੁਆਰਾ ਗਠਿਤ ਰਾਜ ਪੱਧਰੀ ਵਿਸ਼ੇਸ਼ ਜਾਂਚ ਟੀਮ (ਐਸਆਈਟੀ) ਨੇ ਬੀਜ ਘੁਟਾਲੇ ਦੀ ਤਹਿ ਤੱਕ ਜਾਣ ਲਈ ਗ੍ਰਿਫ਼ਤਾਰ ਕੀਤਾ ਸੀ,ਜਿਸ ਵਿੱਚ ਝੋਨੇ ਦੀਆਂ ਨਵੀਆਂ ਕਿਸਮਾਂ ਦੇ ਗੈਰ ਪ੍ਰਮਾਣਿਤ ਬੀਜ ਜੋ ਪੀ.ਏ.ਯੂ. ਲੁਧਿਆਣਾ ਦੁਆਰਾ ਟੈਸਟ ਕੀਤੇ / ਉਗਾਏ ਜਾ ਰਹੇ ਹਨ, ਦੀ ਕਥਿਤ ਤੌਰ `ਤੇ ਵੇਚੇ ਜਾ ਰਹੇ ਸਨ।

ਗੁਪਤਾ ਨੇ ਖੁਲਾਸਾ ਕੀਤਾ ਕਿ ਲੱਕੀ ਢਿੱਲੋਂ ਨੇ ਕੁਝ ਕਿਸਾਨਾਂ ਤੋਂ ਅਣਅਧਿਕਾਰਤ ਤੌਰ ਤੇ ਪੀਆਰ -128 ਅਤੇ ਪੀਆਰ -129 ਬੀਜ ਕਿਸਮਾਂ ਖਰੀਦੀਆਂ ਸਨ.ਜਿਨ੍ਹਾਂ ਨੂੰ ਪੀਏਯੂ ਦੁਆਰਾ ਅਜ਼ਮਾਇਸ਼ ਦੇ ਅਧਾਰ ਤੇ ਬੀਜ ਦਿੱਤੇ ਗਏ ਸਨ। ਜਾਂਚ ਵਿੱਚ ਪਤਾ ਲੱਗਿਆ ਹੈ ਕਿ ਢਿੱਲੋਂ ਨੇ ਇਹ ਬੀਜ ਲੁਧਿਆਣਾ ਦੀ ਬਰਾੜ ਸੀਡਜ਼ ਕੰਪਨੀ ਨੂੰ ਸਪਲਾਈ ਕੀਤੇ ਸਨ ਜਿਸਦਾ ਮਾਲਕ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਇਸ ਘੁਟਾਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਪਹਿਲਾਂ ਵਿਅਕਤੀ ਸੀ।

ਇਸੇ ਦੌਰਾਨ ਬਰਾੜ ਅਤੇ ਦੂਸਰਾ ਦੋਸ਼ੀ ਬਲਜਿੰਦਰ ਸਿੰਘ ਉਰਫ ਬਾਲੀਆਂ, ਜਿਸ ਨੂੰ ਬੀਤੇ ਕੱਲ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਹੋਰ ਦੋ ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਡੀਜੀਪੀ ਨੇ ਕਿਹਾ ਕਿ ਐਸਆਈਟੀ ਨੇ ਅਦਾਲਤ ਤੋਂ ਰਿਮਾਂਡ ਦੀ ਮੰਗ ਕੀਤੀ ਹੈ, ਜਿਥੇ ਦੋਵਾਂ ਨੂੰ ਪੇਸ਼ ਕੀਤਾ ਗਿਆ ਸੀ, ਤਾਂ ਜੋ ਇਸ ਕੇਸ ਦੀ ਹੋਰ ਜਾਂਚ ਕੀਤੀ ਜਾ ਸਕੇ ਅਤੇ ਘੁਟਾਲੇ ਵਿੱਚ ਸ਼ਾਮਲ ਹੋਰ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਬਲਜਿੰਦਰ ਸਿੰਘ ਪੀਏਯੂ ਦੁਆਰਾ ਬਣਾਈ ਗਈ ਫਾਰਮਰਜ਼ ਐਸੋਸੀਏਸ਼ਨ ਦਾ ਮੈਂਬਰ ਵੀ ਹੈ ਜੋ ਕਿਸਾਨਾਂ ਨੂੰ ਨਵੇਂ ਬੀਜਾਂ ਅਤੇ ਤਕਨੀਕਾਂ ਬਾਰੇ ਜਾਣਕਾਰੀ ਦਿੰਦੀ ਹੈ। ਪੀਏਯੂ ਨੇ ਉਸਨੂੰ ਅਜਮਾਇਸ਼ ਦੇ ਅਧਾਰ 'ਤੇ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਪਿਛਲੇ ਸਾਲ ਝੋਨੇ ਦੇ ਬੀਜ ਦਾ ਨਵਾਂ ਵਿਕਸਤ ਪੀਆਰ 128 ਅਤੇ ਪੀਆਰ 129 ਬਿਜਾਈ ਲਈ ਦਿੱਤਾ ਸੀ। ਪਰ ਉਸਨੇ ਬੀਜੀ ਫਸਲਾਂ ਦਾ ਵਾਧੂ ਉਤਪਾਦਨ ਬੀਜ ਤਿਆਰ ਕਰਨ ਲਈ ਇਸਤੇਮਾਲ ਕੀਤਾ ਅਤੇ ਉਸ ਬੀਜ ਨੂੰ ਬਿਨਾਂ ਕਿਸੇ ਅਧਿਕਾਰ ਤੋਂ ਅੱਗੇ ਵੇਚ ਦਿੱਤਾ।

ਝੋਨੇ ਦਾ ਇਹ ਪਰਖ ਅਧੀਨ ਬੀਜ ਪੀਏਯੂ ਦੁਆਰਾ ਵਿਕਸਤ ਕੀਤਾ ਗਿਆ ਹੈ ਅਤੇ ਸੀਮਤ ਮਾਤਰਾ ਵਿੱਚ ਸਿੱਧੇ ਤੌਰ 'ਤੇ ਕਿਸਾਨਾਂ ਨੂੰ ਵੇਚਿਆ ਗਿਆ ਸੀ। ਪਰ ਅਜੇ ਤੱਕ ਕਿਸੇ ਵੀ ਡੀਲਰ ਨੂੰ ਪੀਏਯੂ ਦੇ ਸਪੱਸ਼ਟ ਅਧਿਕਾਰ ਤੋਂ ਬਿਨਾਂ ਵਪਾਰਕ ਪੱਧਰ 'ਤੇ ਇਨਾਂ ਬੀਜਾਂ ਨੂੰ ਵੇਚਣ ਦਾ ਅਧਿਕਾਰ ਨਹੀਂ ਦਿੱਤਾ ਸੀ।

-PTCNews

Related Post