#COVID19: ਲੁਧਿਆਣਾ 'ਚ ਪੀੜਤ ਔਰਤ ਦੀ ਮੌਤ ਤੋਂ ਬਾਅਦ ਗੁਆਂਢਣ ਨੂੰ ਵੀ ਹੋਇਆ ਕੋਰੋਨਾ ਵਾਇਰਸ,ਪੰਜਾਬ ’ਚ ਕੁੱਲ 42 ਮਰੀਜ਼

By  Shanker Badra April 1st 2020 11:07 AM

#COVID19: ਲੁਧਿਆਣਾ 'ਚ ਪੀੜਤ ਔਰਤ ਦੀ ਮੌਤ ਤੋਂ ਬਾਅਦ ਗੁਆਂਢਣ ਨੂੰ ਵੀ ਹੋਇਆ ਕੋਰੋਨਾ ਵਾਇਰਸ,ਪੰਜਾਬ ’ਚ ਕੁੱਲ 42 ਮਰੀਜ਼:ਲੁਧਿਆਣਾ :ਕੋਰੋਨਾ ਵਾਇਰਸ ਦੀ ਦਹਿਸ਼ਤ ਨੇ ਸਮੁੱਚੀ ਦੁਨੀਆਂ ਵਿਚ ਡਰ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਕੋਰੋਨਾ ਵਾਇਰਸ ਨੇ ਇਸ ਵੇਲੇ ਪੂਰੀ ਦੁਨੀਆ ਦੇ ਵਿੱਚ ਡਾਕਟਰਾਂ ਦੇ ਹੱਥ ਖੜੇ ਕਰਵਾ ਦਿੱਤੇ ਹਨ। ਇਸ ਸਮੇਂ ਦੁਨੀਆ ਦੇ ਹਰ ਕੋਨੇ ਵਿਚੋਂ ਕੋਰੋਨਾ ਵਾਇਰਸ ਦੇ ਕਹਿਰ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਚੰਡੀਗੜ੍ਹ ’ਚ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 13 ਹੋ ਗਈ ਹੈ।

ਇਸ ਦੌਰਾਨ ਲੁਧਿਆਣਾ ’ਚ ਇੱਕ ਹੋਰ ਕੋਰੋਨਾ ਪਾਜ਼ਿਟਿਵ ਮਰੀਜ਼ ਮਿਲਿਆ ਹੈ। ਇਹ ਮਰੀਜ਼ ਵੀ ਔਰਤ ਹੈ। ਇਹ 72 ਸਾਲਾ ਪੀੜਤ ਔਰਤ ਉਸ ਔਰਤ ਦੀ ਗੁਆਂਢਣ ਹੈ, ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਹੀ ਮੌਤ ਹੋ ਗਈ ਸੀ। ਇਹ ਕੇਸ ਮੁਹੱਲਾ ਅਮਰਪੁਰਾ ’ਚੋਂ ਮਿਲ ਰਹੇ ਹਨ। ਇਸ ਔਰਤ ਦੀ ਧੀ ਦਾ ਵੀ ਟੈਸਟ ਕੀਤਾ ਗਿਆ ਹੈ ਪਰ ਉਹ ਬਿਲਕੁਲ ਠੀਕ ਹੈ ਤੇ ਉਸ ਦਾ ਟੈਸਟ ਨੈਗੇਟਿਵ ਆਇਆ ਹੈ। ਮ੍ਰਿਤਕ ਪੂਜਾ ਨਾਲ ਸਬੰਧਿਤ 13 ਲੋਕਾਂ ਦੇ ਸੈਂਪਲ ਲਏ ਗਏ ਹਨ ,ਜੋ ਅਜੇ ਪੈਂਡਿੰਗ ਹਨ।

ਪੁਲਿਸ ਅਨੁਸਾਰ ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮ੍ਰਿਤਕ ਪੂਜਾ ਅਮਰਪੁਰਾ ਵਿਚ ਕਿਰਾਏ ਦੇ ਕਮਰੇ ਵਿਚ ਰਹਿ ਰਹੀ ਸੀ। ਉਹ ਲਗਭਗ 5 ਮਹੀਨੇ ਪਹਿਲਾਂ ਸਬਜ਼ੀ ਮੰਡੀ ਵਿਚ ਕੰਮ ਕਰਦੀ ਸੀ ਪਰ ਬਾਅਦ ਵਿੱਚ ਲੋਕਾਂ ਦੇ ਘਰਾਂ ਵਿਚ ਖਾਣਾ ਬਣਾਉਣ ਦਾ ਕੰਮ ਕਰਨ ਲੱਗ ਗਈ ਸੀ, ਜਿਸ ਘਰ ਵਿਚ ਉਹ ਕਿਰਾਏ 'ਤੇ ਰਹਿ ਰਹੀ ਸੀ, ਉਥੇ ਉਸਦਾ ਸਿਰਫ ਇਕ ਕਮਰਾ ਸੀ। ਪੁਲਿਸ ਅਨੁਸਾਰ ਪੂਜਾ ਦੇ ਪਤੀ ਦੀ 12 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ। ਉਸਦਾ ਇਕ 20 ਸਾਲ ਦਾ ਅਤੇ ਦੂਜਾ 15 ਸਾਲ ਦਾ ਬੇਟਾ ਹੈ, ਜਦਕਿ 18 ਸਾਲ ਦੀ ਬੇਟੀ ਡਾਬਾ ਵਿਚ ਮਾਸੀ ਦੇ ਘਰ ਰਹਿੰਦੀ ਹੈ।

ਦੱਸ ਦਈਏ ਕਿ ਇਸ ਵਾਇਰਸ ਦੇ ਕਾਰਨ ਹੁਣ ਤੱਕ ਪੰਜਾਬ 'ਚ 42 ਕੇਸ ਪਾਜ਼ੀਟਿਵ ਪਾਏ ਹਨ। ਇਨ੍ਹਾਂ 'ਚ ਨਵਾਂਸ਼ਹਿਰ -19, ਮੋਹਾਲੀ -7, ਹੁਸ਼ਿਆਰਪੁਰ -6, ਜਲੰਧਰ - 5,ਅੰਮ੍ਰਿਤਸਰ -1 ,ਲੁਧਿਆਣਾ -3 ਅਤੇ ਪਟਿਆਲਾ -1 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ ਹੁਸ਼ਿਆਰਪੁਰ ਦਾ ਇੱਕ ਮਰੀਜ਼ ਠੀਕ ਹੋ ਗਿਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਪੰਜਾਬ 'ਚ 4 ਮੌਤਾਂ ਹੋ ਚੁੱਕੀਆਂ ਹਨ।

-PTCNews

Related Post