ਮਨਜਿੰਦਰ ਸਿੰਘ ਸਿਰਸਾ ਨੇ ਆਨੰਦ ਮੈਰਿਜ ਐਕਟ ਤਹਿਤ ਵਿਆਹ ਦੀ ਰਜਿਸਟਰੇਸ਼ਨ ਕਰਵਾ ਕੇ ਦੂਜਿਆਂ ਲਈ ਪੇਸ਼ ਕੀਤੀ ਉਦਾਹਰਣ

By  Joshi April 9th 2018 08:04 PM

ਮਨਜਿੰਦਰ ਸਿੰਘ ਸਿਰਸਾ ਨੇ ਆਨੰਦ ਮੈਰਿਜ ਐਕਟ ਤਹਿਤ ਵਿਆਹ ਦੀ ਰਜਿਸਟਰੇਸ਼ਨ ਕਰਵਾ ਕੇ ਦੂਜਿਆਂ ਲਈ ਪੇਸ਼ ਕੀਤੀ ਉਦਾਹਰਣ ਨਵੀਂ ਦਿੱਲੀ: ਦਿੱਲੀ ਦੇ ਵਿਧਾਇਕ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀ ਐਸ ਜੀ ਐਮ ਸੀ) ਦੇ ਜਨਰਲ ਸਕੱਤਰ ਸ੍ਰੀ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਰਾਸ਼ਟਰੀ ਰਾਜਧਾਨੀ ਵਿਚ ਆਪਣੇ ਵਿਆਹ ਦੀ ਰਜਿਸ਼ਟਰੇਸ਼ਨ ਆਨੰਦ ਮੈਰਿਜ ਐਕਟ ਤਹਿਤ ਕਰਵਾ ਕੇ ਦੂਜਿਆਂ ਲਈ ਉਦਾਹਰਣ ਪੇਸ਼ ਕੀਤੀ। ਇਸ ਗੱਲ 'ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਨੇ ਆਨੰਦ ਮੈਰਿਜ ਐਕਟ ਤਹਿਤ ਵਿਆਹ ਦੀ ਰਜਿਸਟਰੇਸ਼ਨ ਕਰਾਉਣ ਦਾ ਫੈਸਲਾ ਇਸ ਲਈ ਲਿਆ ਤਾਂ ਕਿ ਉਹ ਸਿੱਖ ਭਾਈਚਾਰੇ ਦੇ ਮੈਂਬਰਾਂ ਖਾਸ ਤੌਰ 'ਤੇ ਨੌਜਵਾਨ ਜੋੜਿਆਂ ਵਾਸਤੇ ਖੁਦ ਉਦਾਹਰਣ ਬਣ ਕੇ ਕੰਮ ਕਰ ਸਕਣ ਤਾਂ ਕਿ ਉਹ ਐਕਟ ਤਹਿਤ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾਉਣ। ਉਹਨਾਂ ਕਿਹਾ ਕਿ ਸਿਰਫ ਨੌਜਵਾਨ ਜਾਂ ਨਵੇਂ ਵਿਆਹੇ ਹੀ ਨਹੀਂ ਬਲਕਿ ਸਾਰੇ ਵਿਆਹੇ ਸਿੱਖ ਜੋੜੇ ਇਸ ਐਕਟ ਦੇ ਤਹਿਤ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾ ਸਕਣੇ ਹਨ। ਸ੍ਰੀ ਸਿਰਸਾ ਨੇ ਕਿਹਾ ਕਿ ਉਹਨਾਂ ਵੱਲੋਂ ਆਨੰਦ ਮੈਰਿਜ ਐਕਟ ਤਹਿਤ ਵਿਆਹ ਦੀ ਰਜਿਸਟਰੇਸ਼ਨ ਕਰਵਾਉਣਾ ਭਾਰਤੀ ਸੰਵਿਧਾਨ ਦੀ ਧਾਰਾ 25 (ਬੀ) ਵਿਚ ਸੋਧ ਕਰਵਾਉਣ ਦੇ ਮਿਸ਼ਨ ਦੀ ਪ੍ਰਾਪਤੀ ਵੱਲ ਇਕ ਕਦਮ ਹੈ ਤਾਂ ਕਿ ਸਿੱਖਾਂ ਨੂੰ ਦੇਸ਼ ਵਿਚ ਵੱਖਰੀ ਪਛਾਣ ਮਿਲ ਸਕੇ। ਉਹਨਾਂ ਕਿਹਾ ਕਿ ਸਿੱਖ ਭਾਈਚਾਰੇ ਨੂੰ ਵੱਖਰੀ ਧਾਰਮਿਕ ਪਛਾਣ ਪ੍ਰਾਪਤ ਕਰਨ ਦਾ ਕਾਨੂੰਨੀ ਤੇ ਕੁਦਰਤੀ ਅਧਿਕਾਰ ਹੈ ਅਤੇ ਕੇਂਦਰ ਸਰਕਾਰ ਨੂੰ ਸਿੱਖਾਂ ਨੂੰ ਨਿਆਂ ਦੇਣ ਵਾਸਤੇ ਧਾਰਾ 25 (ਬੀ) ਵਿਚ ਸੋਧ ਕਰਨ ਦੀ ਪਹਿਲਕਦਮੀ ਕਰਨੀ ਚਾਹੀਦੀ ਹੈ। ਉਹਨਾਂ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੂੰ ਅਪੀਲ ਕੀਤੀ ਕਿ ਉਹ ਆਨੰਦ ਮੈਰਿਜ ਐਕਟ ਜੋ ਕਿ ਹੁਣ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ, ਝਾਰਖੰਡ ਤੇ ਮੇਘਾਲਿਆ ਸਮੇਤ ਬਹੁ ਗਿਣਤੀ ਰਾਜਾਂ ਵਿਚ ਲਾਗੂ ਹੈ, ਦੇ ਤਹਿਤ ਆਪਣੇ ਵਿਆਹਾਂ ਦੀ ਰਜਿਸਟਰੇਸ਼ਨ ਕਰਵਾਉਣ ਤੇ ਇਸਦਾ ਲਾਭ ਹਾਸਲ ਕਰਨ। ਸ੍ਰੀ ਸਿਰਸਾ ਨੇ ਕਿਹਾ ਕਿ ਇਹ ਐਕਟ ਸਿੱਖ ਭਾਈਚਾਰੇ ਦੀਆਂ ਮੁਸ਼ਕਿਲਾਂ ਹੱਲ ਕਰਨ ਵਿਚ ਅਹਿਮ ਭੂਮਿਕਾ ਅਦਾ ਕਰੇਗਾ ਕਿਉਂਕਿ ਹੁਣ ਸਿੱਖਾਂ ਨੂੰ ਹਿੰਦੂ ਮੈਰਿਜ ਐਕਟ ਤਹਿਤ ਵਿਆਹਾਂ ਦੀ ਰਜਿਸਟਰੇਸ਼ਨ ਕਰਵਾਉਣ ਦੀ ਜ਼ਰੂਰਤ ਨਹੀਂ ਰਹਿ ਗਈ। ਉਹਨਾਂ ਕਿਹਾ ਕਿ ਵੱਖ ਵੱਖ ਮੁਲਕਾਂ ਵਿਚ ਰਹਿੰਦੇ ਸਿੱਖਾਂ ਨੂੰ ਹੁਣ ਤੰਗ ਪ੍ਰੇਸ਼ਾਨ ਨਹੀਂ ਹੋਣਾ ਪਵੇਗਾ। —PTC News

Related Post