ਮਨਜਿੰਦਰ ਸਿਰਸਾ ਨੇ ਪਾਕਿਸਤਾਨ 'ਚ ਸਿੱਖਾਂ 'ਤੇ ਹੁੰਦੇ ਤਸ਼ੱਦਦ ਦਾ ਮਾਮਲਾ ਸੁਸ਼ਮਾ ਸਵਰਾਜ ਕੋਲ ਉਠਾਇਆ

By  Shanker Badra October 30th 2018 08:06 PM

ਮਨਜਿੰਦਰ ਸਿਰਸਾ ਨੇ ਪਾਕਿਸਤਾਨ 'ਚ ਸਿੱਖਾਂ 'ਤੇ ਹੁੰਦੇ ਤਸ਼ੱਦਦ ਦਾ ਮਾਮਲਾ ਸੁਸ਼ਮਾ ਸਵਰਾਜ ਕੋਲ ਉਠਾਇਆ:ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਐਮਸੀ) ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ ਵਿਚ ਸਿੱਖਾਂ 'ਤੇ ਹੁੰਦੇ ਅਤਿਆਚਾਰ ਦਾ ਮਾਮਲਾ ਤੁਰੰਤ ਪਾਕਿਸਤਾਨ ਸਰਕਾਰ ਕੋਲ ਉਠਾਉਣ ਕਿਉਂਕਿ ਉਥੇ ਇਕ ਸਿੱਖ ਆਗੂ 'ਤੇ ਹਮਲੇ ਅਤੇ ਇੱਕ ਸਿੱਖ ਮਹਿਲਾ ਨਾਲ ਬਲਾਤਕਾਰ ਦੇ ਨਵੇਂ ਕੇਸ ਸਾਹਮਣੇ ਆਏ ਹਨ।ਵਿਦੇਸ਼ ਮੰਤਰੀ ਨੂੰ ਲਿਖੇ ਇਕ ਪੱਤਰ ਵਿਚ ਸਿਰਸਾ ਨੇ ਕਿਹਾ ਕਿ ਪਾਕਿਸਤਾਨ ਸਿੱਖ ਕਮੇਟੀ ਦੇ ਚੇਅਰਮੈਨ ਅਤੇ ਮਨੁੱਖੀ ਅਧਿਕਾਰ ਕਾਰਕੁੰਨ ਰਾਦੇਸ਼ ਸਿੰਘ ਟੋਨੀ ਨੂੰ ਪੇਸ਼ਾਵਰ ਵਿਚ ਲਗਾਤਾਰ ਤਿੰਨ ਵਾਰ ਹਮਲਾ ਹੋਣ ਮਗਰੋਂ ਆਪਣੀ ਜਾਨ ਬਚਾਉਣ ਲਈ ਖਹਿਬਰ ਪਸ਼ਤੂਨਖਵਾ ਛੱਡ ਕੇ ਪੰਜਾਬ ਆਉਣ ਆਉਣ ਲਈ ਮਜਬੂਰ ਹੋਣਾ ਪਿਆ ਹੈ।ਉਹਨਾਂ ਕਿਹਾ ਕਿ ਇਹ ਹਮਲੇ ਪਿਛਲੇ ਚਾਰ ਮਹੀਨਿਆਂ ਦੌਰਾਨ ਹੋਏ ਹਨ ਜਦਕਿ ਇਸ ਤੋਂ ਪਹਿਲਾਂ ਪੇਸ਼ਾਵਰ ਵਿਚ ਸਕੀਮ ਚੌਕ ਵਿਖੇ ਇਕ ਗਰੋਸਰੀ ਸਟੋਰ ਵਿਚ ਚਰਨਜੀਤ ਸਿੰਘ ਨਾਮ ਦੇ ਇਕ ਹੋਰ ਸਿੱਖ ਆਗੂ ਦੀ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ।

ਸਿਰਸਾ ਨੇ ਦੱਸਿਆ ਕਿ ਰਾਦੇਸ਼ ਸਿੰਘ ਮਨੁੱਖੀ ਅਧਿਕਾਰਾਂ ਦੇ ਪ੍ਰੋਗਰਾਮਾਂ ਅਤੇ ਸਿਵਲ ਸੁਸਾਇਟੀ ਸੰਗਠਨਾਂ ਦੇ ਪ੍ਰੋਗਰਾਮਾਂ ਵਿਚ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਹਨ।ਉਹ ਘੱਟ ਗਿਣਤੀ ਜਨਰਲ ਕੌਂਸਲਰ ਦੀ ਸੀਟ ਤੋਂ ਚੋਣ ਜਿੱਤ ਗਏ ਸਨ ਪਰ ਅਸੈਂਬਲੀ ਸੀਟ 'ਤੇ ਚੋਣ ਲੜਨ ਕਾਰਨ ਅਸਤੀਫਾ ਦੇਣਾ ਪਿਆ ਸੀ ਅਤੇ ਉਹ ਪੀ ਕੇ 75 ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਜਨਰਲ ਇਲੈਕਸ਼ਨ ਵਿਚ ਚੋਣ ਲੜਨ ਵਾਲੇ ਘੱਟ ਗਿਣਤੀ ਭਾਈਚਾਰੇ ਦੇ ਇਕਲੌਤੇ ਉਮੀਦਵਾਰ ਹਨ।ਚਾਰ ਵਾਰ ਲਗਾਤਾਰ ਹਮਲਿਆਂ ਦਾ ਸ਼ਿਕਾਰ ਹੋਣ ਕਾਰਨ ਉਹਨਾਂ ਨੂੰ ਆਪਣਾ ਜੱਦੀ ਸ਼ਹਿਰ ਛੱਡਣਾ ਪਿਆ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਨੇ ਵਿਦੇਸ਼ ਮੰਤਰੀ ਨੂੰ ਇਹ ਵੀ ਦੱਸਿਆ ਕਿ ਇਕ ਹੋਰ ਕੇਸ ਨਨਕਾਣਾ ਸਾਹਿਬ ਤੋਂ ਹੈ ਜਿਥੇ ਇਕ ਨਾਬਾਲਗ 15 ਸਾਲ ਦੀ ਲੜਕੀ ਨਾਲ ਦੋ ਵਿਅਕਤੀਆਂ ਨੇ ਬਲਾਤਕਾਰ ਕੀਤਾ। ਇਹ ਲੜਕੀ ਮਾਨਸਿਕ ਤੌਰ 'ਤੇ ਠੀਕ ਨਹੀਂ ਅਤੇ ਇਹ ਨਨਕਾਣਾ ਸਾਹਿਬ ਦੇ ਇਕ ਗੁਰਦੁਆਰਾ ਸਾਹਿਬ ਤੋਂ ਲਾਪਤਾ ਹੋ ਗਈ ਸੀ।ਉਹਨਾਂ ਕਿਹਾ ਕਿ ਸਭ ਤੋਂ ਦੁੱਖ ਭਰੀ ਗੱਲ ਇਹ ਹੈ ਕਿ ਲੜਕੀ ਦੇ ਪਿਤਾ ਨੂੰ ਇਹ ਲੜਕੀ ਇਕ ਐਂਬੂਲੈਂਸ ਦੇ ਅੰਦਰ ਮਿਲੀ ਜਿਥੇ ਦੋ ਵਿਅਕਤੀ ਇਸ ਨਾਲ ਜ਼ਬਰਦਸਤੀ ਕਰ ਰਹੇ ਸਨ ਅਤੇ ਉਹ ਮੌਕੇ ਤੋਂ ਫਰਾਰ ਹੋ ਗਏ।ਉਹਨਾਂ ਦੱਸਿਆ ਕਿ ਲੜਕੀ ਨੂੰ ਉਹ ਦੋ ਕਿਲੋਮੀਟਰ ਦੂਰ ਸੁੱਟ ਗਏ ਤੇ ਹੁਣ ਲੜਕੀ ਜ਼ੇਰੇ ਇਲਾਜ ਹੈ ਜਿਥੇ ਉਸਦੀ ਹਾਲਤ ਚਿੰਤਾਜਨਕ ਹੈ।

ਸਿਰਸਾ ਨੇ ਸੁਸ਼ਮਾ ਸਵਰਾਜ ਨੂੰ ਅਪੀਲ ਕੀਤੀ ਕਿ ਉਹ ਤਰਜੀਹੀ ਆਧਾਰ 'ਤੇ ਤੁਰੰਤ ਪਾਕਿਸਤਾਨ ਸਰਕਾਰ ਕੋਲ ਇਹ ਮਸਲੇ ਉਠਾਉਣ ਅਤੇ ਇਹਨਾਂ ਦੋਹਾਂ ਕੇਸਾਂ ਵਿਚ ਦੋਸ਼ੀਆਂ ਨੂੰ ਸਜ਼ਾ ਦੇਣ ਲਈ ਸਰਕਾਰ 'ਤੇ ਦਬਾਅ ਬਣਾਉਣ।ਉਹਨਾਂ ਕਿਹਾ ਕਿ ਜੇਕਰ ਪਾਕਿਸਤਾਨ ਸਰਕਾਰ ਅਜਿਹਾ ਕਰਨ ਵਿਚ ਨਾਕਾਮ ਰਹੀ ਤਾਂ ਫਿਰ ਡੀਐਸਜੀਐਮਸੀ ਇਹ ਮਾਮਲਾ ਸੰਯੁਕਤ ਰਾਸ਼ਟਰ ਅਤੇ ਹੋਰ ਸਬੰਧਤ ਕੌਮਾਂਤਰੀ ਫੋਰਮਾਂ 'ਤੇ ਉਠਾਏਗੀ ਤਾਂ ਜੋ ਕਿ ਪਾਕਿਸਤਾਨ ਵਿਚ ਰਹਿੰਦੇ ਸਿੱਖਾਂ ਨੂੰ ਨਿਆਂ ਮਿਲ ਸਕੇ।

-PTCNews

Related Post