MLA ਜੀਰਾ ਦੇ ਰੇਤਾ ਨਾਲ ਭਰੇ ਟਿਪਰਾਂ ਨੂੰ ਪਿੰਡ ਘੁਮਿਆਰਾ ਦੀ ਪੰਚਾਇਤ ਨੇ ਘੇਰਿਆ

By  Riya Bawa December 4th 2021 04:08 PM

ਫ਼ਰੀਦਕੋਟ: ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਘੁਮਿਆਰਾ ਦੀ ਪੰਚਾਇਤ ਵੱਲੋਂ ਅੱਜ ਵਿਧਾਨ ਸਭਾ ਹਲਕਾ ਜੀਰਾ ਦੇ ਵਿਧਾਇਕ ਦੇ ਨਜ਼ਦੀਕੀ ਦੇ ਰੇਤਾ ਨਾਲ ਭਰੇ ਟੱਪਰ ਟਰਾਲੇ ਰੋਕ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪਿੰਡ ਘੁਮਿਆਰਾ ਦੇ ਸਰਪੰਚ ਜਸਪ੍ਰੀਤ ਸਿੰਘ ਜੱਸਾ ਨੇ ਦੱਸਿਆ ਕਿ ਬੀਤੇ 28 ਨਵੰਬਰ ਨੂੰ ਉਹਨਾਂ ਦੇ ਪਿੰਡ ਦਾ ਇਕ ਵਿਅਕਤੀ ਆਪਣੇ ਟਰੈਕਟਰ ਟਰਾਲੇ ਰਾਹੀਂ ਰੇਤ ਭਰ ਕੇ ਆ ਰਿਹਾ ਸੀ ਜਿਸ ਦੇ ਟਰਾਲੇ ਦੇ ਪਿੱਛੇ ਇਕ ਕਾਰ ਟਕਰਾ ਗਈ ਸੀ ਜਿਸ ਦੇ ਰੋਸ ਵਜੋਂ ਉਥੋਂ ਲਾਗਲੇ ਪਿੰਡ ਦੇ ਲੋਕਾਂ ਨੇ ਟਰੈਕਟਰ ਟਰਾਲੇ ਦੀ ਡਰਾਈਵਰ ਦੀ ਕਈ ਘੰਟੇ ਬੁਰੀ ਤਰਾਂ ਕੁੱਟਮਾਰ ਕੀਤੀ ਜਿਸ ਨੂੰ ਮੌਕੇ ਤੇ ਪਹੁੰਚ ਪਿੰਡ ਦੀ ਪੰਚਾਇਤ ਨੇ ਮਸਾਂ ਛੁਡਵਾਇਆ।

ਉਹਨਾਂ ਦੱਸਿਆ ਕਿ ਇਸ ਸਬੰਧੀ ਹਾਦਸਾ ਗ੍ਰਸਤ ਕਾਰ ਚਾਲਕਾਂ ਨੇ ਕੋਈ ਵੀ ਕਾਰਵਾਈ ਨਹੀਂ ਕਰ ਪਰ ਫਿਰ ਵੀ ਅੱਜ ਤੱਕ ਉਹਨਾਂ ਦਾ ਟਰੈਕਟਰ ਟਰਾਲਾ ਪਿੰਡ ਵਾਸੀਆਂ ਵੱਲੋਂ ਰੋਕ ਰੱਖਿਆ ਹੋਇਆ ਹੈ ਜਿਸ ਨੂੰ ਛੁਡਵਾਉਣ ਲਈ ਉਹਨਾਂ ਵੱਲੋਂ ਇਲਾਕੇ ਦੇ SHO ਅਤੇ ਹਲਕੇ ਦੇ MLA ਪਾਸ ਕਈ ਚੱਕਰ ਲਗਾਏ ਗਏ ਪਰ ਹਲਕਾ ਵਿਧਾਇਕ ਦੀ ਕਥਿਤ ਸ਼ਹਿ ਤੇ ਉਹਨਾਂ ਦਾ ਟਰੈਕਟਰ ਟਰਾਲਾ ਬਿਨਾਂ ਕਿਸੇ ਕਾਨੂੰਨੀ ਕਾਰਵਾਈ ਦੇ ਰੋਕ ਰੱਖਿਆ।

ਉਹਨਾਂ ਕਿਹਾ ਕਿ ਅਸੀਂ ਇਹ ਵਾਰਨਿੰਗ ਵੀ ਦਿੱਤੀ ਸੀ ਕਿ ਜੇਕਰ ਸਾਡਾ ਟਰੈਕਟਰ ਟਰਾਲਾ ਨਾ ਛੱਡਿਆ ਤਾਂ ਅਸੀਂ ਹਲਕਾ ਜੀਰਾ ਦਾ ਇਕ ਵੀ ਟਰੈਕਟਰ ਜਾਂ ਟਿੱਪਰ ਆਪਣੇ ਇਲਾਕੇ ਵਿਚੋਂ ਲੰਘਨ ਨਹੀਂ ਦੇਵਾਂਗੇ। ਇਸੇ ਲਈ ਅੱਜ ਅਸੀਂ ਜੋ ਟਿੱਪਰ ਘੇਰੇ ਹਨ ਉਹਨਾਂ ਵਿਚ ਕੁਝ ਟਿੱਪਰ MLA ਜੀਰਾ ਦੇ ਵੀ ਦੱਸੇ ਜਾ ਰਹੇ ਹਨ। ਉਹਨਾਂ ਕਿਹਾ ਕਿ ਜਿੰਨਾ ਚਿਰ ਉਹਨਾਂ ਦਾ ਟਰੈਕਟਰ ਨਹੀਂ ਦਿੱਤਾ ਜਾਂਦਾ ਉੰਨਾ ਚਿਰ ਅਸੀਂ ਹਲਕਾ ਜੀਰਾ ਦਾ ਇਕ ਵੀ ਟਿੱਪਰ ਜਾਂ ਟਰੈਕਟਰ ਟਰਾਲਾ ਰੇਤਾ ਵਾਲਾ ਤੁਰਨ ਨਹੀਂ ਦੇਵਾਂਗੇ।

ਇਸ ਪੂਰੇ ਮਾਮਲੇ ਸਬੰਧੀ ਜਦ ਥਾਣਾ ਸਦਰ ਫਰੀਦਕੋਟ ਦੇ ਮੁੱਖ ਅਫਸਰ ਗੁਰਮੇਲ ਸਿੰਘ ਨਾਲ ਫੋਨ ਤੇ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਅਜਿਹਾ ਕੋਈ ਵੀ ਮਾਮਲਾ ਉਹਨਾਂ ਦੇ ਧਿਆਨ ਵਿਚ ਨਹੀਂ ਸੀ ਅਤੇ ਨਾ ਹੀ ਕੋਈ ਦਰਖ਼ਾਸਤ ਵਗੈਰਾ ਉਹਨਾਂ ਨੂੰ ਕਿਸੇ ਨੇ ਦਿੱਤੀ ਹੈ ਪਰ ਫਿਰ ਵੀ ਤੁਹਾਡੇ ਤੋਂ ਪਤਾ ਚਲਿਆ ਮੈਂ ਚੈੱਕ ਕਰਵਾਉਂਦਾ ਹਾਂ ਜੇਕਰ ਲੋੜ ਪਈ ਤਾਂ ਮੈਂ ਖੁਦ ਜਾਵਾਂਗਾ।

-PTC News

Related Post