ਅਧਿਆਤਮਕ ਅਤੇ ਪਰਉਪਕਾਰੀ ਵਿੱਦਿਆ ਹਾਸਿਲ ਕਰਨੀ ਲਾਜ਼ਮੀ: ਡਾ. ਦਵਿੰਦਰ ਸਿੰਘ

By  Pardeep Singh October 2nd 2022 09:19 PM

ਪਟਿਆਲਾ: ਇੰਟਰਨੈਸ਼ਨਲ ਸਿੱਖ ਫੌਰਮ ਵੱਲੋਂ ਇਕਬਾਲ ਇਨ ਹੋਟਲ ਵਿਖੇ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਸਿੱਖ ਕੌਮ ਦੀਆਂ ਮਹਾਨ ਸਖਸ਼ੀਅਤਾਂ, ਪੱਤਰਕਾਰ ਭਾਈਚਾਰਾ ਸਮੇਤ ਲੇਖਕਾਂ ਅਤੇ ਬੁੱਧੀਜੀਵੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਸੰਬੋਧਨ ਕਰਦਿਆਂ ਬੜੂ ਸਾਹਿਬ ਸੰਸਥਾ ਦੇ ਡਾਇਰੈਕਟਰ ਡਾ. ਦਵਿੰਦਰ ਸਿੰਘ ਨੇ ਕਿਹਾ ਹੈ ਕਿ ਅਸੀਂ ਵੱਡੀਆਂ-ਵੱਡੀਆਂ ਡਿਗਰੀਆਂ ਲੈ ਕੇ ਆਪਣੇ-ਆਪ ਵਿਚ ਵਿਦਵਾਨ ਬਣ ਜਾਂਦੇ ਹਾਂ ਪਰ ਜਿੰਨੀ ਦੇਰ ਅਸੀਂ ਦੁਨਿਆਵੀਂ ਵਿੱਦਿਆ ਦੇ ਨਾਲ-ਨਾਲ ਅਧਿਆਤਮਕ ਅਤੇ ਪਰਉਪਕਾਰੀ ਵਿੱਦਿਆ ਹਾਸਿਲ ਨਹੀਂ ਕਰਦੇ ਉਨ੍ਹੀ ਦੇਰ ਸਾਡੀਆਂ ਇਹ ਡਿਗਰੀਆਂ ਦਾ ਕੋਈ ਮੁੱਲ ਨਹੀਂ ਹੈ।

 ਉਨ੍ਹਾਂ ਨੇ ਦੱਸਿਆ ਕਿ ਸੰਤ ਅਤਰ ਸਿੰਘ ਨੇ ਕੋਈ ਵਿੱਦਿਆ ਨਹੀਂ ਲਈ ਪਰ ਉਨ੍ਹਾਂ ਨੇ ਨਿਰਮਲੇ ਸੰਤਾਂ ਤੋਂ ਗੁਰਬਾਣੀ ਕੰਠ ਕਰਕੇ ਅਧਿਆਤਮਕ ਤੌਰ ’ਤੇ ਵਿੱਦਿਆ ਹਾਸਲ ਕੀਤੀ। ਉਨ੍ਹਾਂ ਨੇ ਦੱਸਿਆ ਕਿ ਇਸ ਸਮੇਂ ਪੰਜਾਬ, ਹਰਿਆਣਾ, ਯੂਪੀ ਹਿਮਾਚਲ ਸਮੇਤ ਹੋਰਨਾਂ ਰਾਜਾਂ ’ਚ 129 ਸਕੂਲਾਂ ’ਚ 70,000 ਬੱਚੇ ਪੜ੍ਹ ਰਹੇ ਹਨ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਕੋਈ ਗਰੀਬ ਦਾ ਬੱਚਾ ਅਕਾਲ ਅਕੈਡਮੀ ਆਪਣਾ ਬੱਚਾ ਪੜਾਉਣਾ ਚਾਹੁੰਦਾ ਹੈ ਪਰ ਉਸ ਕੋਲ ਵਿੱਤੀ ਸਾਧਨ ਨਹੀਂ ਹੈ ਤਾਂ ਇਸ ਪਰਉਪਕਾਰ ਦੀ ਸੇਵਾ ਮੁਫਤ ਕੀਤੀ ਜਾਵੇਗੀ। ਅਦਾਰੇ ਦੇ ਚੇਅਰਮੈਨ ਜਗਜੀਤ ਸਿੰਘ ਦਰਦੀ, ਡਾਇਰੈਕਟਰ ਜਸਵਿੰਦਰ ਕੌਰ ਦਰਦੀ ਅਤੇ ਡਾ. ਇੰਦਰਪ੍ਰੀਤ ਕੌਰ ਦਰਦੀ ਵੱਲੋਂ ਬੜੂ ਸਾਹਿਬ ਸੰਸਥਾ ’ਚ ਹੜ੍ਹ ਆਉਣ ਨਾਲ ਹੋਏ ਨੁਕਸਾਨ ਦੀ ਸਹਾਇਤਾ ਲਈ ਇੱਕ ਲੱਖ ਰੁਪਏ ਦਾ ਚੈੱਕ ਵੀ ਡਾ. ਦਵਿੰਦਰ ਸਿੰਘ ਨੂੰ ਭੇਟ ਕੀਤਾ।

ਇਸ ਦੌਰਾਨ ਜਗਜੀਤ ਸਿੰਘ ਦਰਦੀ ਨੇ ਦੱਸਿਆ ਕਿ ਪਰਉਪਕਾਰ ਇੱਕ ਵੱਡਾ ਉਹ ਸਾਧਨ ਹੈ ਜਿਸ ਨਾਲ ਅਸੀਂ ਕਿਸੇ ਦਾ ਵੀ ਦਿਲ ਜਿੱਤ ਸਕਦੇ ਹਾਂ ਅਤੇ ਇਹ ਸੇਵਾ ਕਿਸੇ ਦੇ ਕਿਸੇ ਹਿੱਸੇ ਆਉਂਦੀ ਹੈ। ਉਨ੍ਹਾਂ ਦੱਸਿਆ ਕਿ ਬਖਸ਼ਿਸ਼ ਉਸ ਸਮੇਂ ਹੁੰਦੀ ਹੈ ਜਦੋਂ ਗੁਰੂ ਕਿਰਪਾ ਕਰਦੇ ਹਨ।

ਇੰਟਰਨੈਸ਼ਨਲ ਸਖਸ਼ੀਅਤ ਪ੍ਰਿਤਪਾਲ ਸਿੰਘ ਪਨੂੰ ਨੇ ਕਿਹਾ ਕਿ ਬੇਸ਼ਕ ਕਿੰਨੀਆਂ ਵੀ ਧਾਰਮਿਕ ਸੰਸਥਾਵਾਂ ਜਾਂ ਸੁਸਾਇਟੀਆਂ ਹੋਂਦ ਵਿਚ ਆ ਜਾਣ ਪਰ ਸਿੱਖ ਪੰਥ ਨੂੰ ਇਕੱਠੇ ਕਰਨਾ ਅਤੇ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਉਸੇ ਰਸਤੇ ’ਤੇ ਤੌਰਨਾ ਕਿਸੇ ਵਿਰਲੀ ਸੰਸਥਾ ਦੇ ਹਿੱਸੇ ਹੀ ਆਉਂਦਾ ਹੈ। ਇਸ ਲਈ ਸਾਨੂੰ ਵੱਧ ਚੜ੍ਹ ਕੇ ਅਜਿਹੇ ਉਪਰਾਲੇ ਕਰਨ ਦੀ ਲੋੜ ਹੈ, ਜਿਸ ਨਾਲ ਸਾਡੀ ਆਉਣ ਵਾਲੀ ਪੀੜ੍ਹੀ ਪਤਿਤ ਹੋਣ ਤੋਂ ਬੱਚ ਕੇ ਸਿੱਖੀ ਵੱਲ ਜੁੜੇ।

ਰਿਪੋਰਟ- ਗਗਨਦੀਪ ਅਹੂਜਾ

ਇਹ ਵੀ ਪੜ੍ਹੋ:ਬਰਮਿੰਘਮ-ਭਾਰਤ ਵਿਚਾਲੇ ਉਡਾਣਾਂ ਵਧਾਉਣ ਦਾ ਫ਼ੈਸਲਾ ਇਕ ਸ਼ਾਨਦਾਰ ਖ਼ਬਰ ਹੈ: ਐਮਪੀ ਪ੍ਰੀਤ ਕੌਰ ਗਿੱਲ

-PTC News

Related Post