ਕੌਮੀ ਖਿਡਾਰਨ ਖੁਦਕੁਸ਼ੀ ਮਾਮਲਾ: ਪ੍ਰੋਫੈਸਰ ਪਤੀ ’ਤੇ ਲੱਗੇ ਦਾਜ ਮੰਗਣ ਦੇ ਇਲਜ਼ਾਮ, ਪੁਲਿਸ ਨੇ ਕੀਤਾ ਗ੍ਰਿਫਤਾਰ
ਰਵਿੰਦਰ ਮੀਤ (ਚੰਡੀਗੜ੍ਹ, 19 ਫਰਵਰੀ): ਕੌਮੀ ਪੱਧਰ ਦੀ ਸੋਨ ਤਗਮਾ ਜੇਤੂ ਮਹਿਲਾ ਖਿਡਾਰਨ ਨੇ ਸ਼ੁੱਕਰਵਾਰ ਰਾਤ ਨਯਾਗਾਂਵ ਦੇ ਦਸਮੇਸ਼ ਨਗਰ ਸਥਿਤ ਆਪਣੇ ਘਰ 'ਚ ਫਾਹਾ ਲੈ ਕੇ ਖੁਦਕੁਸ਼ੀ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ। ਮ੍ਰਿਤਕ ਦੀ ਪਛਾਣ ਭਾਵਨਾ (27) ਵਜੋਂ ਹੋਈ ਹੈ। ਦੂਜੇ ਪਾਸੇ ਸਹੁਰਿਆਂ ਨੇ ਖੁਦਕੁਸ਼ੀ ਦੀ ਗੱਲ ਨੂੰ ਲੁਕਾਉਂਦੇ ਹੋਏ ਮਹਿਲਾ ਖਿਡਾਰਨ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ।
ਮੌਕੇ 'ਤੇ ਪਹੁੰਚੇ ਖਿਡਾਰਨ ਦੇ ਪਿਤਾ ਪ੍ਰਕਾਸ਼ ਚੰਦਰ ਨੇ ਪੁਲਸ ਨੂੰ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਉਂਦੇ ਹੋਏ ਕਿਹਾ ਕਿ ਧੀ ਨੇ ਆਪਣੇ ਪਤੀ ਅਤੇ ਸਹੁਰਿਆਂ ਦੇ ਉਕਸਾਉਣ 'ਤੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ ਪਿਤਾ ਦੀ ਸ਼ਿਕਾਇਤ ’ਤੇ ਮੁਲਜ਼ਮ ਪਤੀ ਸਚਿਨ ਚਾਹਲ ਵਾਸੀ ਜੀਂਦ (ਹਰਿਆਣਾ) ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਨੂੰ ਸ਼ਨੀਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਜਿੱਥੋਂ ਉਸ ਨੂੰ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ।
ਪੁਲਿਸ ਸੂਤਰਾਂ ਅਨੁਸਾਰ ਮਹਿਲਾ ਖਿਡਾਰਨ ਦਾ ਪਤੀ ਸਚਿਨ ਚਾਹਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇਤਿਹਾਸ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਹੈ। ਭਾਵਨਾ ਦਾ ਉਸ ਨਾਲ ਨਵੰਬਰ 2022 ਵਿੱਚ ਵਿਆਹ ਹੋਇਆ ਸੀ। ਇਲਜ਼ਾਮ ਮੁਤਾਬਕ ਸਚਿਨ ਵਿਆਹ ਤੋਂ ਖੁਸ਼ ਨਹੀਂ ਸੀ। ਵਿਆਹ ਤੋਂ ਬਾਅਦ ਤੋਂ ਹੀ ਸਹੁਰਾ ਪਰਿਵਾਰ ਉਸ 'ਤੇ ਦਾਜ ਵਜੋਂ ਕਾਰ ਅਤੇ ਚੰਡੀਗੜ੍ਹ 'ਚ ਫਲੈਟ ਲੈਣ ਲਈ ਦਬਾਅ ਪਾ ਰਹੇ ਸੀ।
ਪ੍ਰਕਾਸ਼ ਚੰਦਰ ਨੇ ਦੱਸਿਆ ਕਿ ਜਦੋਂ ਵੀ ਉਸ ਦੀ ਧੀ ਆਪਣੀ ਮਾਂ ਨਾਲ ਗੱਲ ਕਰਦੀ ਸੀ ਤਾਂ ਉਹ ਦੱਸਦੀ ਸੀ ਕਿ ਸਚਿਨ ਛੋਟੀ-ਛੋਟੀ ਗੱਲ 'ਤੇ ਉਸ ਨਾਲ ਲੜਦਾ ਸੀ। 13 ਫਰਵਰੀ ਨੂੰ ਭਾਵਨਾ ਨੇ ਆਪਣੀ ਛੋਟੀ ਭੈਣ ਨਾਲ ਗੱਲ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਦੀ ਸੱਸ ਅਤੇ ਨਨਾਣ ਉਸ ਨੂੰ ਤਾਅਨੇ ਮਾਰਦੇ ਹਨ। 17 ਫਰਵਰੀ ਦੀ ਰਾਤ ਕਰੀਬ 8.30 ਵਜੇ ਸਚਿਨ ਨੂੰ ਫੋਨ ਆਇਆ ਕਿ ਭਾਵਨਾ ਦਰਵਾਜ਼ਾ ਨਹੀਂ ਖੋਲ੍ਹ ਰਹੀ। ਇਸ ਤੋਂ ਬਾਅਦ ਕਿਸੇ ਤਰ੍ਹਾਂ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਭਾਵਨਾ ਬੈੱਡ 'ਤੇ ਮ੍ਰਿਤਕ ਪਈ ਸੀ। ਸਚਿਨ ਨੇ ਦੱਸਿਆ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਵਨਾ ਨੂੰ ਦਿਲ ਦਾ ਦੌਰਾ ਪਿਆ ਹੈ ਪਰ ਜਦੋਂ ਪ੍ਰਕਾਸ਼ ਚੰਦਰ ਮੌਕੇ 'ਤੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਦਿਲ ਦਾ ਦੌਰਾ ਨਹੀਂ ਆਇਆ ਅਤੇ ਬੇਟੀ ਨੇ ਖੁਦਕੁਸ਼ੀ ਕਰ ਲਈ ਹੈ।
ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਬਾਬਾ ਜਾਗੋ ਸ਼ਹੀਦ ਦੇ ਪ੍ਰਧਾਨ ਦੇ ਘਰ ’ਤੇ ਹੋਇਆ ਹਮਲਾ, ਪੁਲਿਸ ਨੇ ਕੀਤੀ FIR ਦਰਜ
- PTC NEWS