Sultanpur Lodhi : “ਮੇਰੇ ਪੁੱਤ ਦੀ ਲਾਸ਼ ਹੀ ਭਾਰਤ ਲਿਆ ਦਿਓ”, ਅਰਮੀਨੀਆ ਚ Heart Attack ਕਾਰਨ ਮਰੇ ਪੰਜਾਬੀ ਨੌਜਵਾਨ ਦੀ ਮਾਂ ਨੇ ਲਾਈ ਗੁਹਾਰ

Sultanpur Lodhi : ਕਮਲ ਕੁਮਾਰ ਦੀ ਮਾਂ ਨੇ ਕਿਹਾ ਕਿ ਉਸਦਾ ਪੁੱਤ ਚੰਗੇ ਭਵਿੱਖ ਦੀ ਆਸ ‘ਚ ਵਿਦੇਸ਼ ਗਿਆ ਸੀ, ਪਰ ਉੱਥੇ ਪਹੁੰਚ ਕੇ ਹਕੀਕਤ ਕੁਝ ਹੋਰ ਹੀ ਨਿਕਲੀ। ਕਮਲ ਹਰ ਰੋਜ਼ ਟੈਂਸ਼ਨ ‘ਚ ਰਹਿੰਦਾ ਸੀ ਅਤੇ ਕੰਮ ਨਾ ਮਿਲਣ ਕਾਰਨ ਉਸ ਨੂੰ ਰੋਟੀ ਲਈ ਵੀ ਪੈਸਾ ਨਹੀਂ ਸੀ ਜੁੜਦਾ।

By  KRISHAN KUMAR SHARMA December 30th 2025 11:26 AM -- Updated: December 30th 2025 11:58 AM

Sultanpur Lodhi News : “ਮੇਰੇ ਪੁੱਤ ਦੀ ਲਾਸ਼ ਹੀ ਭਾਰਤ ਲਿਆ ਦਿਓ”। ਇਹ ਭਾਵੁਕ ਬੋਲ ਪੰਜਾਬ ਦੀ ਇੱਕ ਮਾਂ ਦੇ ਹਨ, ਜਿਸ ਦੇ ਪੁੱਤ ਦੀ ਅਰਮੀਨੀਆ 'ਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ, 21 ਸਾਲਾ ਨੌਜਵਾਨ ਕਮਲ ਕੁਮਾਰ ਰੋਜ਼ੀ ਰੋਟੀ ਲਈ ਵਿਦੇਸ਼ ਗਿਆ ਸੀ, ਪਰੰਤੂ ਕੰਮ ਨਾ ਮਿਲਣ ਕਾਰਨ ਪ੍ਰੇਸ਼ਾਨ ਰਹਿੰਦਾ ਸੀ।

ਕਮਲ ਕੁਮਾਰ ਦੀ ਮਾਂ ਨੇ ਕਿਹਾ ਕਿ ਉਸਦਾ ਪੁੱਤ ਚੰਗੇ ਭਵਿੱਖ ਦੀ ਆਸ ‘ਚ ਵਿਦੇਸ਼ ਗਿਆ ਸੀ, ਪਰ ਉੱਥੇ ਪਹੁੰਚ ਕੇ ਹਕੀਕਤ ਕੁਝ ਹੋਰ ਹੀ ਨਿਕਲੀ। ਕਮਲ ਹਰ ਰੋਜ਼ ਟੈਂਸ਼ਨ ‘ਚ ਰਹਿੰਦਾ ਸੀ ਅਤੇ ਕੰਮ ਨਾ ਮਿਲਣ ਕਾਰਨ ਉਸ ਨੂੰ ਰੋਟੀ ਲਈ ਵੀ ਪੈਸਾ ਨਹੀਂ ਸੀ ਜੁੜਦਾ।

ਪੀੜਤ ਮਾਂ ਨੇ ਕਿਹਾ ਕਿ ਕਮਲ ਦੇ ਪਿਤਾ ਦੀ 15 ਸਾਲ ਪਹਿਲਾਂ ਮੌਤ ਹੋ ਗਈ ਅਤੇ ਉਸ ਨੇ ਆਪਣੇ ਪੁੱਤ ਨੂੰ ਭਾਂਡੇ ਮਾਂਜ ਕੇ ਪਾਲਿਆ ਸੀ ਅਤੇ ਅੱਜ ਵੀ ਅਸੀਂ ਕਿਰਾਏ 'ਚ ਰਹਿਣ ਲਈ ਮਜਬੂਰ ਹਾਂ।

ਅਰਮੀਨੀਆ 'ਚ ਰੋਟੀ ਵੀ ਨਹੀਂ ਜੁੜ ਰਹੀ ਸੀ ਕਮਲ ਨੂੰ : ਪੀੜਤ ਮਾਂ

ਕਮਲ ਦੀ ਮਾਤਾ ਨੇ ਅੱਗੇ ਕਿਹਾ ਕਿ ਕਮਲ ਨੂੰ ਅਰਮੀਨੀਆ ਭੇਜਣ ਲਈ ਏਜੰਟਾਂ ਨੇ ਸੱਚ ਨਹੀਂ ਦੱਸਿਆ ਅਤੇ ਲੱਖਾਂ ਰੁਪਏ ਲੈ ਲਏ ਗਏ, ਪਰ ਨਾ ਢੰਗ ਦੀ ਨੌਕਰੀ ਮਿਲੀ, ਨਾ ਸਹਾਰਾ ਮਿਲਿਆ। ਅਰਮੀਨੀਆ ਵਿੱਚ ਕਮਲ ਕੋਲ ਹਾਲਾਤ ਇੰਨੇ ਮਾੜੇ ਹੋ ਗਏ ਸਨ ਕਿ ਆਪਣੀ ਰੋਟੀ ਖਾਣ ਲਈ ਵੀ ਪੈਸੇ ਨਹੀਂ ਸੀ ਜੁੜਦੇ। ਉਨ੍ਹਾਂ ਕਿਹਾ ਕਿ ਕਰਜ਼ਾ ਦਿਨੋਂ-ਦਿਨ ਸਿਰ ‘ਤੇ ਚੜ੍ਹਦਾ ਰਿਹਾ ਅਤੇ ਉਹ ਹਰ ਰੋਜ਼ ਟੈਂਸ਼ਨ ਵਿੱਚ ਰਹਿਣ ਲੱਗ ਪਿਆ। ਇਸ ਟੈਂਸ਼ਨ, ਮਾਨਸਿਕ ਦਬਾਅ ਅਤੇ ਭੁੱਖ ਨੇ ਆਖ਼ਿਰਕਾਰ 21 ਸਾਲਾ ਨੌਜਵਾਨ ਦੀ ਜਾਨ ਲੈ ਲਈ।

ਭਾਰਤ ਸਰਕਾਰ ਨੂੰ ਲਾਈ ਗੁਹਾਰ

ਰੋਂਦੇ ਹੋਏ ਮਾਂ ਨੇ ਕਿਹਾ, ''ਮੈਂ ਲੋਕਾਂ ਦੇ ਵਿਆਹਾਂ-ਸ਼ਾਦੀਆਂ ‘ਚ ਭਾਂਡੇ ਮਾਂਜ ਕੇ ਆਪਣੇ ਪੁੱਤ ਨੂੰ ਪਾਲਿਆ ਅਤੇ ਚੰਗੇ ਭਵਿੱਖ ਲਈ ਵਿਦੇਸ਼ ਭੇਜਿਆ ਸੀ…ਪਰ ਅੱਜ ਨਾ ਪੁੱਤ ਰਿਹਾ, ਨਾ ਘਰ, ਨਾ ਪੈਸਾ। ਸਰਕਾਰ ਨੂੰ ਹੱਥ ਜੋੜ ਕੇ ਕਹਿੰਦੀ ਹਾਂ ਕਿ ਮੇਰੇ ਕਮਲ ਪੁੱਤ ਦੀ ਲਾਸ਼ ਹੀ ਭਾਰਤ ਲਿਆ ਦਿਓ, ਤਾਂ ਕਿ ਮੈਂ ਆਖਰੀ ਵਾਰ ਉਸਦਾ ਮੂੰਹ ਵੇਖ ਸਕਾਂ।”

Related Post