Samarala ਸ਼ਹਿਰ 'ਚ ਬੇਸਹਾਰਾ ਪਸ਼ੂਆਂ ਦਾ ਅਤੰਕ, 10 ਤੋਂ 15 ਪਸ਼ੂਆਂ ਨੇ ਮਹੱਲਾ ਵਾਸੀਆਂ 'ਤੇ ਕੀਤਾ ਹਮਲਾ
Samarala News : ਸਮਰਾਲਾ ਇਲਾਕੇ ਵਿੱਚ ਬੇਸਹਾਰਾ ਪਸ਼ੂਆਂ ਦੀ ਸਮੱਸਿਆ ਦਿਨੋ -ਦਿਨ ਗੰਭੀਰ ਰੂਪ ਧਾਰਨ ਕਰਦੀ ਜਾ ਰਹੀ ਹੈ। ਇਹ ਬੇਸਹਾਰਾ ਪਸ਼ੂ ਕੌਮੀ ਹਾਈਵੇ, ਬਾਜ਼ਾਰਾਂ , ਮੇਨ ਚੌਂਕ ,ਸੰਘਣੀ ਆਬਾਦੀ ਵਾਲੇ ਇਲਾਕਿਆਂ ਮੁਹੱਲਿਆਂ ਵਿੱਚ ਸ਼ਰੇਆਮ ਘੁੰਮ ਰਹੇ ਹਨ ਤੇ ਲੋਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਨਗਰ ਕੌਂਸਲ ਵੱਲੋਂ ਹਰ ਸਾਲ ਲੱਖਾਂ ਰੁਪਏ ਗਊ ਸੈੱਸ ਵਸੂਲਣ ਦੇ ਬਾਵਜੂਦ ਹਾਲਾਤ ਗੰਭੀਰ ਹਨ। ਇਨਾ ਹੀ ਨਹੀਂ ਇਹਨਾਂ ਬੇਸਹਾਰਾ ਪਸ਼ੂਆਂ ਕਾਰਨ ਸੜਕ ਹਾਦਸੇ ਵਾਪਰਦੇ ਹਨ, ਜਿੰਨਾ ਕਾਰਨ ਅਨੇਕਾਂ ਲੋਕ ਆਪਣੀ ਜਾਨਾਂ ਗਵਾ ਚੁੱਕੇ ਹਨ ਤੇ ਕਈ ਲੋਕ ਜ਼ਖਮੀ ਹੋ ਚੁੱਕੇ ਹਨ।
ਤਾਜ਼ਾ ਮਾਮਲਾ ਇਹ ਹੈ ਕਿ ਐਤਵਾਰ ਨੂੰ ਸੰਘਣੀ ਆਬਾਦੀ ਵਾਲੇ ਇਲਾਕੇ ਮਸੰਦ ਮਹੱਲੇ ਵਿੱਚ 10 ਤੋਂ 15 ਬੇਸਹਾਰਾ ਪਸ਼ੂ ਜਿਨਾਂ ਵਿੱਚ ਸਾਂਡ ਵੀ ਹਨ ,ਉਹਨਾਂ ਵੱਲੋਂ ਝੁੰਡ ਬਣਾ ਮਹੱਲਾ ਵਾਸੀਆਂ 'ਤੇ ਹਮਲਾ ਕੀਤਾ ਗਿਆ ,ਘਰ ਵਿੱਚ ਅੰਦਰ ਵੜ ਲੋਕਾਂ ਨੇ ਜਾਨ ਬਚਾਈ ਇੰਨਾ ਹੀ ਨਹੀਂ ਇਹਨਾਂ ਬੇਸਹਾਰਾ ਪਸ਼ੂਆਂ ਨੇ ਮੁਹੱਲੇ ਵਿੱਚ ਖੜੀ ਇੱਕ ਫਾਰਚੂਨਰ ਗੱਡੀ ਤੇ ਇੱਕ ਐਕਟਿਵਾ ਨੂੰ ਪੂਰੀ ਤਰ੍ਹਾਂ ਨੁਕਸਾਨ ਪਹੁੰਚਾਇਆ, ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਹੈ ਤੇ ਮੁਹੱਲਾ ਵਾਸੀਆਂ ਨੇ ਇਹਨਾਂ ਬੇਸਹਾਰਾ ਪਸ਼ੂਆਂ ਦਾ ਪੱਕਾ ਹੱਲ ਕਰਨ ਦੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ।
ਇਸ ਸੰਬੰਧ ਵਿੱਚ ਐਸਡੀਐਮ ਸਮਰਾਲਾ ਰਜਨੀਸ਼ ਅਰੋੜਾ ਨੇ ਕਿਹਾ ਕਿ ਬੇਸਹਾਰਾ ਪਸ਼ੂਆਂ ਦੇ ਸੰਬੰਧ 'ਚ ਇਸ ਗੱਲ ਦਾ ਜਵਾਬ ਕਿਸਾਨ ਜਥੇਬੰਦੀਆਂ ਹੀ ਦੇ ਸਕਦੀਆਂ ਹਨ ਕਿ ਉਹਨਾਂ ਕਿਹਾ ਕਿ ਜਦੋਂ ਤੱਕ ਪਸ਼ੂ ਦੁੱਧ ਦਿੰਦੇ ਹਨ ਉਦੋਂ ਤੱਕ ਪਸ਼ੂ ਨੂੰ ਕਿਸਾਨ ਜਾਂ ਜਿਮੀਂਦਾਰ ਆਪਣੇ ਕੋਲ ਰੱਖਦਾ ਹੈ ਪਰ ਜਦੋਂ ਪਸ਼ੂ ਦੁੱਧ ਦੇਣਾ ਬੰਦ ਕਰ ਦਿੰਦੇ ਹਨ ਤਾਂ ਉਹਨਾਂ ਨੂੰ ਦੂਰ ਇਲਾਕੇ ਵਿੱਚ ਛੱਡ ਦਿੱਤਾ ਜਾਂਦਾ ਹੈ ਤੇ ਇਹ ਬੇਸਹਾਰਾ ਪਸ਼ੂ ਇਲਾਕੇ ਲਈ ਆਫਤ ਬਣ ਜਾਂਦੇ ਹਨ। ਉਹਨਾਂ ਕਿਹਾ ਕਿ ਪਸ਼ੂ ਰੱਖਣ ਵਾਲੇ ਦੀ ਜਿੰਮੇਵਾਰੀ ਬਣਦੀ ਹੈ ਕਿ ਜਦੋਂ ਤੱਕ ਪਸ਼ੂ ਜਿਉਂਦਾ ਹੈ ਉਦੋਂ ਤੱਕ ਉਸਦੀ ਸੇਵਾ ਕੀਤੀ ਜਾਵੇ। ਉਹਨਾਂ ਕਿਹਾ ਕਿ ਜਲਦ ਇਹਨਾਂ ਪਸ਼ੂਆਂ ਨੂੰ ਫੜ ਗਊਸ਼ਾਲਾ ਛੱਡਿਆ ਜਾਵੇਗਾ।
- PTC NEWS