ਕਪੂਰਥਲਾ ਚ ਪਟਾਕੇ ਚਲਾਉਂਦੇ ਸਮੇਂ 22 ਸਾਲ ਦੇ ਨੌਜਵਾਨ ਦਾ ਗੋਲ਼ੀ ਮਾਰ ਕਤਲ, 2 ਭਰਾਵਾਂ ਤੇ ਇਲਜ਼ਾਮ
ਕਪੂਰਥਲਾ ਦੇ ਮਹਿਤਾਬਗੜ੍ਹ ਇਲਾਕੇ ਵਿੱਚ ਦੇਰ ਸ਼ਾਮ ਉਸ ਸਮੇਂ ਸਨਸਨੀ ਫੈਲ ਗਈ ਜਦੋਂ 9 ਨਵੰਬਰ 2026 ਨੂੰ ਦਿਵਾਲੀ ਦੀ ਰਾਤ ਪਟਾਕੇ ਚਲਾਉਂਦੇ ਸਮੇਂ ਮਨੀ ਉਰਫ਼ ਪਹਿਲਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ।
Punjab News: ਕਪੂਰਥਲਾ ਦੇ ਮਹਿਤਾਬਗੜ੍ਹ ਇਲਾਕੇ ਵਿੱਚ ਦੇਰ ਸ਼ਾਮ ਉਸ ਸਮੇਂ ਸਨਸਨੀ ਫੈਲ ਗਈ ਜਦੋਂ 9 ਨਵੰਬਰ 2026 ਨੂੰ ਦਿਵਾਲੀ ਦੀ ਰਾਤ ਪਟਾਕੇ ਚਲਾਉਂਦੇ ਸਮੇਂ ਮਨੀ ਉਰਫ਼ ਪਹਿਲਵਾਨ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇੱਕ 22 ਸਾਲਾ ਨੌਜਵਾਨ ਦਾ ਆਪਣੇ ਘਰ ਦੇ ਬਾਹਰ ਆਪਣੇ ਦੋਸਤਾਂ ਨਾਲ ਪਟਾਕੇ ਚਲਾਉਂਦੇ ਸਮੇਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਮਨੀ ਵਜੋਂ ਹੋਈ ਹੈ। ਵਾਰਦਾਤ ਨੂੰ ਪੁਰਾਣੀ ਰੰਜਿਸ਼ ਦੇ ਚੱਲਦੇ ਅੰਜਾਮ ਦੀ ਗੱਲ ਸਾਹਮਣੇ ਆਈ ਹੈ। ਇਸ ਮਾਮਲੇ ਵਿੱਚ ਗੁਆਂਢ ਦੇ ਰਹਿਣ ਵਾਲੇ ਦੋ ਭਰਾਵਾਂ, ਕਮਲ ਅਤੇ ਮਨੀ 'ਤੇ ਗੋਲੀ ਚਲਾਉਣ ਦਾ ਇਲਜ਼ਾਮ ਲੱਗਿਆ ਹੈ।
ਜਾਣਾਕਰੀ ਮੁਤਾਬਕ, ਮਨੀ ਦੇਰ ਸ਼ਾਮ ਆਪਣੇ ਘਰ ਦੇ ਬਾਹਰ ਦੋਸਤਾਂ ਨਾਲ ਪਟਾਕੇ ਚਲਾ ਰਿਹਾ ਸੀ। ਇਸੇ ਦੌਰਾਨ ਕਮਲ ਅਤੇ ਮਨੀ, ਆਪਣੇ ਕੁਝ ਦੋਸਤਾਂ ਨਾਲ, ਕਥਿਤ ਤੌਰ 'ਤੇ ਪਹੁੰਚੇ ਅਤੇ ਉਸਨੂੰ ਗੋਲੀ ਮਾਰ ਦਿੱਤੀ। ਗੋਲੀ ਮਨੀ ਦੀ ਛਾਤੀ ਵਿੱਚ ਸਿੱਧੀ ਲੱਗੀ। ਗੋਲੀ ਦੀ ਆਵਾਜ਼ ਸੁਣ ਕੇ, ਪਰਿਵਾਰਕ ਮੈਂਬਰ ਅਤੇ ਆਂਢ-ਗੁਆਂਢ ਦੇ ਲੋਕ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਤੁਰੰਤ ਜ਼ਖਮੀ ਨੌਜਵਾਨ ਨੂੰ ਕਪੂਰਥਲਾ ਦੇ ਸਿਵਲ ਹਸਪਤਾਲ ਪਹੁੰਚਾਇਆ, ਜਿੱਥੇ ਡਿਊਟੀ 'ਤੇ ਮੌਜੂਦ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਤੋਂ ਬਾਅਦ, ਮ੍ਰਿਤਕ ਦੇ ਨਾਲ ਪਟਾਕੇ ਚਲਾ ਰਹੇ ਉਸ ਦੇ ਦੋਸਤ ਮੌਕੇ ਤੋਂ ਭੱਜ ਗਏ।
ਦੋ ਭਰਾਵਾਂ 'ਤੇ ਕਤਲ ਦਾ ਦੋਸ਼, ਪੁਲਿਸ ਦੀ ਛਾਪੇਮਾਰੀ ਜਾਰੀ
ਘਟਨਾ ਦੀ ਸੂਚਨਾ ਮਿਲਦੇ ਹੀ ਸਿਟੀ ਪੁਲਿਸ ਸਟੇਸ਼ਨ ਅਤੇ ਕੋਤਵਾਲੀ ਪੁਲਿਸ ਸਟੇਸ਼ਨ ਦੀਆਂ ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ ਅਤੇ ਜਾਂਚ ਸ਼ੁਰੂ ਕਰ ਦਿੱਤੀ। ਇਸੇ ਸਬੰਧੀ ਸਬ-ਡਵੀਜ਼ਨ ਡੀਐਸਪੀ ਸ਼ੀਤਲ ਸਿੰਘ ਨੇ ਦੱਸਿਆ ਕਿ ਮਨੀ ਨਾਮ ਦਾ ਇੱਕ ਨੌਜਵਾਨ ਆਪਣੇ ਦੋਸਤਾਂ ਨਾਲ ਆਪਣੇ ਘਰ ਦੇ ਬਾਹਰ ਪਟਾਕੇ ਚਲਾ ਰਿਹਾ ਸੀ। ਇਸ ਦੌਰਾਨ ਦੋ ਨੌਜਵਾਨਾਂ, ਕਮਲ ਪੁੱਤਰ ਪਾਲਾ ਸਿੰਘ ਅਤੇ ਮਨੀ ਪੁੱਤਰ ਪਾਲਾ ਨੇ ਉਸ ਨੂੰ ਗੋਲੀ ਮਾਰ ਦਿੱਤੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਸੀਆਈਏ ਸਟਾਫ ਅਤੇ ਸਿਟੀ ਪੁਲਿਸ ਸਟੇਸ਼ਨ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕਰ ਰਹੀਆਂ ਹਨ। ਕਮਲ ਵਿਰੁੱਧ ਅਸਲਾ ਐਕਟ ਤਹਿਤ ਪਹਿਲਾਂ ਵੀ ਦੋ ਮਾਮਲੇ ਦਰਜ ਹਨ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਜਾਂਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਮਰਨ ਵਾਲੇ ਮਨੀ ਪੁੱਤਰ ਬੱਗਾ ਸਿੰਘ ਨਾਲ ਪੰਮ ਨਾਮ ਦਾ ਇੱਕ ਹੋਰ ਮੁੰਡਾ ਪਟਾਕੇ ਚਲਾ ਰਿਹਾ ਸੀ ਅਸਲ ਵਿੱਚ ਉਨ੍ਹਾਂ ਦਾ ਦੁਸ਼ਮਣੀ ਪੰਮ ਨਾਲ ਸੀ, ਜਿਸ ਕਰਕੇ ਉਹ ਗੋਲੀ ਪੰਮ 'ਤੇ ਚਲਾਈ ਗਈ ਸੀ ਪਰ ਗੋਲੀ ਮਨੀ ਦੇ ਲੱਗੀ ਜਿਸ ਨਾਲ ਉਸਦੀ ਜਾਨ ਚਲੀ ਗਈ।
9 ਮਹੀਨੇ ਪਹਿਲਾਂ ਹੋਇਆ ਸੀ ਵਿਆਹ
ਇਸ ਘਟਨਾ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਮ੍ਰਿਤਕ ਦੇ ਪਿਤਾ ਬੱਗਾ ਸਿੰਘ ਨੇ ਕਿਹਾ ਕਿ "ਮਨੀ ਦਾ ਵਿਆਹ ਸਿਰਫ਼ 6 ਮਹੀਨੇ ਪਹਿਲਾਂ ਹੋਇਆ ਸੀ। ਉਸਦੀ ਘਰਵਾਲੀ ਦਾ ਅਜੇ ਵਿਆਹ ਵਾਲਾ ਚੂੜਾ ਵੀ ਨਹੀਂ ਉਤਰਿਆ ਸੀ ਕਿ ਕਿ ਹਮਲਾਵਰਾਂ ਨੇ ਉਸਦੇ ਸੁਹਾਗ ਉਜਾੜ ਦਿੱਤਾ। ਮਨੀ ਬਾਹਰ ਪਟਾਕੇ ਚਲਾ ਰਿਹਾ ਸੀ ਕਿ ਉਸੇ ਦੌਰਾਨ ਉੱਥੇ 40-50 ਮੁੰਡੇ ਆਏ ਅਤੇ ਮੇਰੇ ਮੁੰਡੇ ਨੂੰ ਗੋਲੀ ਮਾਰ ਕੇ ਮਾਰ ਦਿੱਤਾ, ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਸੀ।" ਮਨੀ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਜਵਾਨ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ।
ਕਪੂਰਥਲਾ ਦੇ ਸੰਘਣੀ ਆਬਾਦੀ ਵਾਲੇ ਮਹਿਤਾਬਗੜ੍ਹ ਇਲਾਕੇ ਵਿੱਚ ਆਪਣੇ ਘਰ ਦੇ ਬਾਹਰ ਪਟਾਕੇ ਚਲਾ ਰਹੇ ਇੱਕ ਨੌਜਵਾਨ ਦੀ ਗੋਲੀ ਮਾਰ ਕੇ ਕਤਲ ਕਰਨ ਨਾਲ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਹੁਣ, ਪੁਲਿਸ ਸਾਹਮਣੇ ਮੁਲਜ਼ਮ ਨੂੰ ਜਲਦੀ ਗ੍ਰਿਫ਼ਤਾਰ ਕਰਨ ਅਤੇ ਕਤਲ ਦੇ ਪਿੱਛੇ ਦੇ ਪੂਰੇ ਉਦੇਸ਼ ਦਾ ਪਰਦਾਫਾਸ਼ ਕਰਨ ਦੀ ਚੁਣੌਤੀ ਹੈ।