ਪੰਜਾਬ 'ਚ ਪਟਾਕੇ ਤੇ ਪਰਾਲੀ ਸਾੜਨ ਦੇ ਰਲੇ-ਮਿਲੇ ਅਸਰ ਕਾਰਨ ਪ੍ਰਦੂਸ਼ਣ ਵਧੀਆ
Pollution in Punjab after Diwali : ਪੰਜਾਬ ਵਿੱਚ ਦੀਵਾਲੀ ਮੌਕੇ ਚਲਾਏ ਗਏ ਪਟਾਕਿਆਂ ਅਤੇ ਖੇਤਾਂ ਵਿੱਚ ਸਾੜੀ ਜਾ ਰਹੀ ਝੋਨੇ ਦੀ ਪਰਾਲੀ ਦੇ ਰਲੇ-ਮਿਲੇ ਪ੍ਰਭਾਵ ਕਾਰਨ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੋ ਗਈ ਹੈ। ਇਸ ਤੋਂ ਇਲਾਵਾ ਵਾਹਨਾਂ ਵਿੱਚੋਂ ਨਿਕਲਣ ਵਾਲਾ ਧੂੰਆਂ, ਉਸਾਰੀ ਕਾਰਜਾਂ ਕਾਰਨ ਉੱਡਦੀ ਧੂੜ ਅਤੇ ਕੂੜਾ ਸਾੜਨ ਦੀਆਂ ਘਟਨਾਵਾਂ ਨੇ ਵੀ ਪ੍ਰਦੂਸ਼ਣ ਨੂੰ ਹੋਰ ਵਧਾ ਦਿੱਤਾ ਹੈ। ਦੀਵਾਲੀ ਤੋਂ ਬਾਅਦ ਸੂਬੇ ਦੇ ਕਈ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ਚਿੰਤਾਜਨਕ ਪੱਧਰ 'ਤੇ ਪਹੁੰਚ ਗਈ ਹੈ।
ਦੀਵਾਲੀ ਦੀ ਰਾਤ ਪ੍ਰਦੂਸ਼ਣ ਦੀ ਸਥਿਤੀ ਹੋਰ ਵੀ ਗੰਭੀਰ ਹੋ ਗਈ। ਸਰਕਾਰ ਵੱਲੋਂ ਪਟਾਕੇ ਚਲਾਉਣ ਲਈ ਨਿਰਧਾਰਤ ਕੀਤੀ ਗਈ ਸਮਾਂ-ਸੀਮਾ ਦੇ ਬਾਵਜੂਦ ਕਈ ਥਾਵਾਂ 'ਤੇ ਦੇਰ ਰਾਤ ਤੱਕ ਆਤਿਸ਼ਬਾਜ਼ੀ ਹੁੰਦੀ ਰਹੀ। ਇਸ ਕਾਰਨ ਵਾਤਾਵਰਨ ਵਿੱਚ ਧੂੰਏਂ ਦੀ ਮਾਤਰਾ ਵਧ ਗਈ ਅਤੇ ਲੋਕਾਂ ਨੂੰ ਜ਼ਹਿਰੀਲੀ ਹਵਾ ਵਿੱਚ ਸਾਹ ਲੈਣਾ ਪਿਆ।
ਇਹ ਵੀ ਪੜ੍ਹੋ :
Diwali ਦੀ ਆਤਿਸ਼ਬਾਜ਼ੀ ਮਗਰੋਂ ਦਿੱਲੀ 'ਚ ਪ੍ਰਦੂਸ਼ਣ ਦਾ ਧਮਾਕਾ, ਕਈ ਥਾਵਾਂ 'ਤੇ AQI 400 ਤੋਂ ਪਾਰ
ਪ੍ਰਸ਼ਾਸਨ ਵੱਲੋਂ ਪਟਾਕੇ ਚਲਾਉਣ ਸਬੰਧੀ ਲਗਾਈਆਂ ਗਈਆਂ ਪਾਬੰਦੀਆਂ ਵੀ ਬੇਅਸਰ ਦਿਖਾਈ ਦਿੱਤੀਆਂ। ਕਈ ਸ਼ਹਿਰੀ ਅਤੇ ਰਿਹਾਇਸ਼ੀ ਇਲਾਕਿਆਂ ਵਿੱਚ ਅੱਧੀ ਰਾਤ ਤੱਕ ਪਟਾਕਿਆਂ ਦੀ ਗੂੰਜ ਸੁਣਾਈ ਦਿੰਦੀ ਰਹੀ। ਲੋਕਾਂ ਨੇ ਪਟਾਕਿਆਂ ਦੇ ਧੂੰਏਂ ਕਾਰਨ ਤੇਜ਼ ਅਤੇ ਚੁੱਭਵੀਂ ਬਦਬੂ ਆਉਣ ਦੀਆਂ ਸ਼ਿਕਾਇਤਾਂ ਵੀ ਕੀਤੀਆਂ। ਇਸ ਦੇ ਨਾਲ ਹੀ ਝੋਨੇ ਦੀ ਪਰਾਲੀ ਸਾੜਨ ਦਾ ਸੀਜ਼ਨ ਜਾਰੀ ਹੋਣ ਕਾਰਨ ਹਵਾ ਦੀ ਗੁਣਵੱਤਾ ਹੋਰ ਵਿਗੜ ਗਈ ਹੈ।
ਪ੍ਰਦੂਸ਼ਣ ਦੀ ਮਾਰ ਹੇਠ ਆਏ ਸ਼ਹਿਰਾਂ ਵਿੱਚ ਸਟੀਲ ਟਾਊਨ ਮੰਡੀ ਗੋਬਿੰਦਗੜ੍ਹ ਸਭ ਤੋਂ ਵੱਧ ਪ੍ਰਭਾਵਿਤ ਰਿਹਾ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਦੀ ਰਿਪੋਰਟ ਮੁਤਾਬਕ ਐਤਵਾਰ ਨੂੰ ਇੱਥੋਂ ਦਾ ਏਅਰ ਕੁਆਲਿਟੀ ਇੰਡੈਕਸ (AQI) 445 ਦਰਜ ਕੀਤਾ ਗਿਆ, ਜੋ 'ਗੰਭੀਰ' ਸ਼੍ਰੇਣੀ ਵਿੱਚ ਆਉਂਦਾ ਹੈ। ਜ਼ਿਕਰਯੋਗ ਹੈ ਕਿ 6 ਨਵੰਬਰ ਨੂੰ ਵੀ ਇੱਥੋਂ ਦਾ AQI 319 ਦਰਜ ਕੀਤਾ ਗਿਆ ਸੀ।
ਦੀਵਾਲੀ ਤੋਂ ਪਹਿਲਾਂ ਵੀ ਪੰਜਾਬ ਦੇ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਪ੍ਰਦੂਸ਼ਣ ਦਾ ਪੱਧਰ ਕਾਫ਼ੀ ਉੱਚਾ ਸੀ। 7 ਨਵੰਬਰ ਨੂੰ ਲੁਧਿਆਣਾ ਵਿੱਚ AQI 281, ਜਲੰਧਰ ਵਿੱਚ 260, ਖੰਨਾ ਵਿੱਚ 249 ਅਤੇ ਪਟਿਆਲਾ ਵਿੱਚ 184 ਦਰਜ ਕੀਤਾ ਗਿਆ ਸੀ।
ਸੂਬੇ ਵਿੱਚ ਪ੍ਰਦੂਸ਼ਣ ਦੀ ਸਥਿਤੀ ਆਉਣ ਵਾਲੇ ਦਿਨਾਂ ਵਿੱਚ ਵੀ ਚਿੰਤਾਜਨਕ ਰਹਿਣ ਦਾ ਖ਼ਦਸ਼ਾ ਹੈ। ਖੇਤਾਂ ਵਿੱਚ ਪਰਾਲੀ ਸਾੜਨ ਕਾਰਨ ਪਹਿਲਾਂ ਹੀ ਹਵਾ ਵਿੱਚ ਪ੍ਰਦੂਸ਼ਣ ਫੈਲ ਰਿਹਾ ਸੀ, ਉੱਪਰੋਂ ਦੀਵਾਲੀ ਦੇ ਪਟਾਕਿਆਂ ਦੇ ਧੂੰਏਂ ਨੇ ਮੁਸ਼ਕਲ ਹੋਰ ਵਧਾ ਦਿੱਤੀ ਹੈ। ਅੰਕੜਿਆਂ ਮੁਤਾਬਕ 7 ਨਵੰਬਰ ਤੱਕ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦਾ ਅੰਕੜਾ 3,300 ਨੂੰ ਪਾਰ ਕਰ ਚੁੱਕਾ ਹੈ। 8 ਨਵੰਬਰ ਨੂੰ ਇੱਕੋ ਦਿਨ 1,152 ਨਵੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ। ਇਸ ਦੌਰਾਨ ਸੰਗਰੂਰ ਵਿੱਚ ਕੁੱਲ 488 ਘਟਨਾਵਾਂ, ਫਿਰੋਜ਼ਪੁਰ ਵਿੱਚ 592 ਘਟਨਾਵਾਂ, ਬਠਿੰਡਾ ਵਿੱਚ 406 ਘਟਨਾਵਾਂ, ਪਟਿਆਲਾ ਵਿੱਚ 288 ਘਟਨਾਵਾਂ ਅਤੇ ਲੁਧਿਆਣਾ ਵਿੱਚ 193 ਘਟਨਾਵਾਂ ਦਰਜ ਕੀਤੀਆਂ ਗਈਆਂ।
ਸਿਹਤ ਮਾਹਿਰਾਂ ਨੇ ਵਿਗੜਦੀ ਹਵਾ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਮੁਤਾਬਕ ਪ੍ਰਦੂਸ਼ਿਤ ਹਵਾ ਫੇਫੜਿਆਂ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਨੁਕਸਾਨਦੇਹ ਹੋ ਸਕਦੀ ਹੈ। ਖ਼ਾਸ ਕਰਕੇ ਅਸਥਮਾ (ਦਮੇ) ਦੇ ਮਰੀਜ਼ਾਂ ਨੂੰ ਸਾਹ ਲੈਣ ਵਿੱਚ ਦਿੱਕਤ ਆ ਸਕਦੀ ਹੈ। ਇਸ ਤੋਂ ਇਲਾਵਾ ਅੱਖਾਂ, ਚਮੜੀ ਅਤੇ ਨੱਕ ਨਾਲ ਸਬੰਧਤ ਐਲਰਜੀ ਦੀਆਂ ਸਮੱਸਿਆਵਾਂ ਵੀ ਵਧ ਸਕਦੀਆਂ ਹਨ। ਇਸ ਲਈ ਲੋਕਾਂ ਨੂੰ ਪ੍ਰਦੂਸ਼ਣ ਦੇ ਵਧਦੇ ਪੱਧਰ ਨੂੰ ਦੇਖਦਿਆਂ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਗਈ ਹੈ।
- PTC NEWS