PTC News
Search
🔍 Search

ਕੈਨੇਡਾ ਸਰੀ ਨੇੜੇ ਕਾਰ ‘ਚ ਬੈਠੇ 23 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਕੈਨੇਡਾ ਵਿੱਚ ਗੈਂਗਵਾਰ ਅਤੇ ਅੰਨ੍ਹੇਵਾਹ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਗੰਭੀਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ।

By  Amritpal Singh October 10th 2026 01:17 PM

Punjab News: ਕੈਨੇਡਾ ਵਿੱਚ ਗੈਂਗਵਾਰ ਅਤੇ ਅੰਨ੍ਹੇਵਾਹ ਗੋਲੀਬਾਰੀ ਦੀਆਂ ਘਟਨਾਵਾਂ ਲਗਾਤਾਰ ਗੰਭੀਰ ਚਿੰਤਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਸਰੀ ਦੇ ਨਜ਼ਦੀਕ ਪੈਂਦੇ ਸ਼ਹਿਰ ਲੈਂਗਲੀ ਵਿੱਚ ਬੀਤੀ 5 ਅਕਤੂਬਰ ਦੀ ਸ਼ਾਮ ਨੂੰ ਵਾਪਰੀ ਇੱਕ ਸਨਸਨੀਖੇਜ਼ ਵਾਰਦਾਤ ਦੌਰਾਨ 23 ਸਾਲਾ ਪੰਜਾਬੀ ਨੌਜਵਾਨ ਜੀਵਨ ਜੋਹਲ ਦਾ ਗੋਲੀਆਂ ਮਾਰ ਕੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਲੈਂਗਲੀ ਸਥਿਤ ਪ੍ਰਸਿੱਧ ‘ਕੈਕਟਸ ਕਲੱਬ ਕੈਫੇ’ ਦੇ ਬਾਹਰ ਇੱਕ ਚਿੱਟੇ ਰੰਗ ਦੀ ਲਗਜ਼ਰੀ ਰੇਂਜ ਰੋਵਰ ਗੱਡੀ ਖੜ੍ਹੀ ਸੀ। ਜੀਵਨ ਜੋਹਲ ਇਸੇ ਗੱਡੀ ਅੰਦਰ ਮੌਜੂਦ ਸੀ, ਜਦੋਂ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਨਿਸ਼ਾਨਾ ਬਣਾਉਂਦਿਆਂ ਤਾਬੜਤੋੜ ਫਾਇਰਿੰਗ ਕਰ ਦਿੱਤੀ। ਗੋਲੀਆਂ ਲੱਗਣ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ।


ਮ੍ਰਿਤਕ ਦੀ ਪਛਾਣ ਜਨਤਕ, ‘ਬ੍ਰਦਰਜ਼ ਕੀਪਰਜ਼’ ਗੈਂਗ ਨਾਲ ਸਬੰਧਾਂ ਦੀ ਪੁਸ਼ਟੀ

ਇਸ ਖ਼ੂਨੀ ਹਮਲੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਸੂਚਨਾ ਮਿਲਦੇ ਹੀ ਪੁਲਿਸ ਟੀਮਾਂ ਨੇ ਘਟਨਾ ਵਾਲੀ ਥਾਂ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜਾਂਚ ਅਧਿਕਾਰੀਆਂ ਨੇ ਹੁਣ ਮ੍ਰਿਤਕ ਦੀ ਸ਼ਨਾਖ਼ਤ ਜਨਤਕ ਕਰਦਿਆਂ ਖੁਲਾਸਾ ਕੀਤਾ ਹੈ ਕਿ ਜੀਵਨ ਜੋਹਲ ਦਾ ਸਬੰਧ ਬ੍ਰਿਟਿਸ਼ ਕੋਲੰਬੀਆ (BC) ਦੇ ਬਦਨਾਮ ‘ਬ੍ਰਦਰਜ਼ ਕੀਪਰਜ਼’ ਗੈਂਗ ਨਾਲ ਸੀ। ਪੁਲਿਸ ਨੇ ਇੱਕ ਹੋਰ ਅਹਿਮ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜੀਵਨ ਜੋਹਲ ਅਤੇ ਉਸ ਦੀ ਪਤਨੀ ਨੂੰ ਆਪਣੀ ਜਾਨ ਦੇ ਖ਼ਤਰੇ ਨੂੰ ਲੈ ਕੇ ਪਹਿਲਾਂ ਹੀ ਅਧਿਕਾਰਤ ਤੌਰ ਤੇ ਚਿਤਾਵਨੀ (ਡਿਊਟੀ ਟੂ ਵਾਰਨ) ਜਾਰੀ ਕੀਤੀ ਗਈ ਸੀ। ਹਾਲਾਂਕਿ, ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਪੁਲਿਸ ਨੇ ਉਸ ਸਮੇਂ ਇਹ ਜ਼ਾਹਰ ਨਹੀਂ ਕੀਤਾ ਸੀ ਕਿ ਉਨ੍ਹਾਂ ਦੀ ਜਾਨ ਨੂੰ ਕਿਸ ਵਿਰੋਧੀ ਗਿਰੋਹ ਜਾਂ ਵਿਅਕਤੀ ਵੱਲੋਂ ਖ਼ਤਰਾ ਸੀ।


ਕੁਝ ਦੂਰੀ ਤੇ ਸੜਦੀ ਹੋਈ ਗੱਡੀ ਬਰਾਮਦ

ਕਤਲ ਦੀ ਇਸ ਘਟਨਾ ਤੋਂ ਕੁਝ ਹੀ ਸਮੇਂ ਬਾਅਦ ਘਟਨਾ ਸਥਾਨ ਤੋਂ ਥੋੜ੍ਹੀ ਦੂਰੀ ਤੇ ਇੱਕ ਗੱਡੀ ਅੱਗ ਦੀ ਲਪੇਟ ਵਿੱਚ ਸੜਦੀ ਹੋਈ ਬਰਾਮਦ ਹੋਈ। ਸ਼ੱਕ ਪ੍ਰਗਟਾਇਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਫ਼ਰਾਰ ਹੁੰਦਿਆਂ ਸਬੂਤ ਮਿਟਾਉਣ ਦੇ ਮਕਸਦ ਨਾਲ ਗੱਡੀ ਨੂੰ ਅੱਗ ਦੇ ਹਵਾਲੇ ਕੀਤਾ ਹੈ। ਹਾਲਾਂਕਿ, ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਫ਼ੋਰੈਂਸਿਕ ਜਾਂਚ ਰਾਹੀਂ ਇਸ ਗੱਲ ਦੀ ਪੁਸ਼ਟੀ ਕਰ ਰਹੇ ਹਨ ਕਿ ਇਸ ਸੜੀ ਹੋਈ ਗੱਡੀ ਦਾ ਸਿੱਧਾ ਸਬੰਧ ਜੋਹਲ ਦੇ ਕਤਲ ਨਾਲ ਹੈ ਜਾਂ ਨਹੀਂ।


IHIT ਵੱਲੋਂ ਮਾਮਲੇ ਦੀ ਬਾਰੀਕੀ ਨਾਲ ਜਾਂਚ ਸ਼ੁਰੂ

ਫ਼ਿਲਹਾਲ ਇਸ ਸਮੁੱਚੇ ਮਾਮਲੇ ਦੀ ਜਾਂਚ ਕੈਨੇਡਾ ਦੀ ਵਿਸ਼ੇਸ਼ ਜਾਂਚ ਏਜੰਸੀ ਇੰਟੀਗ੍ਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਵੱਲੋਂ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਜਾਂਚ ਟੀਮ ਇਸ ਗੱਲ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਜੀਵਨ ਜੋਹਲ ਕਿਹੜੀਆਂ-ਕਿਹੜੀਆਂ ਗ਼ੈਰ-ਕਾਨੂੰਨੀ ਅਤੇ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸੀ ਅਤੇ ਇਸ ਟਾਰਗਿਟ ਕਿਲਿੰਗ ਪਿੱਛੇ ਮੁੱਖ ਸਾਜ਼ਿਸ਼ਘਾੜਾ ਕੌਣ ਹੈ। ਪੁਲਿਸ ਆਸ-ਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਹਮਲਾਵਰਾਂ ਦੀ ਪੈੜ ਨੱਪੀ ਜਾ ਸਕੇ।

Related Post