CJP Protest Live Updates : CJP ਵਲੋਂ ਕੱਲ੍ਹ ਮੁੜ ਜੰਤਰ-ਮੰਤਰ ਵੱਲ ਮਾਰਚ ਦਾ ਐਲਾਨ , ਕਈ ਵੱਡੇ ਆਗੂਆਂ ਸਮੇਤ 7000 ਤੋਂ ਵੱਧ ਲੋਕ ਹਿਰਾਸਤ 'ਚ, CEC ਦੇ ਅਸਤੀਫੇ ਦੀ ਮੰਗ ਦੋਹਰਾਈ
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਨੇਤਾ ਅਜਿੰਕਿਆ ਸ਼ਿੰਦੇ ਨੇ ਐਲਾਨ ਕੀਤਾ ਹੈ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਉਹ ਅਸਤੀਫਾ ਨਹੀਂ ਦਿੰਦੇ। ਸੀਜੇਪੀ ਨੇਤਾ ਅਜਿੰਕਿਆ ਸ਼ਿੰਦੇ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਸੀਜੇਪੀ ਵਰਕਰ ਅਤੇ ਪ੍ਰਦਰਸ਼ਨਕਾਰੀ ਐਤਵਾਰ ਨੂੰ ਇੱਕ ਵਾਰ ਫਿਰ ਜੰਤਰ-ਮੰਤਰ ਵੱਲ ਮਾਰਚ ਕਰਨਗੇ।
ਉਨ੍ਹਾਂ ਅੱਗੇ ਕਿਹਾ ਕਿ "ਅਭੀਜੀਤ ਦੀਪਕੇ ਦੀ ਦਾਦੀ ਦਾ ਅੱਜ ਦੇਹਾਂਤ ਹੋ ਗਿਆ ਸੀ। ਇਸ ਦੇ ਬਾਵਜੂਦ ਪੁਲਿਸ ਨੇ ਦੀਪਕੇ ਨੂੰ ਉਸਦੇ ਵਕੀਲ ਜਾਂ ਪਰਿਵਾਰਕ ਮੈਂਬਰਾਂ ਨਾਲ ਗੱਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ। ਪੁਲਿਸ ਉਸਨੂੰ ਭਾਵਨਾਤਮਕ ਤਸੀਹੇ ਦੇ ਰਹੀ ਹੈ। ਸਾਡਾ ਸਵਾਲ ਇਹ ਹੈ ਕਿ ਉਸਨੂੰ ਫਲਾਈਟ ਤੋਂ ਕਿਉਂ ਹਿਰਾਸਤ ਵਿੱਚ ਲਿਆ ਗਿਆ? ਉਹ ਆਮ ਵਾਂਗ ਫਲਾਈਟ ਰਾਹੀਂ ਦਿੱਲੀ ਆਇਆ ਸੀ। ਕੋਈ ਵੀ ਫਲਾਈਟ ਰਾਹੀਂ ਆ ਸਕਦਾ ਹੈ। ਜੇਕਰ ਉਸਨੇ ਕਿਸੇ ਨਿਯਮ ਦੀ ਉਲੰਘਣਾ ਕੀਤੀ ਹੁੰਦੀ, ਜਾਂ ਸੜਕਾਂ 'ਤੇ ਵਿਰੋਧ ਕੀਤਾ ਹੁੰਦਾ, ਤਾਂ ਉਸਨੂੰ ਹਿਰਾਸਤ ਵਿੱਚ ਲਿਆ ਜਾ ਸਕਦਾ ਸੀ।"
ਕਾਕਰੋਚ ਜਨਤਾ ਪਾਰਟੀ ਵਲੋਂ ਅੱਜ ਦਿੱਲੀ 'ਚ ਕੀਤੇ ਗਏ ਵਿਰੋਧ ਪ੍ਰਦਰਸ਼ਨ ਤੋਂ ਬਾਅਦ ਹੁਣ ਪਾਰਟੀ ਦਾ ਕਹਿਣਾ ਹੈ ਕਿ ਉਹ ਸਰਕਾਰ ਤੋਂ ਡਰਣਗੇ ਨਹੀਂ , ਬਲਕਿ ਕੱਲ੍ਹ ਵੀ ਪ੍ਰਦਰਸ਼ਨ ਜਾਰੀ ਰੱਖਣਗੇ। ਦਿੱਲੀ 'ਚ ਹੋਏ ਅੱਜ ਦੇ ਇਸ ਵਿਰੋਧ ਪ੍ਰਦਰਸ਼ਨ ਕਾਰਨ ਚਿੱਲਾ ਬਾਰਡਰ 'ਤੇ ਭਾਰੀ ਟਰੈਫਿਕ ਜਾਮ ਦੀ ਸਥਿਤੀ ਬਣੀ ਹੋਈ ਹੈ।
ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਐਲਾਨ ਕੀਤਾ ਹੈ ਕਿ 45 ਮੈਟਰੋ ਸਟੇਸ਼ਨ, ਜੋ ਸ਼ੁੱਕਰਵਾਰ ਰਾਤ 9 ਵਜੇ ਤੋਂ ਸੁਰੱਖਿਆ ਕਾਰਨਾਂ ਕਰਕੇ ਬੰਦ ਕਰ ਦਿੱਤੇ ਗਏ ਸਨ, ਅੱਜ ਰਾਤ (10 ਅਕਤੂਬਰ) ਤੱਕ ਬੰਦ ਰਹਿਣਗੇ। ਸੁਰੱਖਿਆ ਏਜੰਸੀਆਂ ਫਿਰ ਸਥਿਤੀ ਦੀ ਸਮੀਖਿਆ ਕਰਨਗੀਆਂ ਅਤੇ ਉਸ ਅਨੁਸਾਰ ਜ਼ਰੂਰੀ ਅਪਡੇਟ ਪ੍ਰਦਾਨ ਕਰਨਗੀਆਂ।
ਕਾਕਰੋਚ ਜਨਤਾ ਪਾਰਟੀ ਦੇ ਅੱਜ ਦੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਟ੍ਰੈਫਿਕ ਪੁਲਿਸ ਨੇ ਰਾਜਧਾਨੀ ਦਿੱਲੀ ਦੇ ਕਈ ਪ੍ਰਮੁੱਖ ਰਸਤਿਆਂ ਨੂੰ ਮੁੜ ਖੋਲ੍ਹ ਦਿੱਤਾ ਹੈ, ਜਿਨ੍ਹਾਂ ਨੂੰ ਪੁਲਿਸ ਨੇ ਬੰਦ ਕਰ ਦਿੱਤਾ ਸੀ ਅਤੇ ਡਾਇਵਰਟ ਕੀਤਾ ਸੀ। ਪੁਲਿਸ ਅਧਿਕਾਰੀਆਂ ਅਨੁਸਾਰ ਹੁਣ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਹੁਣ ਇਨ੍ਹਾਂ ਰਸਤਿਆਂ 'ਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਰਹੀ ਹੈ।
ਦਿੱਲੀ ਟ੍ਰੈਫਿਕ ਪੁਲਿਸ ਨੇ ਯਾਤਰੀਆਂ ਨੂੰ ਆਪਣੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਟ੍ਰੈਫਿਕ ਅਪਡੇਟਸ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ। ਜਿਨ੍ਹਾਂ ਰੂਟਾਂ 'ਤੇ ਪਾਬੰਦੀਆਂ ਹਟਾ ਦਿੱਤੀਆਂ ਗਈਆਂ ਹਨ, ਉਨ੍ਹਾਂ 'ਤੇ ਵਾਹਨਾਂ ਦੀਆਂ ਕਤਾਰਾਂ ਘੱਟ ਹੋਣੀਆਂ ਸ਼ੁਰੂ ਹੋ ਗਈਆਂ ਹਨ ਅਤੇ ਆਵਾਜਾਈ ਆਮ ਰਫ਼ਤਾਰ ਨਾਲ ਚੱਲ ਰਹੀ ਹੈ। ਪ੍ਰਸ਼ਾਸਨ ਸ਼ਹਿਰ ਦੇ ਅੰਦਰ ਆਵਾਜਾਈ ਵਿੱਚ ਕੋਈ ਵਿਘਨ ਨਾ ਪੈਣ ਨੂੰ ਯਕੀਨੀ ਬਣਾਉਣ ਲਈ ਸਥਿਤੀ ਦੀ ਨਿਰੰਤਰ ਨਿਗਰਾਨੀ ਕਰ ਰਿਹਾ ਹੈ।
ਜਾਣਕਾਰੀ ਅਨੁਸਾਰ ਸ਼ੰਕਰ ਰੋਡ-ਵੰਦੇ ਮਾਤਰਮ 'ਟੀ' ਪੁਆਇੰਟ, ਧੌਲਾ ਕੁਆਂ ਫਲਾਈਓਵਰ, ਝੰਡੇਵਾਲਾਂ, ਪੰਚਕੁਈਆਂ, ਮੰਡੀ ਹਾਊਸ, ਡਾ. ਦਿਨੇਸ਼ ਨੰਦਿਨੀ ਡਾਲਮੀਆ ਚੌਕ, ਰਾਮ ਚਰਨ ਅਗਰਵਾਲ ਚੌਕ, ਮਿੰਟੋ ਰੋਡ-ਡੀਡੀਯੂ ਮਾਰਗ, ਗੁਰੂ ਨਾਨਕ ਚੌਕ, ਚੈਮਸਫੋਰਡ ਰੋਡ, ਕਨਾਟ ਪਲੇਸ ਆਊਟਰ ਸਰਕਲ, ਲੋਧੀ ਰੋਡ ਫਲਾਈਓਵਰ, ਨੀਲਾ ਗੁੰਬਦ, ਮਦਰੱਸਾ ਟੀ-ਪੁਆਇੰਟ, ਸਮਰਾਟ ਹੋਟਲ ਰਾਊਂਡ ਅਬਾਊਟ, ਸਰਦਾਰ ਪਟੇਲ ਮਾਰਗ-ਪੰਚਸ਼ੀਲ ਮਾਰਗ ਕਰਾਸਿੰਗ ਸਮੇਤ ਕਈ ਥਾਵਾਂ 'ਤੇ ਆਵਾਜਾਈ ਪ੍ਰਭਾਵਿਤ ਹੋਈ।
ਵਾਤਾਵਰਨ ਕਾਰਕੁਨ ਸੋਨਮ ਵਾਂਗਚੁਕ ਨੇ ਚਿਤਾਵਨੀ ਦਿੱਤੀ ਹੈ ਕਿ ਜੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਹੋਏ ਪ੍ਰਦਰਸ਼ਨ ਦੌਰਾਨ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਨੂੰ ਐਤਵਾਰ ਤੱਕ ਰਿਹਾਅ ਨਾ ਕੀਤਾ ਗਿਆ ਤਾਂ ਉਹ ਮਰਨ ਵਰਤ ਸ਼ੁਰੂ ਕਰ ਸਕਦੇ ਹਨ ਜਾਂ ਪੈਦਲ ਮਾਰਚ ਕੱਢ ਸਕਦੇ ਹਨ। ਇਸ ਬਿਆਨ ਨਾਲ ਵੋਟਰ ਸੂਚੀਆਂ ਵਿੱਚ ਕਥਿਤ ਬੇਨਿਯਮੀਆਂ ਨੂੰ ਲੈ ਕੇ ਜਾਰੀ ਵਿਵਾਦ ਹੋਰ ਭਖ ਗਿਆ ਹੈ।
ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਵਾਂਗਚੁਕ ਨੇ ਕੌਮੀ ਰਾਜਧਾਨੀ ਦੇ ਹਾਲਾਤ ਨੂੰ ‘ਅਣਐਲਾਨੀ ਐਮਰਜੈਂਸੀ’ ਕਰਾਰ ਦਿੱਤਾ। ਉਨ੍ਹਾਂ ਨੇ ਵੋਟਰ ਸੂਚੀਆਂ ਦੀ ਵਿਸ਼ੇਸ਼ ਮੁੜ ਸੁਧਾਈ (SIR) ਵਿਰੁੱਧ ਹੋਏ ਪ੍ਰਦਰਸ਼ਨ ਵਿੱਚ ਸ਼ਾਮਲ ਸਿਆਸੀ ਆਗੂਆਂ ਨੂੰ ਹਿਰਾਸਤ ਵਿੱਚ ਲਏ ਜਾਣ ’ਤੇ ਵੀ ਚਿੰਤਾ ਜ਼ਾਹਰ ਕੀਤੀ।
ਵਾਂਗਚੁਕ ਨੇ ਕਿਹਾ ਕਿ ਉਨ੍ਹਾਂ ਨੇ ਇੱਕ ਦਿਨ ਪਹਿਲਾਂ ਪ੍ਰਦਰਸ਼ਨ ਦੌਰਾਨ ਸ਼ਾਂਤੀ ਅਤੇ ਏਕਤਾ ਬਣਾਈ ਰੱਖਣ ਦੀ ਅਪੀਲ ਕੀਤੀ ਸੀ। ਉਨ੍ਹਾਂ ਨੂੰ ਉਮੀਦ ਸੀ ਕਿ ਅੰਦੋਲਨ ਦੀ ਅਗਵਾਈ ਕਰਨ ਲਈ ਕਈ ਆਗੂ ਮੌਜੂਦ ਹੋਣਗੇ, ਪਰ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਾ ਕਿ ਸਾਰੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਅਜਿਹੇ ਹਾਲਾਤ ਪੈਦਾ ਹੋਣਾ ਚਿੰਤਾਜਨਕ ਹੈ। ਵਾਂਗਚੁਕ ਨੇ ਆਸ ਜਤਾਈ ਕਿ ਹਿਰਾਸਤ ਵਿੱਚ ਲਏ ਗਏ ਨੌਜਵਾਨਾਂ ਨੂੰ ਜਲਦੀ ਰਿਹਾਅ ਕਰ ਦਿੱਤਾ ਜਾਵੇਗਾ। ਹਾਲਾਂਕਿ, ਉਨ੍ਹਾਂ ਸਪੱਸ਼ਟ ਕੀਤਾ ਕਿ ਜੇ ਐਤਵਾਰ ਤੱਕ ਰਿਹਾਈ ਨਾ ਹੋਈ ਤਾਂ ਉਹ ਮਰਨ ਵਰਤ ਸ਼ੁਰੂ ਕਰਨ ਜਾਂ ਪੈਦਲ ਮਾਰਚ ਕੱਢਣ ਵਰਗੇ ਕਦਮ ਚੁੱਕਣ ਬਾਰੇ ਵਿਚਾਰ ਕਰਨਗੇ।
CJP Protest Live Updates: 'ਕਾਕਰੋਚ ਜਨਤਾ ਪਾਰਟੀ' (CJP) ਅੱਜ ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁੱਧ ਰੋਸ ਪ੍ਰਦਰਸ਼ਨ ਕਰੇਗੀ। CJP ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਲੋਕਾਂ ਨੂੰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। CJP ਨੂੰ ਕਈ ਪ੍ਰਮੁੱਖ ਹਸਤੀਆਂ ਦਾ ਸਮਰਥਨ ਮਿਲਿਆ ਹੈ। ਇਸ ਪ੍ਰਦਰਸ਼ਨ ਦੇ ਮੱਦੇਨਜ਼ਰ ਸਰਕਾਰ ਚੌਕਸ ਹੈ। ਦਿੱਲੀ ਜਾਣ ਵਾਲੀਆਂ ਕਈ ਰੇਲਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਅਤੇ ਕਈ ਮੈਟਰੋ ਸਟੇਸ਼ਨ ਬੰਦ ਕਰ ਦਿੱਤੇ ਗਏ ਹਨ।
ਦੇਰ ਰਾਤ ਜਾਰੀ ਕੀਤੇ ਗਏ ਇੱਕ ਵੀਡੀਓ ਸੰਦੇਸ਼ ਵਿੱਚ, ਅਭਿਜੀਤ ਦੀਪਕੇ ਨੇ ਕਿਹਾ ਕਿ ਦਿੱਲੀ ਵਿੱਚ ਸ਼ਨੀਵਾਰ ਨੂੰ ਹੋਣ ਵਾਲਾ ਪ੍ਰਦਰਸ਼ਨ ਜਾਰੀ ਰਹਿਣਾ ਚਾਹੀਦਾ ਹੈ, ਭਾਵੇਂ ਉਨ੍ਹਾਂ ਨੂੰ ਹਿਰਾਸਤ ਵਿੱਚ ਹੀ ਕਿਉਂ ਨਾ ਲੈ ਲਿਆ ਜਾਵੇ। ਦੀਪਕੇ ਨੇ ਕਿਹਾ, "ਸਾਡਾ ਮਾਰਚ ਕੱਲ੍ਹ ਹੈ। ਮੈਨੂੰ ਨਹੀਂ ਪਤਾ ਕਿ ਮੇਰੇ ਨਾਲ ਕੀ ਹੋਵੇਗਾ—ਕਿ ਮੈਨੂੰ ਹਵਾਈ ਅੱਡੇ 'ਤੇ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ਜਾਂ ਬਾਅਦ ਵਿੱਚ। ਪਰ ਮੈਂ ਪਿੱਛੇ ਨਹੀਂ ਹਟਾਂਗਾ, ਕਿਉਂਕਿ ਅਸੀਂ ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣਾ ਚਾਹੁੰਦੇ ਹਾਂ। ਮੈਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਡਰ ਨਹੀਂ ਲੱਗਦਾ। ਸਰਕਾਰ ਸਾਡੇ ਵਿਰੁੱਧ 'ਨੈਸ਼ਨਲ ਸਕਿਓਰਿਟੀ ਐਕਟ' (NSA) ਜਾਂ 'ਗੈਰ-ਕਾਨੂੰਨੀ ਗਤੀਵਿਧੀਆਂ (ਰੋਕਥਾਮ) ਐਕਟ' (UAPA) ਲਾਗੂ ਕਰ ਸਕਦੀ ਹੈ।"
ਦਿੱਲੀ ਪੁਲਿਸ ਨੇ ਸ਼ਨੀਵਾਰ ਲਈ ਕਈ ਮੁੱਖ ਰੂਟਾਂ 'ਤੇ ਆਵਾਜਾਈ ਵਿੱਚ ਬਦਲਾਅ (ਡਾਇਵਰਸ਼ਨ) ਦਾ ਐਲਾਨ ਕੀਤਾ ਹੈ। ਪੁਲਿਸ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੂੰ ਨਵੀਂ ਦਿੱਲੀ ਜਾਂ ਕੇਂਦਰੀ ਦਿੱਲੀ ਰਾਹੀਂ ਰੇਲਵੇ ਸਟੇਸ਼ਨਾਂ, ISBT ਜਾਂ ਹਵਾਈ ਅੱਡੇ 'ਤੇ ਪਹੁੰਚਣਾ ਹੈ, ਤਾਂ ਉਹ ਯਾਤਰਾ ਲਈ ਵਾਧੂ ਸਮਾਂ ਲੈ ਕੇ ਚੱਲਣ।
ਪੁਲਿਸ ਅਨੁਸਾਰ, ਸਥਿਤੀ ਦੇ ਆਧਾਰ 'ਤੇ ਸ਼ਨੀਵਾਰ ਸਵੇਰੇ 6 ਵਜੇ ਤੋਂ ਕਈ ਪ੍ਰਮੁੱਖ ਚੌਰਾਹਿਆਂ ਅਤੇ ਰੂਟਾਂ 'ਤੇ ਆਵਾਜਾਈ ਵਿੱਚ ਬਦਲਾਅ ਲਾਗੂ ਕੀਤੇ ਜਾਣਗੇ। ਇਨ੍ਹਾਂ ਵਿੱਚ ਆਊਟਰ ਸਰਕਲ ਕਨਾਟ ਪਲੇਸ-ਬਰਾਖੰਬਾ ਰੋਡ ਟੀ-ਪੁਆਇੰਟ, ਗੋਲ ਡਾਕਖਾਨਾ ਚੌਕ, ਪਟੇਲ ਚੌਕ, ਜੈ ਸਿੰਘ ਰੋਡ-ਅਸ਼ੋਕਾ ਰੋਡ ਟੀ-ਪੁਆਇੰਟ, ਆਰ.ਐਮ.ਐਲ. (RML) ਹਸਪਤਾਲ ਚੌਕ ਅਤੇ ਆਊਟਰ ਸਰਕਲ ਕਨਾਟ ਪਲੇਸ-ਸੰਸਦ ਮਾਰਗ ਟੀ-ਪੁਆਇੰਟ ਸ਼ਾਮਲ ਹਨ।
- PTC NEWS