Amritsar ’ਚ 27 ਸਾਲਾ ਨੌਜਵਾਨ ਦੀ ਇਲਾਜ ਦੌਰਾਨ ਮੌਤ, ਪਰਿਵਾਰ ਨੇ ਹਸਪਤਾਲ ’ਤੇ ਲਗਾਏ ਗੰਭੀਰ ਲਾਪਰਵਾਹੀ ਦੇ ਇਲਜ਼ਾਮ
ਪਰਿਵਾਰਕ ਮੈਂਬਰਾਂ ਅਨੁਸਾਰ ਗੋਦਾਮ ਮੁਹੱਲਾ ਵਾਸੀ 27 ਸਾਲਾ ਅਭਿਸ਼ੇਕ 8 ਅਗਸਤ ਨੂੰ ਆਪਣੀ ਐਕਟਿਵਾ ਵਿੱਚ ਪੈਟਰੋਲ ਪਵਾਉਣ ਲਈ ਗਿਆ ਸੀ, ਜਿਸ ਦੌਰਾਨ ਉਸ ਨਾਲ ਸੜਕ ਹਾਦਸਾ ਵਾਪਰ ਗਿਆ।
ਅੰਮ੍ਰਿਤਸਰ ਵਿੱਚ ਸੜਕ ਹਾਦਸੇ ਤੋਂ ਬਾਅਦ ਇਲਾਜ ਅਧੀਨ 27 ਸਾਲਾ ਨੌਜਵਾਨ ਅਭਿਸ਼ੇਕ ਦੀ ਮੌਤ ਹੋਣ ਮਗਰੋਂ ਪਰਿਵਾਰਕ ਮੈਂਬਰਾਂ ਵੱਲੋਂ ਹਸਪਤਾਲ ਦੇ ਇਲਾਜ ’ਤੇ ਗੰਭੀਰ ਸਵਾਲ ਚੁੱਕੇ ਗਏ ਹਨ। ਪਰਿਵਾਰ ਨੇ ਹਸਪਤਾਲ ਪ੍ਰਬੰਧਕਾਂ ਅਤੇ ਡਾਕਟਰਾਂ ’ਤੇ ਕਥਿਤ ਲਾਪਰਵਾਹੀ ਦੇ ਦੋਸ਼ ਲਗਾਉਂਦਿਆਂ ਮਾਮਲੇ ਦੀ ਨਿਰਪੱਖ ਜਾਂਚ ਅਤੇ ਜ਼ਿੰਮੇਵਾਰ ਪਾਏ ਜਾਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ।
ਹਸਪਤਾਲ ਪ੍ਰਬੰਧਕਾਂ ਅਤੇ ਡਾਕਟਰਾਂ ’ਤੇ ਕਥਿਤ ਲਾਪਰਵਾਹੀ ਦੇ ਦੋਸ਼
ਪਰਿਵਾਰਕ ਮੈਂਬਰਾਂ ਅਨੁਸਾਰ ਗੋਦਾਮ ਮੁਹੱਲਾ ਵਾਸੀ 27 ਸਾਲਾ ਅਭਿਸ਼ੇਕ 8 ਅਗਸਤ ਨੂੰ ਆਪਣੀ ਐਕਟਿਵਾ ਵਿੱਚ ਪੈਟਰੋਲ ਪਵਾਉਣ ਲਈ ਗਿਆ ਸੀ, ਜਿਸ ਦੌਰਾਨ ਉਸ ਨਾਲ ਸੜਕ ਹਾਦਸਾ ਵਾਪਰ ਗਿਆ। ਪਰਿਵਾਰ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਉਸ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿੱਚ ਲਿਜਾਇਆ ਗਿਆ ਅਤੇ ਬਾਅਦ ਵਿੱਚ 12 ਅਗਸਤ ਨੂੰ ਮਾਲ ਰੋਡ ਸਥਿਤ ਅਮਨਦੀਪ ਮੈਡੀਸਿਟੀ ਵਿੱਚ ਦਾਖ਼ਲ ਕਰਵਾਇਆ ਗਿਆ।
'ਇਲਾਜ ਦੇ ਨਾਂ ’ਤੇ ਭਾਰੀ ਰਕਮ ਕੀਤੀ ਗਈ ਵਸੂਲ'
ਮ੍ਰਿਤਕ ਦੇ ਪਰਿਵਾਰ ਦਾ ਦੋਸ਼ ਹੈ ਕਿ ਨੌਜਵਾਨ ਨੂੰ ਕਈ ਦਿਨ ਹਸਪਤਾਲ ਵਿੱਚ ਰੱਖਿਆ ਗਿਆ ਅਤੇ ਇਲਾਜ ਦੇ ਨਾਂ ’ਤੇ ਉਨ੍ਹਾਂ ਤੋਂ ਭਾਰੀ ਰਕਮ ਲਈ ਗਈ। ਪਰਿਵਾਰ ਨੇ ਦਾਅਵਾ ਕੀਤਾ ਕਿ ਅਭਿਸ਼ੇਕ ਨੂੰ ਦਿੱਤੇ ਗਏ ਕੁਝ ਟੀਕਿਆਂ ਤੋਂ ਬਾਅਦ ਉਸ ਦੀ ਹਾਲਤ ਹੋਰ ਵਿਗੜ ਗਈ ਅਤੇ ਉਹ ਮੁੜ ਹੋਸ਼ ਵਿੱਚ ਨਹੀਂ ਆਇਆ। ਪਰਿਵਾਰ ਨੇ ਨੌਜਵਾਨ ਨੂੰ ਵੈਂਟੀਲੇਟਰ ’ਤੇ ਰੱਖਣ ਅਤੇ ਕੀਤੇ ਗਏ ਇਲਾਜ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ।
ਸਾਰੀ ਫੀਸ ਲੈਣ ਮਗਰੋਂ ਨੌਜਵਾਨ ਨੂੰ ਐਲਾਨਿਆ ਮ੍ਰਿਤ
ਪਰਿਵਾਰਕ ਮੈਂਬਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਰਾਤ ਸਮੇਂ ਉਨ੍ਹਾਂ ਕੋਲੋਂ ਹਸਪਤਾਲ ਦੇ ਬਕਾਇਆ ਪੈਸੇ ਕਲੀਅਰ ਕਰਵਾਏ ਗਏ ਅਤੇ ਇਸ ਤੋਂ ਬਾਅਦ ਨੌਜਵਾਨ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਵੱਲੋਂ ਰੋਸ ਜ਼ਾਹਿਰ ਕਰਦਿਆਂ ਹਸਪਤਾਲ ਦੇ ਡਾਕਟਰਾਂ ਅਤੇ ਪ੍ਰਬੰਧਕਾਂ ਖ਼ਿਲਾਫ਼ ਜਾਂਚ ਦੀ ਮੰਗ ਕੀਤੀ ਗਈ।
ਪਰਿਵਾਰ ਨੇ ਪੁਲਿਸ ਦੀ ਕਾਰਵਾਈ ’ਤੇ ਵੀ ਸਵਾਲ ਖੜ੍ਹੇ ਕੀਤੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਹਾਦਸੇ ਸਬੰਧੀ 8 ਅਗਸਤ ਨੂੰ ਹੀ ਪੁਲਿਸ ਕੋਲ ਸ਼ਿਕਾਇਤ ਕੀਤੀ ਗਈ ਸੀ, ਪਰ ਮਾਮਲੇ ਵਿੱਚ ਸਮੇਂ ਸਿਰ ਠੋਸ ਕਾਰਵਾਈ ਨਹੀਂ ਹੋਈ।
ਐਕਟਿਵਾ ਸਵਾਰ ਅਭਿਸ਼ੇਕ ਨਾਲ ਵਾਪਰਿਆ ਸੀ ਹਾਦਸਾ
ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਸਪਾਲ ਸਿੰਘ ਮੁਤਾਬਕ 8 ਅਗਸਤ ਨੂੰ ਐਕਟਿਵਾ ਸਵਾਰ ਅਭਿਸ਼ੇਕ ਨਾਲ ਹਾਦਸਾ ਵਾਪਰਿਆ ਸੀ ਅਤੇ ਉਸ ਤੋਂ ਬਾਅਦ ਵੱਖ-ਵੱਖ ਹਸਪਤਾਲਾਂ ਵਿੱਚ ਉਸ ਦਾ ਇਲਾਜ ਚੱਲ ਰਿਹਾ ਸੀ। 16 ਅਗਸਤ ਦੀ ਸਵੇਰ ਇਲਾਜ ਦੌਰਾਨ ਨੌਜਵਾਨ ਦੀ ਮੌਤ ਹੋ ਗਈ।
ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ ਅਤੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਪਰਿਵਾਰ ਵੱਲੋਂ ਇਲਾਜ ਵਿੱਚ ਲਾਪਰਵਾਹੀ ਅਤੇ ਗਲਤ ਟੀਕੇ ਲਗਾਉਣ ਸਬੰਧੀ ਲਗਾਏ ਗਏ ਦੋਸ਼ਾਂ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਮੁਤਾਬਕ ਪੋਸਟਮਾਰਟਮ ਰਿਪੋਰਟ ਅਤੇ ਜਾਂਚ ਦੌਰਾਨ ਸਾਹਮਣੇ ਆਉਣ ਵਾਲੇ ਤੱਥਾਂ ਦੇ ਆਧਾਰ ’ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਫਿਲਹਾਲ ਪਰਿਵਾਰ ਵੱਲੋਂ ਲਗਾਏ ਗਏ ਲਾਪਰਵਾਹੀ ਦੇ ਦੋਸ਼ਾਂ ਦੀ ਅਧਿਕਾਰਤ ਤੌਰ ’ਤੇ ਪੁਸ਼ਟੀ ਨਹੀਂ ਹੋਈ ਹੈ ਅਤੇ ਹਸਪਤਾਲ ਪ੍ਰਬੰਧਨ ਦਾ ਪੱਖ ਸਾਹਮਣੇ ਆਉਣਾ ਬਾਕੀ ਹੈ।
ਇਹ ਵੀ ਪੜ੍ਹੋ : 1947 ਦੀ ਵੰਡ ਦੇ ਸ਼ਹੀਦਾਂ ਦੀ ਯਾਦ ’ਚ ਅਰਦਾਸ ਸਮਾਗਮ; ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਸੰਗਤ ਨੂੰ ਕੀਤਾ ਸੰਬੋਧਨ