Amritsar ਦਿਹਾਤੀ ਪੁਲਿਸ ਨੇ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮ, 690 ਗ੍ਰਾਮ IED ਬਰਾਮਦ
Amritsar Rural Police : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਇੱਕ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰਦਿਆਂ ਪੁਲਿਸ ਅਦਾਰੇ ਨੂੰ ਨਿਸ਼ਾਨਾ ਬਣਾਉਣ ਲਈ ਤਿਆਰ ਕੀਤਾ ਗਿਆ ਆਈਈਡੀ ਬਰਾਮਦ ਕੀਤਾ ਹੈ। ਪੁਲਿਸ ਵੱਲੋਂ ਬਰਾਮਦ ਕੀਤੇ ਗਏ IED ਦਾ ਵਜ਼ਨ ਕਰੀਬ 690 ਗ੍ਰਾਮ ਦੱਸਿਆ ਜਾ ਰਿਹਾ ਹੈ।
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਤਵਾਦੀ ਸਾਜ਼ਿਸ਼ ਕੀਤੀ ਨਾਕਾਮ
ਪੁਲਿਸ ਨੇ ਆਈਈਡੀ ਦੇ ਨਾਲ ਇੱਕ ਇਲੈਕਟ੍ਰਾਨਿਕ ਡੈਟੋਨੇਟਰ, ਬੈਟਰੀ, ਟਾਈਮਰ ਅਤੇ ਲੋਹੇ ਦਾ ਡੱਬਾ ਵੀ ਬਰਾਮਦ ਕੀਤਾ ਹੈ। ਬਰਾਮਦਗੀ ਤੋਂ ਬਾਅਦ ਵਿਸਫੋਟਕ ਸਮੱਗਰੀ ਨੂੰ ਸੁਰੱਖਿਆ ਪ੍ਰੋਟੋਕੋਲ ਤਹਿਤ ਸੰਭਾਲਿਆ ਗਿਆ ਅਤੇ ਬੰਬ ਡਿਸਪੋਜ਼ਲ ਸਕੁਐਡ ਵੱਲੋਂ ਇਸਨੂੰ ਸਫਲਤਾਪੂਰਵਕ ਨਕਾਰਾ ਕਰ ਦਿੱਤਾ ਗਿਆ।
ਵੱਡਾ ਖਤਰਾ ਟਲਿਆ
ਅੰਮ੍ਰਿਤਸਰ ਦਿਹਾਤੀ ਪੁਲਿਸ ਮੁਤਾਬਕ ਇਸ ਕਾਰਵਾਈ ਨਾਲ ਇੱਕ ਸੰਭਾਵਿਤ ਵੱਡੇ ਖਤਰੇ ਨੂੰ ਟਾਲ ਦਿੱਤਾ ਗਿਆ ਹੈ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਸਬੰਧਤ ਥਾਣੇ ਵਿੱਚ ਕਾਨੂੰਨ ਦੀਆਂ ਢੁਕਵੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਹੈ।
ਹੁਣ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਕੀਤੀ ਜਾ ਰਹੀ ਜਾਂਚ
ਹੁਣ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਜਾਂਚ ਏਜੰਸੀਆਂ ਇਹ ਪਤਾ ਲਗਾਉਣ ਵਿੱਚ ਜੁਟੀਆਂ ਹੋਈਆਂ ਹਨ ਕਿ ਇਸ ਸਾਜ਼ਿਸ਼ ਦੇ ਪਿੱਛੇ ਕੌਣ-ਕੌਣ ਲੋਕ ਸ਼ਾਮਲ ਹਨ ਅਤੇ ਆਈਈਡੀ ਨੂੰ ਕਿੱਥੇ ਅਤੇ ਕਿਸ ਮਕਸਦ ਨਾਲ ਲਗਾਇਆ ਜਾਣਾ ਸੀ। ਮੁਲਜ਼ਮਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਲਈ ਪੁਲਿਸ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਪੰਜਾਬ ਪੁਲਿਸ ਨੇ ਕਿਹਾ ਹੈ ਕਿ ਅੱਤਵਾਦੀ ਨੈੱਟਵਰਕ, ਸੰਗਠਿਤ ਅਪਰਾਧ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ ਅਤੇ ਸੂਬੇ ਵਿੱਚ ਅਮਨ-ਸ਼ਾਂਤੀ, ਸੁਰੱਖਿਆ ਅਤੇ ਜਨਤਕ ਸੁਰੱਖਿਆ ਨੂੰ ਕਾਇਮ ਰੱਖਣ ਲਈ ਪੁਲਿਸ ਪੂਰੀ ਤਰ੍ਹਾਂ ਵਚਨਬੱਧ ਹੈ।
ਇਹ ਵੀ ਪੜ੍ਹੋ : ਸੁਖਬੀਰ ਸਿੰਘ ਬਾਦਲ 'ਤੇ ਹਮਲੇ ਨੂੰ ਲੈ ਕੇ MP ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਲਿਖੀ ਚਿੱਠੀ
- PTC NEWS