Hoshiarpur News : ਦੁਬਈ ਤੋਂ 56 ਸਾਲਾ ਸੁਰਿੰਦਰ ਪਾਲ ਦੀ ਮ੍ਰਿਤਕ ਦੇਹ ਪਹੁੰਚੀ ਪਿੰਡ , ਬੀਤੇ ਦਿਨੀਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ ਮੌਤ

Hoshiarpur News : ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜਸ਼ੰਕਰ ਦੇ ਪਿੰਡ ਲਹਿਰਾ ਨਾਲ ਸਬੰਧਿਤ 56 ਸਾਲਾ ਸੁਰਿੰਦਰ ਪਾਲ ਪੁੱਤਰ ਕੁੰਦਨ ਲਾਲ ਦਾ ਮ੍ਰਿਤਕ ਸਰੀਰ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਿਆ,ਜਿਸ ਉਪਰੰਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਉਸ ਦੇ ਘਰ ਭੇਜਿਆ ਗਿਆ

By  Shanker Badra December 18th 2025 04:21 PM

Hoshiarpur News : ਹੁਸ਼ਿਆਰਪੁਰ ਜ਼ਿਲ੍ਹੇ ਦੀ ਤਹਿਸੀਲ ਗੜਸ਼ੰਕਰ ਦੇ ਪਿੰਡ ਲਹਿਰਾ ਨਾਲ ਸਬੰਧਿਤ 56 ਸਾਲਾ ਸੁਰਿੰਦਰ ਪਾਲ ਪੁੱਤਰ ਕੁੰਦਨ ਲਾਲ ਦਾ ਮ੍ਰਿਤਕ ਸਰੀਰ ਅੱਜ ਦੁਬਈ ਤੋਂ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਵਿਖੇ ਪੁੱਜਿਆ,ਜਿਸ ਉਪਰੰਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਰਾਹੀਂ ਉਸ ਦੇ ਘਰ ਭੇਜਿਆ ਗਿਆ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਰੱਬ ਦੇ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਉੱਘੇ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਬਾਨੀ ਡਾ.ਐੱਸ.ਪੀ. ਸਿੰਘ ਓਬਰਾਏ ਨੇ ਦੱਸਿਆ ਸੁਰਿੰਦਰ ਪਾਲ ਵੀ ਆਪਣੇ ਪਰਿਵਾਰ ਦੀ ਬਿਹਤਰੀ ਲਈ ਕਰੀਬ ਪਿਛਲੇ 10 ਸਾਲਾਂ ਤੋਂ ਦੁਬਈ ਵਿਖੇ ਮਿਹਨਤ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਸੁਰਿੰਦਰ ਪਾਲ ਦੇ ਪਰਿਵਾਰ ਵੱਲੋਂ ਉਨ੍ਹਾਂ ਨਾਲ ਸੰਪਰਕ ਕਰ ਕੇ ਦੱਸਿਆ ਕਿ ਬੀਤੀ 6 ਦਸੰਬਰ ਨੂੰ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਸੁਰਿੰਦਰ ਪਾਲ ਦੀ ਦੁਬਈ ਅੰਦਰ ਮੌਤ ਹੋ ਗਈ ਹੈ।

 ਪਰਿਵਾਰ ਮੁਤਾਬਿਕ ਸੁਰਿੰਦਰ ਪਾਲ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਜ਼ਿੰਮੇਵਾਰੀ ਉਸ ਦੀ ਕੰਮ ਵਾਲੀ ਕੰਪਨੀ ਵੱਲੋਂ ਨਿਭਾਈ ਜਾ ਰਹੀ ਹੈ ਪਰ ਉਨ੍ਹਾਂ ਨੂੰ ਹਵਾਈ ਅੱਡਾ ਅੰਮ੍ਰਿਤਸਰ ਤੋਂ ਮ੍ਰਿਤਕ ਦੇਹ ਘਰ ਤੱਕ ਲੈ ਕੇ ਜਾਣ ਲਈ ਟਰੱਸਟ ਦੀ ਮੁਫ਼ਤ ਐਂਬੂਲੈਂਸ ਸੇਵਾ ਦੀ ਜ਼ਰੂਰਤ ਹੈ। ਸੋ ਅੱਜ ਅੰਮ੍ਰਿਤਸਰ ਹਵਾਈ ਅੱਡੇ ਤੋਂ ਮ੍ਰਿਤਕ ਸਰੀਰ ਪੀੜ੍ਹਤ ਪਰਿਵਾਰ ਦੀ ਹਾਜ਼ਰੀ 'ਚ ਟਰੱਸਟ ਦੇ ਪੰਜਾਬ ਪ੍ਰਧਾਨ ਸੁਖਜਿੰਦਰ ਸਿੰਘ ਹੇਰ ਤੇ ਜਨਰਲ ਸਕੱਤਰ ਮਨਪ੍ਰੀਤ ਸਿੰਘ ਸੰਧੂ ਵੱਲੋਂ ਪ੍ਰਾਪਤ ਕਰਕੇ ਟਰੱਸਟ ਦੀ 'ਮੁਫ਼ਤ ਐਂਬੂਲੈਂਸ ਸੇਵਾ' ਰਾਹੀਂ ਉਸ ਦੇ ਘਰ ਤੱਕ ਭੇਜਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਟਰੱਸਟ ਦੀ ਹੁਸ਼ਿਆਰਪੁਰ ਜ਼ਿਲ੍ਹੇ ਦੀ ਟੀਮ ਵੱਲੋਂ ਜਲਦ ਹੀ ਪੀੜਤ ਪਰਿਵਾਰ ਦੀ ਆਰਥਿਕ ਹਾਲਤ ਤੋਂ ਜਾਣੂ ਕਰਵਾਉਣ ਉਪਰੰਤ ਸੁਰਿੰਦਰ ਪਾਲ ਦੇ ਪਰਿਵਾਰ ਨੂੰ ਲੋੜ ਅਨੁਸਾਰ ਮਹੀਨਾਵਾਰ ਪੈਨਸ਼ਨ ਵੀ ਦਿੱਤੀ ਜਾਵੇਗੀ। ਇਸ ਦੌਰਾਨ ਦੁਬਈ ਤੋਂ ਮ੍ਰਿਤਕ ਸਰੀਰ ਲੈ ਕੇ ਪਹੁੰਚੇ ਸੁਰਿੰਦਰ ਪਾਲ ਦੇ ਪੁੱਤਰ ਹਰਸ਼ਦੀਪ, ਭਾਣਜਾ ਕਰਮਵੀਰ ਤੋਂ ਇਲਾਵਾ ਜੀਜਾ ਰਾਮ ਗੋਪਾਲ, ਭਤੀਜਾ ਸੌਰਵ ਤੇ ਸਾਂਢੂ ਕੁਲਰਾਜ ਮੁਹੰਮਦ ਨੇ ਡਾ.ਐੱਸ.ਪੀ. ਸਿੰਘ ਓਬਰਾਏ ਦਾ ਇਸ ਔਖੀ ਘੜੀ ਵੇਲੇ ਉਨ੍ਹਾਂ ਦੇ ਪਰਿਵਾਰ ਦੀ ਵੱਡੀ ਮਦਦ ਕਰਨ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।

Related Post