ਆਪ ਦੇ ਸੱਤਾ ਸੰਭਾਲਣ ਪਿੱਛੋਂ ਕਿਵੇਂ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜੀ ? ਪੜ੍ਹੋ 9 ਹਾਈ ਪ੍ਰੋਫਾਈਲ ਕਤਲਾਂ ਦੀਆਂ ਕਹਾਣੀਆਂ
9 High Profile Murders of Punjab : 2022 ਵਿੱਚ ਆਮ ਆਦਮੀ ਪਾਰਟੀ (AAP) ਦੀ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਕਈ ਹਾਈ-ਪ੍ਰੋਫਾਈਲ ਕਤਲਾਂ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਇੱਕ ਵੱਡੀ ਰਾਜਨੀਤਕ ਬਹਿਸ ਨੂੰ ਜਨਮ ਦਿੱਤਾ ਹੈ।
9 High Profile Murders of Punjab : 2022 ਵਿੱਚ ਆਮ ਆਦਮੀ ਪਾਰਟੀ (AAP) ਦੀ ਪੰਜਾਬ ਵਿੱਚ ਸਰਕਾਰ ਬਣਨ ਤੋਂ ਬਾਅਦ ਕਈ ਹਾਈ-ਪ੍ਰੋਫਾਈਲ ਕਤਲਾਂ ਨੇ ਸੂਬੇ ਨੂੰ ਹਿਲਾ ਕੇ ਰੱਖ ਦਿੱਤਾ ਹੈ, ਜਿਸ ਨੇ ਕਾਨੂੰਨ ਵਿਵਸਥਾ ਨੂੰ ਲੈ ਕੇ ਇੱਕ ਵੱਡੀ ਰਾਜਨੀਤਕ ਬਹਿਸ ਨੂੰ ਜਨਮ ਦਿੱਤਾ ਹੈ। ਸਭ ਤੋਂ ਤਾਜ਼ਾ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟਾ ਦਾ ਕਤਲ ਹੈ, ਜਿਸ ਨੇ ਨੈਸ਼ਨਲ ਪੱਧਰ 'ਤੇ ਕਾਨੂੰਨ ਵਿਵਸਥਾ 'ਤੇ ਧਿਆਨ ਖਿੱਚਿਆ ਹੈ।
ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਕਤਲ (Sandeep Nangal Ambia Murder)
ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਭ ਤੋਂ ਪਹਿਲਾ ਹਮਲਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਦੇ ਕਤਲ ਨਾਲ ਹੋਇਆ। ਇਹ ਘਟਨਾ ਮੁੱਖ ਮੰਤਰੀ ਭਗਵੰਤ ਮਾਨ ਦੇ ਸਹੁੰ ਚੁੱਕ ਸਮਾਗਮ 16 ਮਾਰਚ ਤੋਂ ਠੀਕ ਪਹਿਲਾਂ 14 ਮਾਰਚ ਨੂੰ ਵਾਪਰੀ, ਜਿਸ ਨੇ ਕਾਨੂੰਨ ਵਿਵਸਥਾ ਨੂੰ ਲੀਹੋਂ ਲਾਹ ਕੇ ਰੱਖਣ ਦੀ ਸ਼ੁਰੂਆਤ ਕਰ ਦਿੱਤੀ। ਅੰਬੀਆਂ ਨੂੰ ਉਦੋਂ ਗੋਲੀਆਂ ਮਾਰੀਆਂ ਗਈਆਂ, ਜਦੋਂ ਉਸ ਨੇ ਜਲੰਧਰ ਦੇ ਨਕੋਦਰ ਦੇ ਪਿੰਡ ਮੱਲੀਆਂ ਵਿਖੇ ਕਬੱਡੀ ਟੂਰਨਾਮੈਂਟ 'ਚ ਸ਼ਿਰਕਤ ਕੀਤੀ ਸੀ।
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ (Sidhu Moosewala Murder)
ਉਪਰੰਤ, ਵੱਡਾ ਝਟਕਾ 29 ਮਈ, 2022 ਨੂੰ ਆਇਆ, ਜਦੋਂ ਗਾਇਕ ਸਿੱਧੂ ਮੂਸੇਵਾਲਾ ਨੂੰ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਦਿੱਤੀ ਗਈ। ਸੂਬਾ ਸਰਕਾਰ ਵੱਲੋਂ ਸੁਰੱਖਿਆ ਕਵਰ ਵਾਪਸ ਲੈਣ ਤੋਂ ਇੱਕ ਦਿਨ ਬਾਅਦ ਮੂਸੇਵਾਲਾ 'ਤੇ ਹਮਲਾ ਕੀਤਾ ਗਿਆ। ਇਹ ਮਾਮਲਾ ਅਜੇ ਵੀ ਅਦਾਲਤ ਵਿੱਚ ਚੱਲ ਰਿਹਾ ਹੈ, ਭਾਵੇਂ ਕਿ ਪੁਲਿਸ ਨੇ 29 ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਪਰ ਮੁਕੱਦਮੇ ਦੀ ਸੁਣਵਾਈ ਅਜੇ ਵੀ ਸ਼ਿਕਾਇਤਕਰਤਾ, ਗਾਇਕ ਦੇ ਪਿਤਾ ਦੀ ਸੁਣਵਾਈ ਅਧੀਨ ਸੀ।
ਇਸ ਕਤਲ ਲਈ ਵਿਰੋਧੀਆਂ ਵੱਲੋਂ ਸਿੱਧੇ ਤੌਰ 'ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਸਵਾਲ ਚੁੱਕੇ ਸਨ ਕਿ ਕਿਵੇਂ ਗਾਇਕ ਦੀ ਸੁਰੱਖਿਆ ਵਾਪਸੀ ਦੀ ਖ਼ਬਰ ਲੀਕ ਹੋਈ ?
ਹਿੰਦੂ ਲੀਡਰ ਸੂਰੀ ਦਾ ਕਤਲ
ਅਜੇ ਕੁੱਝ ਮਹੀਨੇ ਹੀ ਲੰਘੇ ਸਨ ਕਿ 4 ਨਵੰਬਰ, 2022 ਨੂੰ ਹਿੰਦੂ ਸੱਜੇ-ਪੱਖੀ ਲੀਡਰ ਸੁਧੀਰ ਸੂਰੀ ਦੀ ਅੰਮ੍ਰਿਤਸਰ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਉਨ੍ਹਾਂ ਨੂੰ ਇੱਕ ਮੰਦਿਰ ਦੇ ਬਾਹਰ ਧਰਨੇ ਦੌਰਾਨ ਗੋਲੀ ਮਾਰੀ ਗਈ। ਹਾਲਾਂਕਿ, ਮੁਲਜ਼ਮ ਨੂੰ ਮੌਕੇ 'ਤੇ ਹੀ ਫੜ ਲਿਆ ਗਿਆ ਸੀ, ਪਰ ਲਗਭਗ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਕੋਈ ਫੈਸਲਾ ਨਹੀਂ ਆਇਆ ਹੈ।
ਗੁਰਪ੍ਰੀਤ ਸਿੰਘ ਹਰੀ ਨੌਂ ਦਾ ਕਤਲ
ਇਸ ਪਿੱਛੋਂ, 9 ਅਕਤੂਬਰ 2024 ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਵਿੱਤ ਸਕੱਤਰ ਰਹੇ ਅਤੇ ਦੀਪ ਸਿੱਧੂ ਦੇ ਕਰੀਬੀ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਅਕਤੂਬਰ 2024 ਵਿਚ ਉਸ ਦੇ ਪਿੰਡ ਵਿੱਚ ਹੀ ਕੁਝ ਅਣਪਛਾਤੇ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਗੈਂਗਸਟਰ ਅਰਸ਼ ਡੱਲਾ, ਇਸ ਕਤਲਕਾਂਡ ਦਾ ਮਾਸਟਰਮਾਈਂਡ ਨਿਕਲਿਆ ਸੀ।
ਇਸ ਦੇ ਨਾਲ ਹੀ, ਫਰੀਦਕੋਟ ਪੁਲਿਸ ਨੇ ਮਾਮਲੇ ਵਿੱਚ ਖਡੂਰ ਸਾਹਿਬ ਤੋਂ ਸਾਂਸਦ ਅੰਮ੍ਰਿਤਪਾਲ ਸਿੰਘ ਦਾ ਨਾਮ ਵੀ ਸਾਹਮਣੇ ਆਇਆ ਸੀ ਅਤੇ ਕੁੱਲ 17 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਸੀ।
ਕਮਲ ਕੌਰ ਉਰਫ਼ ਭਾਬੀ ਕੰਚਨ ਕੁਮਾਰੀ
ਕੰਚਨ ਕੁਮਾਰੀ, ਉਰਫ਼ ਕਮਲ ਕੌਰ, ਲੁਧਿਆਣਾ ਦੀ ਇੱਕ ਸੋਸ਼ਲ ਮੀਡੀਆ ਇਨਫਲੂਐਂਸਰ ਸੀ, ਜਿਸਦੀ ਲਾਸ਼ ਬਠਿੰਡਾ ਵਿੱਚ ਉਸਦੀ ਕਾਰ ਵਿੱਚੋਂ ਮਿਲੀ ਸੀ। ਲੁਧਿਆਣਾ ਦੀ ਲਛਮਣ ਕਲੋਨੀ ਦੀ ਰਹਿਣ ਵਾਲੀ ਕੰਚਨ ਕੁਮਾਰੀ "Funny Bhabhi TV" ਨਾਮਕ ਇੱਕ ਚੈਨਲ ਚਲਾਉਂਦੀ ਸੀ, ਜਿਸਦੇ ਲਗਭਗ 236,000 ਫਾਲੋਅਰ ਸਨ।
ਪੁਲਿਸ ਦਾ ਕਹਿਣਾ ਸੀ ਕਿ ਉਸਦਾ 9 ਜੂਨ, 2025 ਨੂੰ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ ਸੀ। ਉਸਦੀ ਕਾਰ ਬਠਿੰਡਾ ਜ਼ਿਲ੍ਹੇ ਵਿੱਚ ਆਦੇਸ਼ ਯੂਨੀਵਰਸਿਟੀ ਦੀ ਪਾਰਕਿੰਗ ਵਿੱਚ ਛੱਡੀ ਹੋਈ ਮਿਲੀ ਸੀ ਅਤੇ ਉਹ 9 ਜੂਨ ਤੋਂ ਲਾਪਤਾ ਸੀ। ਇਸ ਤੋਂ ਤੁਰੰਤ ਬਾਅਦ ਗ੍ਰਿਫ਼ਤਾਰ ਕੀਤੇ ਗਏ ਦੋ ਵਿਅਕਤੀਆਂ ਨੇ ਕਿਹਾ ਕਿ ਉਨ੍ਹਾਂ ਨੇ "ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਅਨੈਤਿਕ ਅਤੇ ਅਸ਼ਲੀਲ ਸਮੱਗਰੀ" ਅਪਲੋਡ ਕਰਨ ਲਈ ਕਤਲ ਕੀਤਾ ਗਿਆ। ਪੁਲਿਸ ਨੇ ਕਿਹਾ ਕਿ ਕਥਿਤ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋਂ ਘੰਟਿਆਂ ਦੇ ਅੰਦਰ-ਅੰਦਰ ਯੂਏਈ ਭੱਜ ਗਿਆ। ਹਾਲਾਂਕਿ, ਬਾਅਦ ਵਿੱਚ ਉਸ ਨੂੰ ਪੰਜਾਬ ਲਿਆਂਦਾ ਗਿਆ ਅਤੇ ਮੁਕੱਦਮਾ ਜਾਰੀ ਹੈ।
ਅਬੋਹਰ ਦੇ ਕੱਪੜਾ ਵਪਾਰ ਦਾ ਸ਼ੋਅਰੂਮ ਦੇ ਬਾਹਰ ਕਤਲ
ਅਬੋਹਰ ਦੇ ਮਸ਼ਹੂਰ ਕੱਪੜਾ ਵਪਾਰੀ ਸੰਜੇ ਵਰਮਾ ਦਾ 7 ਜੁਲਾਈ 2025 ਨੂੰ ਉਨ੍ਹਾਂ ਦੇ ਸ਼ੋਅਰੂਮ ਦੇ ਬਾਹਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਹਮਲਾਵਰ ਮੋਟਰਸਾਈਕਲ ’ਤੇ ਆਏ ਸਨ ਅਤੇ ਵਾਰਦਾਤ ਤੋਂ ਬਾਅਦ ਫਰਾਰ ਹੋ ਗਏ। ਜਾਂਚ ਦੌਰਾਨ ਪੁਲਿਸ ਨੇ ਕਈ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਅਤੇ ਸ਼ੂਟਰਾਂ ਦੀ ਮਦਦ ਕਰਨ ਵਾਲੇ ਲੋਕਾਂ ਨੂੰ ਵੀ ਕਾਬੂ ਕੀਤਾ।
ਕਤਲ ਤੋਂ ਬਾਅਦ ਲਾਰੈਂਸ ਬਿਸ਼ਨੋਈ ਨਾਲ ਜੁੜੇ ਆਰਜ਼ੂ ਬਿਸ਼ਨੋਈ ਵੱਲੋਂ ਸੋਸ਼ਲ ਮੀਡੀਆ ’ਤੇ ਇਸ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਸੀ। ਪੁਲਿਸ ਨੇ ਇਸ ਦਾਅਵੇ ਦੀ ਜਾਂਚ ਕਰਦਿਆਂ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਲੋਕਾਂ ਦੀ ਭੂਮਿਕਾ ਵੀ ਖੰਗਾਲੀ।
ਅਕਤੂਬਰ 2026 ਵਿੱਚ ਪੁਲਿਸ ਨੇ ਜਸਕਰਨ ਸਿੰਘ, ਰਾਜਿੰਦਰ ਸਿੰਘ ਅਤੇ ਸ਼ਕਤੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆ ਕੇ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਲਿਆ। ਜਾਂਚ ਅਜੇ ਵੀ ਜਾਰੀ ਹੈ।
ਰਾਣਾ ਬਲਾਚੌਰੀਆ - ਕਬੱਡੀ ਦੇ ਮੈਦਾਨ 'ਚ ਗੋਲੀਆਂ
ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ ਕਬੱਡੀ ਨਾਲ ਜੁੜੇ ਪ੍ਰਮੋਟਰ ਸਨ। ਰਾਣੀ ਬਲਾਚੌਰੀਆ ਨੂੰ ਦਸੰਬਰ 2025 'ਚ ਮੁਹਾਲੀ ਦੇ ਸੋਹਾਣਾ 'ਚ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਦਿੱਤੀਆਂ ਗਈਆਂ। ਮੁੱਢਲੀ ਜਾਂਚ 'ਚ ਕਤਲ ਨੂੰ ਕਬੱਡੀ ਟੂਰਨਾਮੈਂਟਾਂ ਉਪਰ ਕੰਟਰੋਲ ਅਤੇ ਦਬਦਬੇ ਦੀ ਲੜਾਈ ਨਾਲ ਜੋੜਿਆ ਸੀ।
ਹਾਲਾਂਕਿ, ਬਾਅਦ 'ਚ ਕਈ ਸ਼ੂਟਰ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀ ਗ੍ਰਿਫ਼ਤਾਰੀ ਹੋਈ। ਇੱਕ ਸੋਸ਼ਲ ਮੀਡੀਆ ਪੋਸਟ 'ਚ ਕਤਲ ਨੂੰ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਦੱਸਣ ਦਾ ਦਾਅਵਾ ਵੀ ਕੀਤਾ ਗਿਆ ਸੀ।
ਚਰਨਪ੍ਰੀਤ ਸਿੰਘ ਕੁੱਬਾਹੇੜੀ ਕਤਲ
18 ਮਾਰਚ, 2026 ਨੂੰ ਚੰਡੀਗੜ੍ਹ ਗੈਂਗਵਦੇ ਮੁੱਲਾਂਪੁਰ 'ਚ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁੱਬਾਹੇੜੀ ਦਾ ਕਤਲ ਕਰ ਦਿੱਤਾ ਗਿਆ। ਉਸ ਨੂੰ ਸੈਕਟਰ 9 'ਚ ਜ਼ਿੰਮ ਦੇ ਬਾਹਰ ਮੌਤ ਦੇ ਘਾਟ ਉਤਾਰਿਆ ਗਿਆ।
ਭਾਵੇਂ ਕਿ ਪ੍ਰੋਪਰਟੀ ਡੀਲਰ ਚੀਨੀ ਕੁੱਬਾਹੇੜੀ ਦੇ ਕਤਲ ਦਾ ਮਾਮਲਾ ਜਾਇਦਾਦ ਨੂੰ ਲੈ ਕੇ ਝਗੜਾ ਸਾਹਮਣੇ ਆਇਆ, ਪਰੰਤੂ ਮਾਮਲੇ ਵਿੱਚ ਮੁਲਜ਼ਮ ਵੱਜੋਂ ਸਾਹਮਣੇ ਆਈ ਅਮਰੀਨ ਕੌਰ ਦੇ ਗੈਂਗਸਟਰ ਲੱਕੀ ਪਟਿਆਲਾ ਰਾਹੀਂ ਕਤਲ ਦੀ ਸਾਜਿਸ਼ ਰਚਣ ਨੇ ਕਈ ਸਵਾਲ ਖੜੇ ਕੀਤੇ।
ਮੈਡ ਸੰਧੂ ਕਤਲ (Mad Sandhu)
ਅੰਮ੍ਰਿਤਸਰ 'ਚ ਸੋਸ਼ਲ ਮੀਡੀਆ ਇਨਫਲੂਐਂਸਰ ਮਧੂਸੂਦਨ ਸਿੰਘ ਉਰਫ਼ ਮੈਡ ਸੰਧੂ ਦੇ ਕਤਲ ਨੇ ਲੋਕਤੰਤਰ 'ਚ ਆਜ਼ਾਦੀ ਨਾਲ ਰਹਿਣ ਦੇ ਹੱਕ 'ਤੇ ਵੀ ਹਮਲਾ ਕੀਤਾ। ਮੈਡ ਸੰਧੂ ਨੂੰ 3 ਅਕਤੂਬਰ, 2026 ਨੂੰ ਸ਼ਾਮ 6 ਵਜੇ ਦੇ ਕਰੀਬ ਲੁਹਾਰਕਾ ਰੋਡ 'ਤੇ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ।
ਮੈਡ ਸੰਧੂ ਦੇ ਕਤਲ ਦੀ ਜ਼ਿੰਮੇਵਾਰੀ ਲੈਂਦੀ ਇੱਕ ਕਥਿਤ ਪੋਸਟ ਵੀ ਵਾਇਰਲ ਹੋਈ ਸੀ, ਜਿਸ 'ਚ ਗੋਲਡੀ ਢਿੱਲੋਂ ਅਤੇ ਜੱਗਾ ਤਰਨਤਾਰਨ ਨੇ ਜ਼ਿੰਮੇਵਾਰੀ ਲਈ ਸੀ। ਪੁਲਿਸ ਵੱਲੋਂ ਅਜੇ ਵੀ ਇਸ ਮਾਮਲੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ।
ਪਰਵਿੰਦਰ ਸਿੰਘ ਝੋਟਾ ਦਾ ਕਤਲ
ਪਰਵਿੰਦਰ ਸਿੰਘ ਝੋਟਾ, ਦਾ ਕਤਲ 13 ਅਕਤੂਬਰ ਨੂੰ ਉਦੋਂ ਕੀਤਾ ਗਿਆ, ਜਦੋਂ ਉਹ ਮੈਡੀਕਲ ਨਸ਼ੇ ਖਿਲਾਫ਼ ਲੜਾਈ ਲੜ ਰਿਹਾ ਸੀ। ਮਾਨਸਾ 'ਚ ਉਸ ਨੂੰ ਮੁਲਜ਼ਮ ਅਸਵਨੀ ਕੁਮਾਰ ਨੇ ਬਿਨਾਂ ਕਿਸੇ ਡਰ ਤੋਂ ਚਿੱਟੇ ਦਿਨ ਗੋਲੀਆਂ ਮਾਰੀਆਂ ਅਤੇ ਫਰਾਰ ਹੋ ਗਿਆ। ਕਤਲ ਨੂੰ ਲੈ ਕੇ ਲੋਕਾਂ 'ਚ ਰੋਹ ਭਖਿਆ, ਜਿਸ ਤੋਂ ਬਾਅਦ ਪੰਜਾਬ ਬੰਦ ਦਾ ਸੱਦਾ ਵੀ ਦਿੱਤਾ ਗਿਆ। ਇਸ ਕਤਲ ਨੇ ਪੰਜਾਬ 'ਚ ਖਰਾਬ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਇੱਕ ਤਰ੍ਹਾਂ ਨਾਲ ਉਜਾਗਰ ਕਰਕੇ ਰੱਖ ਦਿੱਤਾ।
2022 'ਚ ਆਮ ਆਦਮੀ ਪਾਰਟੀ ਦੇ ਸੱਤਾ ਸੰਭਾਲਣ ਤੋਂ ਬਾਅਦ ਵਿਗੜੀ ਕਾਨੂੰਨ ਵਿਵਸਥਾ 2027 ਚੋਣਾਂ ਦੇ ਬੂਹੇ ਆਉਣ ਤੱਕ ਵੀ ਜਾਰੀ ਹੈ। ਵਿਰੋਧੀ ਧਿਰਾਂ ਵੱਲੋਂ ਪੰਜਾਬ 'ਚ ਕਤਲਾਂ, ਇਥੋਂ ਤੱਕ ਕਿ ਪੁਲਿਸ ਥਾਣਿਆਂ 'ਤੇ ਹਮਲਿਆਂ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਲਗਾਤਾਰ ਘੇਰਿਆ ਗਿਆ ਅਤੇ ਅਸਤੀਫੇ ਦੀ ਵੀ ਮੰਗ ਕੀਤੀ ਗਈ। ਹਾਲਾਂਕਿ, ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਸਭ ਨੂੰ ਅੱਖੋਂ-ਪਰੋਖੇ ਕੀਤਾ ਗਿਆ, ਪਰੰਤੂ 2027 ਚੋਣਾਂ ਤੋਂ ਪਹਿਲਾਂ ਅਤੇ ਆਮ ਆਦਮੀ ਪਾਰਟੀ ਦੀ ਸੱਤਾ ਦੇ ਆਖਰੀ ਸਾਲ ਵਿੱਚ ਵਾਪਰੀਆਂ ਘਟਨਾਵਾਂ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਤ ਕੀਤਾ ਹੈ, ਜਿਸ ਨਾਲ ਵਿਰੋਧੀ ਧਿਰਾਂ ਇੱਕ ਵਾਰ ਮੁੜ ਹਮਲਾਵਰ ਹੋ ਗਈਆਂ ਹਨ, ਜੋ ਆਮ ਆਦਮੀ ਪਾਰਟੀ ਲਈ ਚਿੰਤਾ ਦਾ ਸਬੱਬ ਵੀ ਹੈ। ਫਿਲਹਾਲ, ਵੇਖਣਾ ਹੋਵੇਗਾ ਕਿ ਕਾਨੂੰਨ ਵਿਵਸਥਾ ਅਤੇ ਨਸ਼ਿਆਂ ਦੇ ਮੁੱਦੇ 'ਤੇ ਪੰਜਾਬ ਦੀ ਸੱਤਾ ਸੰਭਾਲਣ ਵਾਲੀ ਪਾਰਟੀ ਹੁਣ ਖੁਦ ਇਨ੍ਹਾਂ ਮੁੱਦਿਆਂ ਦਾ ਕਿਵੇਂ ਸਾਹਮਣਾ ਕਰੇਗੀ।
ਇਹ ਵੀ ਪੜ੍ਹੋ...