Mon, Oct 26, 2026
Whatsapp

ਚੰਡੀਗੜ੍ਹ ਦੀ ਸਫ਼ਾਈ ਵਿਵਸਥਾ ਤੋਂ ਨਾਰਾਜ਼ ਪਦਮਸ੍ਰੀ ਇੰਦਰਜੀਤ ਸਿੰਘ ਸਿੱਧੂ, ਖ਼ੁਦ ਕੂੜਾ ਚੁੱਕਣ ਲਈ ਉਤਰੇ

ਨਗਰ ਨਿਗਮ ਦੀ ਕਾਰਗੁਜ਼ਾਰੀ ’ਤੇ ਚੁੱਕੇ ਸਵਾਲ

Reported by:  PTC News Desk  Edited by:  Jaswinder Kaur -- October 26th 2026 06:02 PM
ਚੰਡੀਗੜ੍ਹ ਦੀ ਸਫ਼ਾਈ ਵਿਵਸਥਾ ਤੋਂ ਨਾਰਾਜ਼ ਪਦਮਸ੍ਰੀ ਇੰਦਰਜੀਤ ਸਿੰਘ ਸਿੱਧੂ, ਖ਼ੁਦ ਕੂੜਾ ਚੁੱਕਣ ਲਈ ਉਤਰੇ

ਚੰਡੀਗੜ੍ਹ ਦੀ ਸਫ਼ਾਈ ਵਿਵਸਥਾ ਤੋਂ ਨਾਰਾਜ਼ ਪਦਮਸ੍ਰੀ ਇੰਦਰਜੀਤ ਸਿੰਘ ਸਿੱਧੂ, ਖ਼ੁਦ ਕੂੜਾ ਚੁੱਕਣ ਲਈ ਉਤਰੇ

Padma Shri Inderjit Singh Sidhu angry with Chandigarh's sanitation system : ਚੰਡੀਗੜ੍ਹ ਦੀ ਸਫ਼ਾਈ ਵਿਵਸਥਾ ਤੋਂ ਨਾਰਾਜ਼ 89 ਸਾਲਾ ਪਦਮਸ੍ਰੀ ਐਵਾਰਡੀ ਅਤੇ ਸੇਵਾਮੁਕਤ ਆਈ.ਪੀ.ਐੱਸ. ਅਧਿਕਾਰੀ ਇੰਦਰਜੀਤ ਸਿੰਘ ਸਿੱਧੂ ਇੱਕ ਵਾਰ ਫਿਰ ਖ਼ੁਦ ਸੜਕਾਂ ਅਤੇ ਗਲੀਆਂ ਵਿੱਚੋਂ ਕੂੜਾ ਚੁੱਕਣ ਲਈ ਉਤਰ ਆਏ ਹਨ। ਨਗਰ ਨਿਗਮ ਦੇ ਸਫ਼ਾਈ ਪ੍ਰਬੰਧਾਂ ਵਿੱਚ ਕਥਿਤ ਲਾਪਰਵਾਹੀ ਤੋਂ ਦੁਖੀ ਸਿੱਧੂ ਨੇ ਅਧਿਕਾਰੀਆਂ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕਰਦਿਆਂ ਉਨ੍ਹਾਂ ਨੂੰ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦਾ ਨਿਯਮਿਤ ਦੌਰਾ ਕਰਨ ਦੀ ਅਪੀਲ ਕੀਤੀ ਹੈ।

ਇੰਦਰਜੀਤ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸ਼ਹਿਰ ਦੀਆਂ ਸੜਕਾਂ, ਪਾਰਕਾਂ, ਗਲੀਆਂ ਅਤੇ ਬਾਜ਼ਾਰਾਂ ਵਿੱਚ ਕੂੜਾ ਖਿੱਲਰਿਆ ਪਿਆ ਹੈ। ਉਨ੍ਹਾਂ ਅਨੁਸਾਰ ਸੈਕਟਰ-49 ਦੇ ਪਾਰਕ ਵਿੱਚੋਂ ਕੂੜਾਦਾਨ ਤੱਕ ਗਾਇਬ ਹਨ, ਜਦਕਿ ਬਾਜ਼ਾਰ ਵਿੱਚ ਵੀ ਸਫ਼ਾਈ ਦੀ ਮਾੜੀ ਹਾਲਤ ਦੇਖਣ ਨੂੰ ਮਿਲ ਰਹੀ ਹੈ। ਉਨ੍ਹਾਂ ਨੇ ਨਗਰ ਨਿਗਮ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਖ਼ੁਦ ਮੌਕੇ ’ਤੇ ਜਾ ਕੇ ਜਾਂਚ ਕਰਨ ਕਿ ਸਫ਼ਾਈ ਕਰਮਚਾਰੀ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾ ਰਹੇ ਹਨ ਜਾਂ ਨਹੀਂ।

ਇਹ ਵੀ ਪੜ੍ਹੋ : 

https://www.ptcnews.tv/news-in-punjabi/aqi-of-delhi-drops-pollution-high-in-3-areas-4430970

ਉਨ੍ਹਾਂ ਸੈਕਟਰ-49ਏ ਦੇ ਬਾਜ਼ਾਰ ਵਿੱਚ ਜਨਤਕ ਪਖਾਨਿਆਂ ਦੇ ਬਾਹਰ ਦੁਕਾਨਦਾਰਾਂ ਵੱਲੋਂ ਕਥਿਤ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਵੀ ਉਠਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਕਬਜ਼ਿਆਂ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਜਨਤਕ ਪਖਾਨਿਆਂ ਦੀ ਵਰਤੋਂ ਕਰਨ ਵਿੱਚ ਵੀ ਮੁਸ਼ਕਲ ਆਉਂਦੀ ਹੈ।

ਅਮਰੀਕਾ ਜਾਣ ਦੀ ਬਜਾਏ ਦੇਸ਼ ਦੀ ਸੇਵਾ ਨੂੰ ਦਿੱਤੀ ਤਰਜੀਹ

ਇੰਦਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਉਹ ਵੀ ਇਸ ਸਫ਼ਾਈ ਮੁਹਿੰਮ ਵਿੱਚ ਆਪਣੇ ਪਿਤਾ ਦਾ ਸਾਥ ਦੇ ਰਿਹਾ ਹੈ। ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਨੂੰ ਦੇਖਦਿਆਂ ਪੁੱਤਰ ਨੇ ਉਨ੍ਹਾਂ ਨੂੰ ਅਮਰੀਕਾ ਆਉਣ ਦੀ ਸਲਾਹ ਦਿੱਤੀ ਸੀ, ਪਰ ਉਨ੍ਹਾਂ ਨੇ ਵਿਦੇਸ਼ ਜਾਣ ਤੋਂ ਇਨਕਾਰ ਕਰ ਦਿੱਤਾ।

ਉਨ੍ਹਾਂ ਕਿਹਾ ਕਿ ਉਹ ਅਮਰੀਕਾ ਜਾਣ ਦੀ ਬਜਾਏ ਆਪਣੇ ਦੇਸ਼ ਵਿੱਚ ਰਹਿ ਕੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਆਪਣੀ ਜ਼ਿੰਦਗੀ ਦੇ ਆਖ਼ਰੀ ਸਾਹ ਤੱਕ ਦੇਸ਼ ਲਈ ਯੋਗਦਾਨ ਪਾਉਂਦੇ ਰਹਿਣਾ ਚਾਹੁੰਦੇ ਹਨ। ਉਨ੍ਹਾਂ ਮੁਤਾਬਕ ਪਹਿਲਾਂ ਉਨ੍ਹਾਂ ਨੇ ਪੁਲੀਸ ਅਧਿਕਾਰੀ ਵਜੋਂ ਦੇਸ਼ ਦੀ ਸੇਵਾ ਕੀਤੀ ਅਤੇ ਹੁਣ ਸੇਵਾਮੁਕਤੀ ਤੋਂ ਬਾਅਦ ਸਫ਼ਾਈ ਮੁਹਿੰਮ ਰਾਹੀਂ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ।

ਬੁਢਾਪੇ ਦੇ ਬਾਵਜੂਦ ਰੋਜ਼ਾਨਾ ਸਫ਼ਾਈ ਵਿੱਚ ਜੁਟੇ ਰਹਿੰਦੇ ਹਨ ਸਿੱਧੂ

ਉਨ੍ਹਾਂ ਦੇ ਗੁਆਂਢੀ ਰਾਜੇਸ਼ ਕੇ. ਆਰੀਆ ਨੇ ਦੱਸਿਆ ਕਿ ਉਮਰ ਅਤੇ ਕਮਜ਼ੋਰ ਸਿਹਤ ਦੇ ਬਾਵਜੂਦ ਸਿੱਧੂ ਹਰ ਰੋਜ਼ ਸਵੇਰੇ ਅਤੇ ਸ਼ਾਮ ਨੂੰ ਗਲੀਆਂ ਦੀ ਸਫ਼ਾਈ ਕਰਦੇ ਹਨ। ਉਨ੍ਹਾਂ ਦਾ ਸਫ਼ਾਈ ਪ੍ਰਤੀ ਸਮਰਪਣ ਇਲਾਕੇ ਦੇ ਲੋਕਾਂ ਲਈ ਪ੍ਰੇਰਨਾ ਦਾ ਸਰੋਤ ਹੈ।

ਆਰੀਆ ਅਨੁਸਾਰ ਗੁਆਂਢੀ ਕਈ ਵਾਰ ਸਿੱਧੂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਅਤੇ ਆਰਾਮ ਕਰਨ ਦੀ ਸਲਾਹ ਦਿੰਦੇ ਹਨ, ਪਰ ਉਹ ਆਪਣਾ ਕੰਮ ਜਾਰੀ ਰੱਖਣ ਨੂੰ ਤਰਜੀਹ ਦਿੰਦੇ ਹਨ।

ਡੀ.ਆਈ.ਜੀ. ਦੇ ਅਹੁਦੇ ਤੋਂ ਹੋਏ ਸਨ ਸੇਵਾਮੁਕਤ

ਇੰਦਰਜੀਤ ਸਿੰਘ ਸਿੱਧੂ ਸਾਲ 1996 ਵਿੱਚ ਪੰਜਾਬ ਪੁਲੀਸ ਵਿੱਚ ਡੀ.ਆਈ.ਜੀ. ਦੇ ਅਹੁਦੇ ਤੋਂ ਸੇਵਾਮੁਕਤ ਹੋਏ ਸਨ। ਸੇਵਾਮੁਕਤੀ ਤੋਂ ਬਾਅਦ ਜਦੋਂ ਉਨ੍ਹਾਂ ਨੇ ਆਪਣੀ ਸੁਸਾਇਟੀ ਅਤੇ ਆਲੇ-ਦੁਆਲੇ ਕੂੜੇ ਦੇ ਢੇਰ ਦੇਖੇ ਤਾਂ ਉਨ੍ਹਾਂ ਨੇ ਸਬੰਧਤ ਕਰਮਚਾਰੀਆਂ ਕੋਲ ਸ਼ਿਕਾਇਤ ਵੀ ਕੀਤੀ। ਪਰ ਜਦੋਂ ਉਨ੍ਹਾਂ ਨੂੰ ਕੋਈ ਠੋਸ ਕਾਰਵਾਈ ਹੁੰਦੀ ਨਜ਼ਰ ਨਹੀਂ ਆਈ ਤਾਂ ਉਨ੍ਹਾਂ ਨੇ ਖ਼ੁਦ ਹੀ ਇਲਾਕੇ ਨੂੰ ਸਾਫ਼ ਰੱਖਣ ਦਾ ਜ਼ਿੰਮਾ ਚੁੱਕ ਲਿਆ।

ਜ਼ਿਕਰਯੋਗ ਹੈ ਕਿ ਇਸੇ ਸਾਲ ਜੂਨ ਮਹੀਨੇ ਨਵੀਂ ਦਿੱਲੀ ਸਥਿਤ ਰਾਸ਼ਟਰਪਤੀ ਭਵਨ ਵਿੱਚ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਇੰਦਰਜੀਤ ਸਿੰਘ ਸਿੱਧੂ ਨੂੰ ਪਦਮਸ੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਸੀ। ਦੇਸ਼ ਦੇ ਇਸ ਵੱਕਾਰੀ ਸਨਮਾਨ ਦੇ ਬਾਵਜੂਦ ਉਨ੍ਹਾਂ ਦਾ ਸਾਦਾ ਜੀਵਨ ਅਤੇ ਸਮਾਜ ਸੇਵਾ ਪ੍ਰਤੀ ਸਮਰਪਣ ਬਰਕਰਾਰ ਹੈ। ਉਨ੍ਹਾਂ ਵੱਲੋਂ ਆਪਣੇ ਹੱਥੀਂ ਕੂੜਾ ਚੁੱਕ ਕੇ ਸਫ਼ਾਈ ਕਰਨਾ ਨਾ ਸਿਰਫ਼ ਨਾਗਰਿਕਾਂ ਲਈ ਪ੍ਰੇਰਨਾ ਹੈ, ਸਗੋਂ ਨਗਰ ਨਿਗਮ ਦੇ ਸਫ਼ਾਈ ਪ੍ਰਬੰਧਾਂ ’ਤੇ ਵੀ ਗੰਭੀਰ ਸਵਾਲ ਖੜ੍ਹੇ ਕਰਦਾ ਹੈ।

















- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK