71 ਸਾਲਾਂ ਬਜ਼ੁਰਗ ਦੀ ਜੇਲ ’ਚ ਹੋਈ ਮੌਤ, ਪਿੰਡਵਾਸੀਆਂ ਨੇ ਲਾਸ਼ ਰੱਖ ਕੇ ਕੀਤਾ ਰੋਸ ਮੁਜ਼ਾਹਰਾ

By  Shameela Khan September 28th 2023 08:02 PM -- Updated: September 28th 2023 08:41 PM

ਪਟਿਆਲਾ : ਕੇਂਦਰੀ ਜੇਲ ਵਿੱਚ ਬੰਦ ਪਿੰਡ ਚੱਪੜ ਨਿਵਾਸੀ ਕਿਰਪਾਲ ਸਿੰਘ 71 ਸਾਲ ਦੀ ਮੌਤ ਹੋ ਗਈ ਹੈ। ਜਿਸਤੋਂ ਬਾਅਦ ਵੀਰਵਾਰ ਨੂੰ ਪਰਿਵਾਰ ਵੱਲੋਂ ਪਿੰਡ ਦੇ ਘਨੋਰ ਪਟਿਆਲਾ ਰੋਡ 'ਤੇ ਲਾਸ਼ ਰੱਖ ਕੇ ਸ਼ਰਾਬ ਦੇ ਠੇਕੇਦਾਰ ਖਿਲਾਫ਼ ਕਾਰਵਾਈ ਦੀ ਮੰਗ ਕਰਦਿਆਂ ਪ੍ਰਦਰਸ਼ਨ ਕੀਤਾ ਗਿਆ। ਮ੍ਰਿਤਕ ਕਿਰਪਾਲ ਸਿੰਘ ਦੇ ਪੁੱਤਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਸਨੋਰ ਦੇ ਸ਼ਰਾਬ ਦੇ ਠੇਕੇਦਾਰ ਵੱਲੋਂ ਉਨ੍ਹਾਂ ਦੇ ਘਰ ਵਿੱਚ ਦਾਖ਼ਲ ਹੋ ਕੇ ਉਸਦੇ ਅਪਾਹਿਜ ਪਿਤਾ ਅਤੇ ਉਸਦੀ ਗਰਭਵਤੀ ਪਤਨੀ ਨਾਲ ਵੀ ਖਿੱਚ-ਧੂ ਕੀਤੀ ਗਈ। ਕ੍ਰਿਪਾਲ ਸਿੰਘ ਨੂੰ ਜ਼ਬਰਦਸਤੀ ਗੱਡੀ ਦੇ ਵਿੱਚ ਬਿਠਾਕੇ ਸਨੋਰ ਥਾਣਾ ਲੈ ਗਏ। ਜਿੱਥੇ ਕ੍ਰਿਪਾਲ ਖਿਲਾਫ ਭੁੱਕੀ ਦਾ ਨਾਜਾਇਜ਼ ਮੁਕੱਦਮਾ ਦਰਜ ਕਰਵਾ ਦਿੱਤਾ।


ਸੁਖਜਿੰਦਰ ਸਿੰਘ ਅਨੁਸਾਰ ਅਦਾਲਤ ਵੱਲੋਂ 14 ਸਤੰਬਰ ਨੂੰ ਉਸਨੂੰ ਜੁਡੀਸ਼ਅਲ ਕਸਟਡੀ ਲਈ ਸੈਂਟਰ ਜੇਲ ਪਟਿਆਲਾ ਭੇਜਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਜੇਲ ਵਿੱਚ ਮੌਤ ਹੋ ਗਈ। ਧਰਨੇ ‘ਤੇ ਬੈਠੇ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਸ਼ਰਾਬ ਦੇ ਠੇਕੇਦਾਰ 'ਤੇ ਉਸ ਦੇ ਸਾਥੀਆਂ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਧਰਨਾ ਜਾਰੀ ਰਹੇਗੀ। ਉਨ੍ਹਾਂ ਦੋਸ਼ ਲਾਇਆ ਕਿ ਹਾਲੇ ਵੀ ਸ਼ਰਾਬ ਦੇ ਠੇਕੇਦਾਰ ਅਤੇ ਉਨ੍ਹਾਂ ਦੇ ਮੁਲਾਜ਼ਮਾਂ ਦੇ ਵੱਲੋਂ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।

ਪਿੰਡ ਦੇ ਸਰਪੰਚ ਮਨਜੀਤ ਸਿੰਘ ਨੇ ਕਿਹਾ ਕਿ ਜੋ ਕਿਰਪਾਲ ਸਿੰਘ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ ਉਹ ਬਿਲਕੁਲ ਬੇਬੁਨਿਆਦ ਸੀ ਜਿਸਦੇ ਵਿੱਚ ਕੋਈ ਵੀ ਸੱਚਾਈ ਨਹੀਂ ਸੀ। ਉਹ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਵੇਚਦਾ ਸੀ। ਜੇਕਰ ਉਸਦੇ ਵੱਲੋਂ ਅਜਿਹਾ ਕੁੱਝ ਕੀਤਾ ਜਾਂਦਾ ਤਾਂ ਪਿੰਡ ਵੱਲੋਂ ਹੀ ਉਨ੍ਹਾਂ ਦੀ ਸ਼ਿਕਾਇਤ ਦਰਜ ਕਰਵਾਈ ਜਾਂਦੀ। ਉਨ੍ਹਾਂ ਕਿਹਾ ਕਿ ਮ੍ਰਿਤਕ ਤਾਂ ਚੱਲ ਵੀ ਨਹੀਂ ਸਕਦਾ ਸੀ ਅਤੇ ਜਦੋਂ ਤੱਕ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਦਾ ਉਦੋਂ ਤੱਕ ਸਮੂਹ ਪਿੰਡ ਵਾਸੀ ਇਸੇ ਤਰ੍ਹਾਂ ਆਪਣਾ ਪ੍ਰਦਰਸ਼ਨ ਜਾਰੀ ਰੱਖਣਗੇ।






Related Post