ਪੰਜਾਬ ਚ ਆਪ ਦਾ ਮਿਸ਼ਨ ਬਦਲਾਅ, ਸਮਾਣਾ ਚ ਵਿਧਾਇਕ ਦੇ ਹੁੰਦਿਆਂ ਅਕਾਲੀ ਦਲ ਤੋਂ ਆਏ ਨੇਤਾ ਨੂੰ ਲਾਇਆ ਇੰਚਾਰਜ, ਸ਼ਾਹਕੋਟ ਚ ਵੀ ਨਵਾਂ ਚਿਹਰਾ!
Punjab News: ਆਮ ਆਦਮੀ ਪਾਰਟੀ (ਆਪ) ਨੇ ਪੰਜਾਬ ਵਿੱਚ ਆਪਣੇ ਸੰਗਠਨਾਤਮਕ ਢਾਂਚੇ ਨੂੰ ਹੋਰ ਮਜ਼ਬੂਤ ਅਤੇ ਸਰਗਰਮ ਕਰਨ ਦੇ ਉਦੇਸ਼ ਨਾਲ ਦੋ ਅਹਿਮ ਵਿਧਾਨ ਸਭਾ ਹਲਕਿਆਂ ਲਈ ਨਵੇਂ ਖੇਤਰੀ ਇੰਚਾਰਜਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।
Punjab News: ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਵਿੱਚ ਸਭ ਕੁਝ ਅਚਾਨਕ ਠੀਕ ਨਹੀਂ ਚੱਲ ਰਿਹਾ। ਆਪਣੀ ਹੀ ਪਾਰਟੀ ਦੇ ਵਿਧਾਇਕਾਂ ਅਤੇ ਮੰਤਰੀਆਂ ਤੋਂ ਲੋਕਾਂ ਦੇ ਉੱਠ ਰਹੇ ਵਿਸ਼ਵਾਸ ਨੂੰ ਦੇਖਦਿਆਂ 'ਆਪ' ਹਾਈਕਮਾਨ ਨੇ ਹੁਣ ਸੰਗਠਨ ਦੇ ਨਾਂ 'ਤੇ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੱਤੇ ਹਨ। ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸਿਸੋਦੀਆ ਅਤੇ ਸੂਬਾ ਪ੍ਰਧਾਨ ਅਮਨ ਅਰੋੜਾ ਵੱਲੋਂ ਸਮਾਣਾ ਅਤੇ ਸ਼ਾਹਕੋਟ ਵਿਧਾਨ ਸਭਾ ਹਲਕਿਆਂ ਲਈ ਨਵੇਂ ਇੰਚਾਰਜਾਂ ਦਾ ਐਲਾਨ ਕੀਤਾ ਗਿਆ ਹੈ, ਜਿਸ ਨੇ ਪਾਰਟੀ ਦੇ ਅੰਦਰੂਨੀ ਕਲੇਸ਼ ਅਤੇ ਵਿਧਾਇਕਾਂ ਦੀ ਨਾਕਾਮੀ 'ਤੇ ਮੋਹਰ ਲਗਾ ਦਿੱਤੀ ਹੈ।
ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦੇ ਪਰ ਕੱਟਣ ਦੀ ਤਿਆਰੀ!
ਸਭ ਤੋਂ ਹੈਰਾਨੀਜਨਕ ਫੈਸਲਾ ਸਮਾਣਾ ਹਲਕੇ ਨੂੰ ਲੈ ਕੇ ਸਾਹਮਣੇ ਆਇਆ ਹੈ। 2022 ਵਿੱਚ 'ਆਪ' ਦੀ ਟਿਕਟ 'ਤੇ ਜਿੱਤ ਕੇ ਮੰਤਰੀ ਬਣੇ ਚੇਤਨ ਸਿੰਘ ਜੋੜਾਮਾਜਰਾ ਦੇ ਹਲਕੇ ਵਿੱਚ ਪਾਰਟੀ ਨੇ ਅਕਾਲੀ ਦਲ ਛੱਡ ਕੇ ਆਏ ਸੁਰਜੀਤ ਸਿੰਘ ਰੱਖੜਾ ਨੂੰ ਹਲਕਾ ਇੰਚਾਰਜ ਥਾਪ ਦਿੱਤਾ ਹੈ। ਰਾਜਨੀਤਿਕ ਮਾਹਰਾਂ ਦਾ ਮੰਨਣਾ ਹੈ ਕਿ ਆਪਣੇ ਹੀ ਮੌਜੂਦਾ ਮੰਤਰੀ/ਵਿਧਾਇਕ ਦੀ ਕਾਰਗੁਜ਼ਾਰੀ ਤੋਂ ਪਾਰਟੀ ਨਿਰਾਸ਼ ਹੈ, ਜਿਸ ਕਰਕੇ ਹੁਣ ਦੂਜੀਆਂ ਪਾਰਟੀਆਂ 'ਚੋਂ ਆਏ ਨੇਤਾਵਾਂ ਦੇ ਸਹਾਰੇ ਦੀ ਲੋੜ ਪੈ ਰਹੀ ਹੈ।
ਸ਼ਾਹਕੋਟ 'ਚ ਵੀ ਜ਼ਮੀਨ ਖਿਸਕਣ ਦਾ ਡਰ
ਦੂਜੇ ਪਾਸੇ, ਜਲੰਧਰ ਦੀ ਸ਼ਾਹਕੋਟ ਸੀਟ 'ਤੇ ਕਾਂਗਰਸ ਦੇ ਮੌਜੂਦਾ ਵਿਧਾਇਕ ਲਾਡੀ ਸ਼ੇਰੋਵਾਲੀਆ ਦੇ ਮਜ਼ਬੂਤ ਗੜ੍ਹ ਨੂੰ ਤੋੜਨ 'ਚ ਨਾਕਾਮ ਰਹੀ 'ਆਪ' ਨੇ ਹੁਣ ਬਲਬੀਰ ਸਿੰਘ (ਪਾਲਾ ਜਲਾਲਪੁਰ) 'ਤੇ ਦਾਅ ਖੇਡਿਆ ਹੈ। ਸਥਾਨਕ ਲੋਕਾਂ ਦਾ ਦੋਸ਼ ਹੈ ਕਿ ਪਿਛਲੇ ਢਾਈ ਸਾਲਾਂ 'ਚ ਹਲਕੇ 'ਚ ਕੋਈ ਵਿਕਾਸ ਨਹੀਂ ਹੋਇਆ, ਜਿਸ ਦੇ ਗੁੱਸੇ ਨੂੰ ਸ਼ਾਂਤ ਕਰਨ ਲਈ ਪਾਰਟੀ ਹੁਣ ਨਵੇਂ ਮੁੱਖੜੇ ਅੱਗੇ ਕਰ ਰਹੀ ਹੈ।
ਆਪਣੇ ਹੀ ਵਿਧਾਇਕਾਂ 'ਤੇ 'ਆਪ' ਨੂੰ ਨਹੀਂ ਰਿਹਾ ਭਰੋਸਾ?
ਇਹ ਪਹਿਲੀ ਵਾਰ ਨਹੀਂ ਹੈ ਜਦੋਂ 'ਆਪ' ਸਰਕਾਰ ਨੇ ਆਪਣੇ ਵਿਧਾਇਕਾਂ ਦੀਆਂ ਸ਼ਕਤੀਆਂ 'ਤੇ ਕੱਟ ਲਾਇਆ ਹੋਵੇ। ਇਸ ਤੋਂ ਪਹਿਲਾਂ ਵੀ ਅਨਮੋਲ ਗਗਨ ਮਾਨ (ਖਰੜ), ਲਾਲਜੀਤ ਭੁੱਲਰ (ਪੱਟੀ), ਅਮਿਤ ਰਤਨ (ਬਠਿੰਡਾ ਦਿਹਾਤੀ) ਅਤੇ ਕੁੰਵਰ ਵਿਜੇ ਪ੍ਰਤਾਪ (ਅੰਮ੍ਰਿਤਸਰ ਉੱਤਰੀ) ਵਰਗੇ ਦਿੱਗਜ ਵਿਧਾਇਕਾਂ ਦੇ ਹਲਕਿਆਂ ਵਿੱਚ ਬਾਹਰੀ ਇੰਚਾਰਜ ਤਾਇਨਾਤ ਕੀਤੇ ਜਾ ਚੁੱਕੇ ਹਨ। ਵਿਰੋਧੀ ਧਿਰਾਂ ਦਾ ਇਲਜ਼ਾਮ ਹੈ ਕਿ 'ਆਪ' ਦੇ ਆਪਣੇ ਵਿਧਾਇਕ ਜ਼ਮੀਨੀ ਪੱਧਰ 'ਤੇ ਬੁਰੀ ਤਰ੍ਹਾਂ ਫ਼ੇਲ੍ਹ ਸਾਬਤ ਹੋਏ ਹਨ, ਜਿਸ ਕਾਰਨ ਪਾਰਟੀ ਨੂੰ 'ਪੈਰਲਲ ਸਰਕਾਰ' ਚਲਾਉਣ ਲਈ ਇਹ ਡੈਮੇਜ ਕੰਟਰੋਲ ਕਰਨਾ ਪੈ ਰਿਹਾ ਹੈ।