'ਜੇਕਰ ਸਰਕਾਰ ਫਾਂਸੀ ਦੇਣ...', PM ਮੋਦੀ ਨੂੰ ਜਨਮ ਦਿਨ 'ਤੇ ਬਲਵੰਤ ਸਿੰਘ ਰਾਜੋਆਣਾ ਨੇ ਲਿਖੀ ਚਿੱਠੀ, ਪੜ੍ਹੋ ਕੀ ਕੀਤੀ ਮੰਗ ?
Balwant Singh Rajoana Letter to PM Modi birthday : 31 ਸਾਲ ਤੋਂ ਪੰਜਾਬ ਦੀ ਪਟਿਆਲਾ ਜੇਲ੍ਹ 'ਚ ਬੰਦੀ ਸਿੱਖ ਬਲਵੰਤ ਸਿੰਘ ਰਾਜੋਆਣਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਚਿੱਠੀ ਲਿਖੀ ਹੈ। ਰਾਜੋਆਣਾ ਨੇ ਚਿੱਠੀ ਵਿੱਚ ਪੀਐਮ ਮੋਦੀ ਨੂੰ ਆਪਣੀ ਰਹਿਮ ਦੀ ਅਪੀਲ 'ਤੇ ਜਲਦ ਫੈਸਲਾ ਲੈਣ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ 15 ਸਾਲਾਂ 'ਚ ਰਹਿਮ ਦੀ ਅਪੀਲ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ।
ਰਾਜੋਆਣਾ ਨੇ ਕਿਹਾ ਕਿ ਉਸ ਨੂੰ ਜੇਲ੍ਹ 'ਚ 31 ਸਾਲ ਹੋ ਗਏ ਹਨ ਅਤੇ ਲੰਬੇ ਸਮੇਂ ਤੋਂ ਫ਼ਾਂਸੀ ਦੀ ਸਜ਼ਾ ਦੇ ਸਬੰਧੀ ਆਖਰੀ ਫੈਸਲੇ ਦੀ ਉਡੀਕ ਵਿੱਚ ਹਨ। ਉਨ੍ਹਾਂ ਕਿਹਾ ਕਿ ਮੈਂ ਕਦੇ ਵੀ ਅਦਾਲਤ ਵਿੱਚ ਆਪਣੇ ਕੰਮ ਨੂੰ ਲੁਕਾਇਆ ਨਹੀਂ ਅਤੇ ਫਾਂਸੀ ਦੀ ਸਜ਼ਾ ਨੂੰ ਵੀ ਸਵੀਕਾਰਿਆ ਹੈ।
ਬਲਵੰਤ ਸਿੰਘ ਰਾਜੋਆਣਾ ਨੇ ਚਿੱਠੀ ਰਾਹੀਂ ਪੀਐਮ ਮੋਦੀ ਨੂੰ ਕੀ ਅਪੀਲ ਕੀਤੀ ?
ਬਲਵੰਤ ਸਿੰਘ ਰਾਜੋਆਣਾ ਨੇ ਕਿਹਾ, “ਫਾਂਸੀ ਦੀ ਸਜ਼ਾ ਨਾਲ ਸਬੰਧਤ ਅਪੀਲ ਪਿਛਲੇ ਤਕਰੀਬਨ 15 ਸਾਲਾਂ ਤੋਂ ਤੁਹਾਡੀ ਸਰਕਾਰ ਕੋਲ ਵਿਚਾਰ ਅਧੀਨ ਹੈ। ਤੁਸੀਂ 2019 ਵਿੱਚ ਵੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ, ਪਰ ਉਸ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ। ਦੇਸ਼ ਦੀ ਸੁਪਰੀਮ ਕੋਰਟ ਪਿਛਲੇ 6 ਸਾਲਾਂ ਤੋਂ ਤੁਹਾਡੀ ਇਸ ਅਪੀਲ ’ਤੇ ਫੈਸਲਾ ਲੈਣ ਲਈ ਵੱਖ-ਵੱਖ ਆਦੇਸ਼ ਜਾਰੀ ਕਰ ਰਹੀ ਹੈ, ਪਰ ਤੁਹਾਡੀ ਸਰਕਾਰ ਫਿਰ ਵੀ ਇਸ ਅਪੀਲ ’ਤੇ ਫੈਸਲਾ ਨਹੀਂ ਕਰ ਰਹੀ। ਤੁਸੀਂ 2023 ਵਿੱਚ ਸੁਪਰੀਮ ਕੋਰਟ ਵਿੱਚ ਇਹ ਹਲਫ਼ਨਾਮਾ ਦਾਖਲ ਕਰਕੇ ਕਿਹਾ ਸੀ ਕਿ ਫੈਸਲਾ ਟਾਲਣ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਜਾਵੇਗਾ। ਜਿਹੜਾ ਇਨਸਾਨ ਪਿਛਲੇ 31 ਸਾਲਾਂ ਤੋਂ ਤੁਹਾਡੀ ਹਿਰਾਸਤ ਵਿੱਚ ਹੈ, ਜਿਸ ਦੇ ਪਲ-ਪਲ ਦੀ ਜਾਣਕਾਰੀ ਤੁਹਾਡੇ ਕੋਲ ਹੈ, ਫਿਰ ਵੀ ਤੁਸੀਂ ਕਹਿੰਦੇ ਹੋ ਕਿ ਇਸ ਦੀ ਅਪੀਲ ’ਤੇ ਫੈਸਲਾ ਟਾਲਣ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਜਾਵੇਗਾ। ਕੀ ਪਰਮਾਣੂ ਸ਼ਕਤੀ ਵਾਲੇ ਦੇਸ਼ ਦੀ ਸੁਰੱਖਿਆ ਇੰਨੀ ਕਮਜ਼ੋਰ ਹੈ ਕਿ ਇੱਕ ਫੈਸਲੇ ਨਾਲ ਖ਼ਤਰੇ ਵਿੱਚ ਪੈ ਜਾਵੇਗੀ? ਤੁਹਾਡੀ ਇਸ ਦਲੀਲ ’ਤੇ ਕੋਈ ਵੀ ਯਕੀਨ ਨਹੀਂ ਕਰ ਪਾ ਰਿਹਾ।''
ਬਲਵੰਤ ਸਿੰਘ ਰਾਜੋਆਣਾ ਦੀ ਚਿੱਠੀ ਵੇਖੋ...ਕਲਿੱਕ ਕਰਕੇ
ਉਨ੍ਹਾਂ ਕਿਹਾ ਕਿ ਅਫ਼ਸੋਸ ਹੈ ਕਿ ਦੇਸ਼ ਦੀ ਸੁਪਰੀਮ ਕੋਰਟ ਵੱਲੋਂ ਪਿਛਲੇ 6 ਸਾਲਾਂ ਤੋਂ ਇਸ ਅਪੀਲ ’ਤੇ ਫੈਸਲਾ ਲੈਣ ਲਈ ਵਾਰ-ਵਾਰ ਆਦੇਸ਼ ਦਿੱਤੇ ਜਾਣ ਦੇ ਬਾਵਜੂਦ ਵੀ ਤੁਹਾਡੇ ਸਰਕਾਰੀ ਪੱਖ ਵੱਲੋਂ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ। ਦੇਸ਼ ਦੀ ਸੁਪਰੀਮ ਕੋਰਟ ਕਮਜ਼ੋਰ ਅਤੇ ਬੇਵੱਸ ਨਜ਼ਰ ਆ ਰਹੀ ਹੈ।”
ਫ਼ਾਂਸੀ ਦੇਣ ਦਾ ਫੈਸਲਾ... : ਰਾਜੋਆਣਾ
ਬਲਵੰਤ ਸਿੰਘ ਰਾਜੋਆਣਾ ਨੇ ਆਪਣੀ ਚਿੱਠੀ 'ਚ ਪੰਜਾਬ ਵਿੱਚ ਏਜੰਸੀਆਂ ਦੀ ਕਾਰਗੁਜ਼ਾਰੀ ਅਤੇ ਰਾਜਨੀਤਿਕ ਮਾਮਲਿਆਂ ਨੂੰ ਲੈ ਕੇ ਵੀ ਆਪਣੇ ਪੱਤਰ ਵਿੱਚ ਕਈ ਸਵਾਲ ਚੁੱਕੇ। ਪੱਤਰ ਦੇ ਅੰਤ ਵਿੱਚ ਰਾਜੋਆਣਾ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਰਹਿਮ ਦੀ ਅਪੀਲ 'ਤੇ ਹੋਰ ਦੇਰੀ ਨਾ ਕੀਤੀ ਜਾਵੇ ਅਤੇ ਸਰਕਾਰ ਵੱਲੋਂ ਜਲਦ ਤੋਂ ਜਲਦ ਅੰਤਿਮ ਫ਼ੈਸਲਾ ਲਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਫਾਂਸੀ ਦੇਣ ਦਾ ਫ਼ੈਸਲਾ ਕਰਦੀ ਹੈ ਤਾਂ ਵੀ ਇਸ ਮਾਮਲੇ ਨੂੰ ਹੋਰ ਲੰਬਾ ਨਾ ਖਿੱਚਿਆ ਜਾਵੇ।
ਇਹ ਵੀ ਪੜ੍ਹੋ...Drug in Punjab : ਪੰਜਾਬ ਦੇ 6 ਜ਼ਿਲ੍ਹੇ 'ਅਤਿ-ਸੰਵੇਦਨਸ਼ੀਲ' ਐਲਾਨੇ, NCB ਨੇ ਨਸ਼ਿਆਂ ਦੀ ਲਪੇਟ 'ਚ ਆਏ 272 ਜ਼ਿਲ੍ਹਿਆਂ ਦੀ ਚੋਣ
- PTC NEWS