AAP ਵਿਧਾਇਕਾ ਬਲਜਿੰਦਰ ਕੌਰ ਨੂੰ ਵੱਡਾ ਝਟਕਾ, ‘ਵੱਕਾਰੀ’ ਜ਼ੋਨ ਜੰਬਰ ਬਸਤੀ ਤੋਂ ਚਾਚੀ ਹਾਰੀ ਚੋਣ
MLA Baljinder Kaur : ਵਿਧਾਇਕਾ ਬੀਬਾ ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ 'ਤੇ ਆਧਾਰਿਤ ਬਲਾਕ ਸੰਮਤੀ ਜ਼ੋਨ ਉਦੋਂ ਤੋਂ ਹੀ ਚਰਚਾ 'ਚ ਸੀ। ਜਦੋਂ ਵਿਧਾਇਕਾ ਨੇ ਆਪਣੀ ਚਾਚੀ ਗੁਰਦੀਪ ਕੌਰ ਨੂੰ ਆਮ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ 'ਚ ਉਤਾਰ ਦਿੱਤਾ ਸੀ।
MLA Baljinder Kaur : ਬੁੱਧਵਾਰ ਨੂੰ ਐਲਾਨੇ ਜ਼ਿਲ੍ਹਾ ਪ੍ਰੀਸ਼ਦ/ਪੰਚਾਇਤ ਸੰਮਤੀ ਚੋਣਾਂ ਦੇ ਨਤੀਜਿਆਂ ਕਾਰਣ ਜਿੱਥੇ ਸੱਤਾਧਿਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ, ਉੱਥੇ ਹਲਕੇ ਦੀ ਸਭ ਤੋਂ ‘ਵੱਕਾਰੀ’ ਬਲਾਕ ਸੰਮਤੀ ਜ਼ੋਨ ਜੰਬਰ ਬਸਤੀ ਦੇ ਨਤੀਜੇ ਨੇ ਸੱਤਾਧਿਰ ਨੂੰ ਵੱਡੀ ਢਾਹ ਲਾ ਦਿੱਤੀ, ਕਿਉਂਕਿ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਦੇ ਪਿੰਡ ਤੇ ਆਧਾਰਿਤ ਇਸ ਬਲਾਕ ਸੰਮਤੀ ਜ਼ੋਨ ਤੋਂ ‘ਆਪ’ ਉਮੀਦਵਾਰ ਵਜੋਂ ਚੋਣ ਲੜ ਰਹੇ ਵਿਧਾਇਕਾ ਦੇ ਚਾਚੀ ਚੋਣ ਹਾਰ ਗਏ।
ਦੱਸਣਯੋਗ ਹੈ ਕਿ ਕੈਬਨਿਟ ਰੈਂਕ ਪ੍ਰਾਪਤ ਹਲਕਾ ਵਿਧਾਇਕਾ ਬੀਬਾ ਬਲਜਿੰਦਰ ਕੌਰ ਦੇ ਪਿੰਡ ਜਗਾ ਰਾਮ ਤੀਰਥ 'ਤੇ ਆਧਾਰਿਤ ਬਲਾਕ ਸੰਮਤੀ ਜ਼ੋਨ ਉਦੋਂ ਤੋਂ ਹੀ ਚਰਚਾ 'ਚ ਸੀ। ਜਦੋਂ ਵਿਧਾਇਕਾ ਨੇ ਆਪਣੀ ਚਾਚੀ ਗੁਰਦੀਪ ਕੌਰ ਨੂੰ ਆਮ ਆਦਮੀ ਪਾਰਟੀ (AAP) ਵੱਲੋਂ ਚੋਣ ਮੈਦਾਨ 'ਚ ਉਤਾਰ ਦਿੱਤਾ ਸੀ। ਅਕਾਲੀ ਦਲ (ਬ) ਨੇ ਵਿਧਾਇਕਾ ਦੇ ਪਿੰਡ ਦੇ ਹੀ ਇੱਕ ਸਾਬਕਾ ਪੰਚਾਇਤ ਮੈਂਬਰ ਨੂੰ ਚੋਣ ਮੈਦਾਨ 'ਚ ਉਤਾਰਿਆ। ਸਮੁੱਚੇ ਹਲਕੇ ਦੀ ਨਜ਼ਰ ਹੀ ਇਸ ਬਲਾਕ ਸੰਮਤੀ ਜ਼ੋਨ ਦੇ ਨਤੀਜਿਆਂ ਤੇ ਲੱਗੀ ਹੋਈ ਸੀ ਕਿਉਂਕਿ ਅਕਾਲੀ ਦਲ ਨੇ ਵਿਧਾਇਕਾ ਦੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਦੇ ਕਥਿਤ ਦੋਸ਼ ਲਾ ਕੇ ਆਪਣੇ ਚਾਚੀ ਨੂੰ ਜਿਤਾਉਣ ਦੀ ਕੋਸ਼ਿਸ ਦੇ ਇਲਜ਼ਾਮ ਲਾਏ ਸਨ।
ਅਕਾਲੀ ਉਮੀਦਵਾਰ ਗੁਰਦਿੱਤ ਸਿੰਘ ‘ਆਪ’ ਉਮੀਦਵਾਰ ਤੋਂ 23 ਵੋਟਾਂ ਨਾਲ ਜਿੱਤ ਗਿਆ। ਹਾਲਾਂਕਿ ‘ਆਪ’ ਦੇ ਚੋਣ ਏਜੰਟਾਂ ਵੱਲੋਂ ਦੁਬਾਰਾ ਗਿਣਤੀ ਦੀ ਮੰਗ ਕਰਨ ਅਤੇ ਇਸੇ ਦੌਰਾਨ ਅਕਾਲੀ ਵਰਕਰਾਂ ਨੇ ਨਤੀਜਿਆਂ 'ਚ ਹੇਰਫੇਰ ਦੀ ਆਸ਼ੰਕਾ ਜਤਾਉਦਿਆਂ ਅਕਾਲੀ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੁੂ ਦੀ ਅਗਵਾਈ 'ਚ ਗਿਣਤੀ ਕੇਂਦਰ ਦੇ ਬਾਹਰ ਤਲਵੰਡੀ ਸਾਬੋ ਬਠਿੰਡਾ ਹਾਈਵੇ ਜਾਮ ਕਰਕੇ ਪ੍ਰਦਰਸ਼ਨ ਆਰੰਭ ਦਿੱਤਾ, ਜਿਸ ਨਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਉੱਧਰ, ਪ੍ਰਸ਼ਾਸਨ ਵੱਲੋਂ ਬਾਅਦ 'ਚ ਅਕਾਲੀ ਉਮੀਦਵਾਰ ਨੂੰ ਜੇਤੂ ਕਰਾਰ ਦੇ ਕੇ ਉਸਨੂੰ ਜਿੱਤ ਦਾ ਪ੍ਰਮਾਣ ਪੱਤਰ ਦੇ ਦੇਣ ਤੇ ਅਕਾਲੀ ਵਰਕਰਾਂ ਚ ਖੁਸ਼ੀ ਦੀ ਲਹਿਰ ਦੌੜ ਗਈ।ਅਕਾਲੀ ਹਲਕਾ ਇੰਚਾਰਜ ਰਵੀਪ੍ਰੀਤ ਸਿੰਘ ਸਿੱਧੂ ਨੇ ਕਿਹਾ ਕਿ ਵਿਧਾਇਕਾ ਦੇ ਪਿੰਡ ਦੇ ਲੋਕਾਂ ਨੇ ਧੱਕੇਸ਼ਾਹੀ ਤੇ ਵਧੀਕੀਆਂ ਖਿਲਾਫ ਫਤਵਾ ਦਿੱਤਾ ਹੈ।