ਨਿਊਜੀਲੈਂਡ ਚ ਕੁਝ ਲੋਕਾਂ ਵੱਲੋਂ ਨਗਰ ਕੀਰਤਨ ਦਾ ਵਿਰੋਧ ਕੀਤੇ ਜਾਣ ਦੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੀਤੀ ਨਿੰਦਾ
Advocate Harjinder Singh Dhami : ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹਰ ਦੇਸ਼ ਅੰਦਰ ਵਸਦਾ ਸਿੱਖ ਭਾਈਚਾਰਾ ਸਦਾ ਹੀ ਸਥਾਨਕ ਲੋਕਾਂ ਨਾਲ ਰਲ ਮਿਲ ਕੇ ਰਹਿੰਦਾ ਹੈ ਅਤੇ ਉਥੋਂ ਦੇ ਕਾਨੂੰਨਾਂ ਅਤੇ ਸਥਾਨਕ ਸਭਿਆਚਾਰ ਦਾ ਪੂਰਾ ਸਤਿਕਾਰ ਕਰਦਾ ਆਇਆ ਹੈ। ਇਸ ਦੇ ਬਾਵਜੂਦ ਵੀ ਮਿਥ ਕੇ ਸਿੱਖਾਂ ਨੂੰ ਧਰਮ ਪਾਲਣ ਤੋਂ ਰੋਕਣਾ ਨਿਰਾਸ਼ਾਜਨਕ ਹੈ।
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ (Harjinder Singh Dhami) ਨੇ ਨਿਊਜੀਲੈਂਡ ਅੰਦਰ ਸਿੱਖਾਂ ਵੱਲੋਂ ਸ਼ਾਂਤੀਪੂਰਵਕ ਅਤੇ ਧਾਰਮਿਕ ਮਰਿਆਦਾ ਅਨੁਸਾਰ ਸਜਾਏ ਗਏ ਨਗਰ ਕੀਰਤਨ ਦਾ ਸਥਾਨਕ ਕੁਝ ਲੋਕਾਂ ਵੱਲੋਂ ਇੱਕ ਵਾਰ ਫਿਰ ਵਿਰੋਧ ਕੀਤੇ ਜਾਣ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿਊਜੀਲੈਂਡ ਅੰਦਰ ਅਜਿਹਾ ਦੂਜੀ ਵਾਰ ਹੋਇਆ ਹੈ, ਜਿਸ ਨੇ ਸਿੱਖ ਸੰਗਤਾਂ ਨੂੰ ਨਿਰਾਸ਼ ਕੀਤਾ ਹੈ। ਐਡਵੋਕੇਟ ਧਾਮੀ ਨੇ ਕਿਹਾ ਕਿ ਵਿਸ਼ਵ ਭਾਈਚਾਰੇ ਦੀ ਮਜਬੂਤੀ ਲਈ ਆਪਣਾ ਮਿਸਾਲੀ ਯੋਗਦਾਨ ਪਾਉਣ ਵਾਲੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਰਵਾਇਤਾਂ ਨੂੰ ਨਫ਼ਰਤੀ ਨਜ਼ਰੀਏ ਨਾਲ ਦੇਖਿਆ ਜਾਣਾ ਠੀਕ ਨਹੀਂ ਹੈ।
ਉਨ੍ਹਾਂ ਕਿਹਾ ਕਿ ਨਗਰ ਕੀਰਤਨ ਸਿੱਖ ਧਰਮ ਦੀ ਇੱਕ ਪਵਿੱਤਰ ਧਾਰਮਿਕ ਪਰੰਪਰਾ ਹੈ ਜਿਸ ਦਾ ਵਿਰੋਧ ਸਿੱਖ ਧਰਮ ਦੀਆਂ ਮਾਨਵ ਹਿਤੈਸ਼ੀ ਕਦਰਾਂ ਕੀਮਤਾਂ ਦੇ ਨਾਲ ਨਾਲ ਸਮਾਜ ਦੀ ਆਪਸੀ ਸਾਂਝ ਲਈ ਵੀ ਚੁਣੌਤੀ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਹਰ ਦੇਸ਼ ਅੰਦਰ ਵਸਦਾ ਸਿੱਖ ਭਾਈਚਾਰਾ ਸਦਾ ਹੀ ਸਥਾਨਕ ਲੋਕਾਂ ਨਾਲ ਰਲ ਮਿਲ ਕੇ ਰਹਿੰਦਾ ਹੈ ਅਤੇ ਉਥੋਂ ਦੇ ਕਾਨੂੰਨਾਂ ਅਤੇ ਸਥਾਨਕ ਸਭਿਆਚਾਰ ਦਾ ਪੂਰਾ ਸਤਿਕਾਰ ਕਰਦਾ ਆਇਆ ਹੈ। ਇਸ ਦੇ ਬਾਵਜੂਦ ਵੀ ਮਿਥ ਕੇ ਸਿੱਖਾਂ ਨੂੰ ਧਰਮ ਪਾਲਣ ਤੋਂ ਰੋਕਣਾ ਨਿਰਾਸ਼ਾਜਨਕ ਹੈ।
ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਨਿਊਜੀਲੈਂਡ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਇਸ ਮਾਮਲੇ ਦਾ ਗੰਭੀਰਤਾ ਨਾਲ ਨੋਟਿਸ ਲੈਣ ਅਤੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨ।
ਮਹੀਨਾ ਪਹਿਲਾਂ ਵੀ ਰੋਕਿਆ ਗਿਆ ਸੀ ਨਗਰ ਕੀਰਤਨ
ਦੱਸ ਦਈਏ ਕਿ ਪਿਛਲੇ ਮਹੀਨੇ 21 ਦਸੰਬਰ 2025 ਨੂੰ ਵੀ ਨਿਊਜ਼ੀਲੈਂਡ ਦੇ ਦੱਖਣੀ ਆਕਲੈਂਡ ਦੇ ਇੱਕ ਉਪਨਗਰ ਮੈਨੂਰੇਵਾ 'ਚ ਨਗਰ ਕੀਰਤਨ ਦੌਰਾਨ ਸਥਾਨਿਕ ਨੌਜਵਾਨਾਂ ਵੱਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਦੋਂ ਗੁਰਦੁਆਰਾ ਨਾਨਕਸਰ ਠਾਠ ਈਸ਼ਰ ਦਰਬਾਰ ਮੈਨੁਰੇਵਾ ਤੋਂ ਸਜਿਆ ਨਗਰ ਕੀਰਤਨ ਵਾਪਿਸ ਗੁਰਦੁਆਰਾ ਸਾਹਿਬ ਪਰਤ ਰਿਹਾ ਸੀ ਤਾਂ ਆਖਰੀ ਪੜ੍ਹਾਅ ’ਤੇ ਜਾ ਕੇ ਇਕ ਸਾਈਡ ਵਾਲੇ ਪਾਸੇ ਤੋਂ 70-80 ਸਥਾਨਿਕ ਨੌਜਵਾਨਾਂ ਨੇ ਆ ਕੇ ਹੰਗਾਮਾ ਕੀਤਾ। ਨਗਰ ਕੀਰਤਨ ਰੋਕ ਕੇ ਸਾਹਮਣੇ ਹੌਕਾ ਡਾਂਸ ਕੀਤਾ ਅਤੇ ਕਿਹਾ "ਨਿਊਜੀਲੈਂਡ ਸਾਡੀ ਧਰਤੀ ਇਹ ਤੁਹਾਡਾ ਇੰਡੀਆ ਨਹੀਂ।''