AAP ਨੂੰ ਵੱਡਾ ਝਟਕਾ , ਲੌਂਗੋਵਾਲ ਨਗਰ ਕੌਂਸਲ ਦੀ ਮੌਜੂਦਾ ਪ੍ਰਧਾਨ ਪਰਮਿੰਦਰ ਕੌਰ ਬਰਾੜ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ
Sangrur News : ਆਮ ਆਦਮੀ ਪਾਰਟੀ ਦੀ ਰਾਜਧਾਨੀ ਸੰਗਰੂਰ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਿਆ ਹੈ। ਲੌਂਗੋਵਾਲ ਨਗਰ ਕੌਂਸਲ ਦੀ ਮੌਜੂਦਾ ਪ੍ਰਧਾਨ ਪਰਮਿੰਦਰ ਕੌਰ ਬਰਾੜ ਆਮ ਆਦਮੀ ਪਾਰਟੀ ਨੂੰ ਛੱਡ ਕੇ ਆਪਣੇ ਸਮਰਥਕਾਂ ਸਮੇਤ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋ ਗਈ ਹੈ। ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾ ਪਾ ਕੇ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਿਲ ਕੀਤਾ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਮ ਆਦਮੀ ਪਾਰਟੀ 'ਤੇ ਵੀ ਤੰਜ ਕਸਿਆ ਹੈ। ਉਨ੍ਹਾਂ ਕਿਹਾ ਕਿ ਨਵੇਂ ਸਾਲ 'ਚ ਆਮ ਆਦਮੀ ਪਾਰਟੀ 'ਤੇ ਬੰਬ ਫੁੱਟਿਆ ਹੈ। ਉਨ੍ਹਾਂ ਕਿਹਾ ਕਿ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਕੰਮਾਂ ਨੂੰ ਯਾਦ ਕਰ ਰਹੇ ਹਨ। ਸੁਖਬੀਰ ਸਿੰਘ ਬਾਦਲ ਨੇ ਕਿਹਾ ਥੋੜੇ ਦਿਨਾਂ ਵਿੱਚ ਆਮ ਆਦਮੀ ਪਾਰਟੀ ਨੂੰ ਛੱਡ ਕੇ ਹੋਰ ਅਹੁਦੇਦਾਰ ਵੀ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਗੇ।
ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਇੱਕ ਘੰਟਾ ਕਰਦੇ ਰਹੇ ਪਰਿਵਾਰ ਦੀਆਂ ਮਿਨਤਾਂ ਪਰ ਪਰਿਵਾਰ ਨੇ ਕਿਹਾ ਹੁਣ ਬਹੁਤ ਹੋ ਗਿਆ ਹੁਣ ਅਸੀਂ ਆਪਣੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਹੀ ਕੰਮ ਕਰਾਂਗੇ। ਵੱਡੇ ਵੱਡੇ ਲੀਡਰਾਂ ਦੇ ਫੋਨ ਆਉਣ 'ਤੇ ਵੀ ਪਰਵਿੰਦਰ ਕੌਰ ਬਰਾੜ ਦਾ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਇਆ ਹੈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਪਰਵਿੰਦਰ ਕੌਰ ਬਰਾੜ ਦੇ ਘਰ ਆਉਣ 'ਤੇ ਜਦੋਂ ਕਾਂਗਰਸ ਵੱਲੋਂ ਅਤੇ ਬੀਜੇਪੀ ਵੱਲੋਂ ਜਿੱਤੇ ਕੌਂਸਲਰਾਂ ਨੂੰ ਪਤਾ ਲੱਗਿਆ ਤਾਂ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਪੀਟੀਸੀ ਨਿਊਜ਼ ਨਾਲ ਗੱਲ ਕਰਦਿਆਂ ਕਿਹਾ ਕਿ ਪਰਵਿੰਦਰ ਕੌਰ ਬਰਾੜ ਵੱਲੋਂ ਕੀਤਾ ਗਿਆ ਫੈਸਲਾ ਬਿਲਕੁਲ ਸਹੀ ਹੈ। ਅਸੀਂ ਹਮੇਸ਼ਾ ਪਰਵਿੰਦਰ ਕੌਰ ਬਰਾੜ ਦਾ ਸਾਥ ਦੇ ਰਹੇ ਸੀ ਅਤੇ ਆਉਣ ਵਾਲੇ ਟਾਈਮ ਵਿੱਚ ਪੂਰਾ ਸਹਿਯੋਗ ਦਵਾਂਗੇ।
- PTC NEWS