Ludhiana Murder Case : ਤਿੰਨ ਡਾਕਟਰਾਂ ਦੇ ਬੋਰਡ ਨੇ ਕੀਤਾ ਪੋਸਟਮਾਰਟਮ, ਕਤਲ ਤੋਂ ਪਹਿਲਾਂ ਇੰਜੈਕਸ਼ਨ ਲਗਾਉਣ ਦਾ ਸ਼ੱਕ
Ludhiana Davinder Murder Case : ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਵਿੱਚ ਬੇਰਹਿਮੀ ਨਾਲ ਕਤਲ 30 ਸਾਲਾ ਦਵਿੰਦਰ ਦਾ ਤਿੰਨ ਡਾਕਟਰਾਂ ਦੇ ਬੋਰਡ ਨੇ ਪੋਸਟਮਾਰਟਮ ਕੀਤਾ। ਬੋਰਡ ਵਿੱਚ ਫੋਰੈਂਸਿਕ ਮਾਹਿਰ ਡਾ. ਕਰਨ ਪ੍ਰਮੋਦ, ਡਾ. ਅਭੈਦੀਪ ਅਤੇ ਡਾ. ਪਵਨਦੀਪ ਕੌਰ ਸ਼ਾਮਲ ਸਨ। ਸ਼ੁਰੂਆਤੀ ਪੋਸਟਮਾਰਟਮ ਰਿਪੋਰਟ ਵਿੱਚ ਸੰਕੇਤ ਮਿਲਿਆ ਹੈ ਕਿ ਕਤਲ ਤੋਂ ਪਹਿਲਾਂ ਦਵਿੰਦਰ ਦੇ ਹੱਥ 'ਤੇ ਇੰਜੇਕਸ਼ਨ ਲਗਾਇਆ ਗਿਆ ਸੀ।
ਸੂਤਰਾਂ ਅਨੁਸਾਰ ਇਹ ਵੀ ਸਾਹਮਣੇ ਆਇਆ ਹੈ ਕਿ ਡਿੱਗਣ ਤੋਂ ਬਾਅਦ ਉਸਦੇ ਸਿਰ ਵਿੱਚ ਹੇਮਰੇਜ ਵਰਗੀ ਸੱਟ ਲੱਗੀ ਸੀ। ਹਾਲਾਂਕਿ, ਮੌਤ ਦੇ ਸਹੀ ਕਾਰਨ ਦੀ ਪੁਸ਼ਟੀ ਕਰਨ ਲਈ ਵਿਸਰਾ ਫੋਰੈਂਸਿਕ ਸਾਇੰਸ ਲੈਬ ਨੂੰ ਭੇਜਿਆ ਗਿਆ ਹੈ। ਡਾਕਟਰਾਂ ਨੇ ਦੱਸਿਆ ਕਿ ਲਾਸ਼ ਨੂੰ ਛੇ ਟੁਕੜਿਆਂ ਵਿੱਚ ਪੋਸਟਮਾਰਟਮ ਲਈ ਲਿਆਂਦਾ ਗਿਆ ਸੀ, ਜਦੋਂ ਕਿ ਸੱਜਾ ਹੱਥ ਗਾਇਬ ਸੀ। ਪੁਲਿਸ ਹੱਥ ਦੀ ਵੀ ਭਾਲ ਕਰ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਜੇਕਰ ਇਸ ਮਾਮਲੇ ਵਿੱਚ ਕੋਈ ਹੋਰ ਸ਼ਾਮਲ ਹੈ ਤਾਂ ਤੁਰੰਤ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਦਵਿੰਦਰ ਦੀ ਲਾਸ਼ 8 ਜਨਵਰੀ ਨੂੰ ਸਲੇਮ ਟਾਬਰੀ ਇਲਾਕੇ ਵਿੱਚ ਛੇ ਟੁਕੜਿਆਂ ਵਿੱਚ ਕੱਟੀ ਹੋਈ ਮਿਲੀ ਸੀ। ਘਟਨਾ ਤੋਂ ਇੱਕ ਦਿਨ ਬਾਅਦ ਪੁਲਿਸ ਨੇ ਸ਼ਮਸ਼ੇਰ ਸਿੰਘ ਉਰਫ਼ ਸ਼ੇਰਾ ਅਤੇ ਉਸਦੀ ਪਤਨੀ ਕੁਲਦੀਪ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।ਪੁਲਿਸ ਦੇ ਅਨੁਸਾਰ ਦੋਸ਼ੀ ਸ਼ਮਸ਼ੇਰ ਸਿੰਘ ਅਤੇ ਮ੍ਰਿਤਕ ਦਵਿੰਦਰ ਦੋਸਤ ਸਨ। ਸ਼ਮਸ਼ੇਰ ਨੇ ਪੈਸੇ ਦੇ ਝਗੜੇ ਨੂੰ ਲੈ ਕੇ ਦਵਿੰਦਰ ਦਾ ਕਤਲ ਕਰ ਦਿੱਤਾ। ਫਿਰ ਉਸਨੇ ਲਾਸ਼ ਨੂੰ ਆਰੇ ਨਾਲ ਛੇ ਟੁਕੜਿਆਂ ਵਿੱਚ ਕੱਟ ਦਿੱਤਾ ਅਤੇ ਵੱਖ-ਵੱਖ ਥਾਵਾਂ 'ਤੇ ਸੁੱਟ ਦਿੱਤਾ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਜਿੰਦਰ ਸਿੰਘ ਨੇ ਦੱਸਿਆ ਕਿ ਦੋਵੇਂ ਦੋਸ਼ੀ ਇਸ ਸਮੇਂ ਪੁਲਿਸ ਰਿਮਾਂਡ 'ਤੇ ਹਨ ਅਤੇ ਉਨ੍ਹਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁੱਛਗਿੱਛ ਦੌਰਾਨ ਹੋਰ ਮਹੱਤਵਪੂਰਨ ਖੁਲਾਸੇ ਹੋਣ ਦੀ ਸੰਭਾਵਨਾ ਹੈ।
- PTC NEWS