ਨੇਪਾਲ ਦੀ ਸੁਪਰੀਮ ਕੋਰਟ ਦੇ ਹੁਕਮ ਮਗਰੋਂ ਬਿਕਨੀ ਕਿੱਲਰ ਚਾਰਲਸ ਸੋਭਰਾਜ ਜੇਲ੍ਹ ’ਚੋਂ ਰਿਹਾਅ

ਵੱਖ-ਵੱਖ ਦੇਸ਼ਾਂ ਵਿਚ ਕਤਲਾਂ ਦੀ ਘਟਨਾ ਨੂੰ ਅੰਜਾਮ ਦੇ ਚੁੱਕੇ ਸੀਰੀਅਲ ਕਿੱਲਰ ਚਾਰਲਸ ਸੋਭਰਾਜ ਨੂੰ ਨੇਪਾਲ ਦੀ ਸਰਵਉੱਚ ਅਦਾਲਤ ਨੇ ਚੰਗੇ ਵਿਵਹਾਰ ਕਰਕੇ ਰਿਹਾਅ ਕਰ ਦਿੱਤਾ ਹੈ।

By  Ravinder Singh December 23rd 2022 03:17 PM -- Updated: December 23rd 2022 03:19 PM

ਕਾਠਮੰਡੂ: ਬਦਨਾਮ ਅਪਰਾਧੀ ਚਾਰਲਸ ਸੋਭਰਾਜ ਨੂੰ 19 ਸਾਲ ਜੇਲ੍ਹ ਵਿੱਚ ਰਹਿਣ ਮਗਰੋਂ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਸ਼ੁੱਕਰਵਾਰ ਨੂੰ ਨੇਪਾਲ ਦੀ ਇੱਕ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ। ਭਾਰਤੀ ਤੇ ਵਿਆਤਨਾਮੀ ਮਾਪਿਆਂ ਦੇ ਫਰਾਂਸੀਸੀ ਮੂਲ ਦੇ ਸੋਭਰਾਜ ਨੂੰ ਉਸਦੀ ਰਿਹਾਈ ਸਬੰਧੀ ਕਾਗਜ਼ੀ ਕਾਰਵਾਈ ਪੂਰੀ ਕਰਨ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਸਟਿਸ ਸਪਨਾ ਪ੍ਰਧਾਨ ਮੱਲਾ ਤੇ ਜਸਟਿਸ ਤਿਲਕ ਪ੍ਰਸਾਦ ਸ਼੍ਰੇਸ਼ਠ ਦੀ ਸਾਂਝੀ ਬੈਂਚ ਨੇ ਬੁੱਧਵਾਰ ਨੂੰ 78 ਸਾਲਾ ਸੋਭਰਾਜ ਨੂੰ ਜੇਲ੍ਹ ਤੋਂ ਰਿਹਾਅ ਕਰਨ ਦਾ ਹੁਕਮ ਦਿੱਤਾ ਸੀ। ਪ੍ਰਕਿਰਿਆ ਕਾਰਨ ਉਸਦੀ ਰਿਹਾਈ ਵਿੱਚ ਇੱਕ ਦਿਨ ਦੀ ਦੇਰੀ ਹੋਈ ਹੈ।


ਇਮੀਗ੍ਰੇਸ਼ਨ ਅਧਿਕਾਰੀਆਂ ਨੇ ਜਗ੍ਹਾ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਉਸਦੀ ਰਿਹਾਈ ਨੂੰ ਸ਼ੁੱਕਰਵਾਰ ਤੱਕ ਮੁਲਤਵੀ ਕਰਨ ਦੀ ਬੇਨਤੀ ਕੀਤੀ। ਸਿਖਰਲੀ ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤਾ ਸੀ ਕਿ ਸੋਭਰਾਜ ਨੂੰ 15 ਦਿਨਾਂ ਦੇ ਅੰਦਰ ਦੇਸ਼ ਹਵਾਲੇ ਕੀਤਾ ਜਾਵੇ, ਜਦੋਂ ਤੱਕ ਉਹ ਕਿਸੇ ਹੋਰ ਮਾਮਲਿਆਂ ਵਿੱਚ ਲੋੜੀਂਦਾ ਨਹੀਂ ਹੈ। 'ਬਿਕਨੀ ਕਿਲਰ' ਵਜੋਂ ਬਦਨਾਮ ਸ਼ੋਭਰਾਜ 1975 'ਚ ਨੇਪਾਲ 'ਚ ਅਮਰੀਕੀ ਔਰਤ ਕੋਨੀ ਜੋ ਬ੍ਰੌਂਜਿਕ ਦੀ ਹੱਤਿਆ ਦੇ ਮਾਮਲੇ 'ਚ 2003 ਤੋਂ ਕਾਠਮੰਡੂ ਦੀ ਜੇਲ੍ਹ 'ਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ।

ਉਸ ਨੂੰ 2014 ਵਿੱਚ ਕੈਨੇਡੀਅਨ ਸੈਲਾਨੀ ਲੌਰੈਂਟ ਕੈਰੀਅਰ ਦੀ ਹੱਤਿਆ ਦਾ ਦੋਸ਼ੀ ਠਹਿਰਾਇਆ ਗਿਆ ਸੀ ਤੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਨੇਪਾਲ ਵਿੱਚ ਉਮਰ ਕੈਦ ਦਾ ਮਤਲਬ ਹੈ 20 ਸਾਲ ਦੀ ਕੈਦ। ਸੋਭਰਾਜ ਨੇ ਪਟੀਸ਼ਨ ਦਾਇਰ ਕਰਕੇ ਦਾਅਵਾ ਕੀਤਾ ਸੀ ਕਿ ਉਸ ਨੂੰ ਲੋੜ ਤੋਂ ਵੱਧ ਜੇਲ੍ਹ ਵਿੱਚ ਰੱਖਿਆ ਗਿਆ ਹੈ। ਇਸ ਤੋਂ ਬਾਅਦ ਸੁਪਰੀਮ ਕੋਰਟ ਦੀ ਡਿਵੀਜ਼ਨ ਬੈਂਚ ਨੇ ਇਹ ਹੁਕਮ ਸੁਣਾਇਆ। ਜੇਲ੍ਹ 'ਚ 75 ਫ਼ੀਸਦੀ ਸਜ਼ਾ ਪੂਰੀ ਕਰ ਚੁੱਕੇ ਅਤੇ ਇਸ ਸਮੇਂ ਦੌਰਾਨ ਚੰਗੇ ਕਿਰਦਾਰ ਵਾਲੇ ਕੈਦੀਆਂ ਨੂੰ ਰਿਹਾਅ ਕਰਨ ਦੀ ਕਾਨੂੰਨੀ ਵਿਵਸਥਾ ਹੈ।

ਇਹ ਵੀ ਪੜ੍ਹੋ : ਜ਼ੀਰਾ ਸ਼ਰਾਬ ਫੈਕਟਰੀ ਮਾਮਲਾ ; ਹਾਈ ਕੋਰਟ ਵੱਲੋਂ ਕਮੇਟੀ ਨੂੰ 2 ਹਫ਼ਤੇ 'ਚ ਰਿਪੋਰਟ ਦੇਣ ਦੇ ਹੁਕਮ

ਸੋਭਰਾਜ ਨੇ ਆਪਣੀ ਪਟੀਸ਼ਨ ਰਾਹੀਂ ਦਾਅਵਾ ਕੀਤਾ ਸੀ ਕਿ ਨੇਪਾਲ ਵਿੱਚ ਸੀਨੀਅਰ ਨਾਗਰਿਕਾਂ ਨੂੰ ਦਿੱਤੀ ਜਾ ਰਹੀ ਢਿੱਲ ਦੇ ਮੱਦੇਨਜ਼ਰ ਉਸ ਨੇ ਆਪਣੀ ਜੇਲ੍ਹ ਦੀ ਮਿਆਦ ਪੂਰੀ ਕਰ ਲਈ ਹੈ। ਉਸਨੇ ਦਾਅਵਾ ਕੀਤਾ ਕਿ ਉਹ ਪਹਿਲਾਂ ਹੀ ਆਪਣੀ 20 ਸਾਲਾਂ ਦੀ ਸਜ਼ਾ ਵਿੱਚੋਂ 19 ਸਾਲ ਕੱਟ ਚੁੱਕਾ ਹੈ ਅਤੇ ਚੰਗੇ ਵਿਵਹਾਰ ਲਈ ਰਿਹਾਈ ਦੀ ਸਿਫਾਰਸ਼ ਕੀਤੀ ਗਈ ਸੀ। ਸੋਭਰਾਜ ਨੂੰ ਅਗਸਤ 2003 ਵਿਚ ਕਾਠਮੰਡੂ ਦੇ ਇਕ ਕੈਸੀਨੋ ਵਿਚ ਦੇਖਿਆ ਗਿਆ ਸੀ ਅਤੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਉੱਤੇ ਮੁਕੱਦਮਾ ਚਲਾਇਆ ਗਿਆ ਅਤੇ ਕਤਲ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

Related Post