ਏਅਰਪੋਰਟ 'ਤੇ ਬਜ਼ੁਰਗ ਔਰਤ ਦੀ ਮੌਤ ਦੇ ਮਾਮਲੇ 'ਚ ਏਅਰ ਇੰਡੀਆ ਨੂੰ 30 ਲੱਖ ਰੁਪਏ ਦਾ ਜੁਰਮਾਨਾ

By  Jasmeet Singh February 29th 2024 02:42 PM

DGCA fined Air India: ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਨੇ ਮੁੰਬਈ ਏਅਰਪੋਰਟ 'ਤੇ ਬਜ਼ੁਰਗ ਔਰਤ ਦੀ ਮੌਤ ਦੇ ਮਾਮਲੇ 'ਚ ਏਅਰ ਇੰਡੀਆ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਡੀ.ਜੀ.ਸੀ.ਏ. ਨੇ ਲੋੜੀਂਦੀਆਂ ਵ੍ਹੀਲਚੇਅਰਾਂ ਨਾ ਹੋਣ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਏਅਰ ਇੰਡੀਆ 'ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। 

ਇਸ ਤੋਂ ਪਹਿਲਾਂ ਡੀ.ਜੀ.ਸੀ.ਏ. ਨੇ ਏਅਰ ਇੰਡੀਆ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਡੀ.ਜੀ.ਸੀ.ਏ. ਦੇ ਨੋਟਿਸ ਦੇ ਮੁਤਾਬਕ ਏਅਰ ਇੰਡੀਆ ਨੂੰ ਸਿਵਲ ਏਵੀਏਸ਼ਨ ਰਿਕਵਾਇਰਮੈਂਟਸ (ਸੀ.ਏ.ਆਰ.) ਦੇ ਸੰਬੰਧਤ ਪ੍ਰਬੰਧਾਂ ਦੀ ਪਾਲਣਾ ਨਾ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਏਅਰਲਾਈਨ ਕੰਪਨੀ ਨੂੰ ਸੱਤ ਦਿਨਾਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਗਿਆ ਸੀ। ਨੋਟਿਸ ਦਾ ਜਵਾਬ ਦੇਣ ਤੋਂ ਬਾਅਦ ਡੀ.ਜੀ.ਸੀ.ਏ. ਨੇ ਹੁਣ ਏਅਰ ਇੰਡੀਆ ਖ਼ਿਲਾਫ਼ ਕਾਰਵਾਈ ਕੀਤੀ ਹੈ।

ਇਹ ਹਨ ਦੋਸ਼ 

ਦੋਸ਼ ਹੈ ਕਿ 80 ਸਾਲਾ ਬਜ਼ੁਰਗ ਔਰਤ ਨੂੰ ਵ੍ਹੀਲਚੇਅਰ ਨਹੀਂ ਦਿੱਤੀ ਗਈ ਅਤੇ ਬਾਅਦ ਵਿੱਚ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਦੋਸ਼ ਹੈ ਕਿ ਏਅਰ ਇੰਡੀਆ ਨੇ ਬਜ਼ੁਰਗ ਔਰਤ ਨੂੰ ਵ੍ਹੀਲਚੇਅਰ ਨਹੀਂ ਦਿੱਤੀ। ਦੱਸ ਦੇਈਏ ਕਿ ਮ੍ਰਿਤਕ ਮਹਿਲਾ ਯਾਤਰੀ ਆਪਣੇ ਪਤੀ ਨਾਲ ਨਿਊਯਾਰਕ ਤੋਂ ਮੁੰਬਈ ਆ ਰਹੀ ਸੀ।

ਏਅਰ ਇੰਡੀਆ ਨੇ ਦਿੱਤਾ ਇਹ ਸਪੱਸ਼ਟੀਕਰਨ

ਘਟਨਾ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਏਅਰ ਇੰਡੀਆ ਨੇ ਕਿਹਾ ਸੀ ਕਿ ਮ੍ਰਿਤਕ ਯਾਤਰੀ ਦੇ ਸਾਥੀ ਨੇ ਵ੍ਹੀਲਚੇਅਰ ਦਾ ਇੰਤਜ਼ਾਰ ਨਹੀਂ ਕੀਤਾ। ਵ੍ਹੀਲਚੇਅਰਾਂ ਦੀ ਜ਼ਿਆਦਾ ਮੰਗ ਦੇ ਕਾਰਨ ਅਸੀਂ ਯਾਤਰੀਆਂ ਨੂੰ ਵ੍ਹੀਲਚੇਅਰ ਉਪਲਬਧ ਹੋਣ ਤੱਕ ਉਡੀਕ ਕਰਨ ਦੀ ਬੇਨਤੀ ਕੀਤੀ। 

ਏਅਰਲਾਈਨ ਨੇ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਹਵਾਈ ਅੱਡੇ ਦੀ ਮੈਡੀਕਲ ਟੀਮ ਨੇ ਤੁਰੰਤ ਯਾਤਰੀ ਦੀ ਦੇਖਭਾਲ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੂੰ ਨਜ਼ਦੀਕੀ ਹਸਪਤਾਲ ਲਿਜਾਇਆ ਗਿਆ, ਜਿੱਥੇ ਬਦਕਿਸਮਤੀ ਨਾਲ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਏਅਰ ਇੰਡੀਆ ਮੁਤਾਬਕ ਉਹ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਲਗਾਤਾਰ ਸੰਪਰਕ 'ਚ ਹੈ ਅਤੇ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ

ਏਅਰ ਇੰਡੀਆ ਦੀ ਘਟਨਾ ਦੇ ਮੱਦੇਨਜ਼ਰ ਡੀ.ਜੀ.ਸੀ.ਏ. ਨੇ ਸਾਰੀਆਂ ਏਅਰਲਾਈਨਾਂ ਨੂੰ ਇਹ ਯਕੀਨੀ ਬਣਾਉਣ ਲਈ ਵੀ ਨਿਰਦੇਸ਼ ਦਿੱਤੇ ਹਨ ਕਿ ਉਨ੍ਹਾਂ ਯਾਤਰੀਆਂ ਲਈ ਲੋੜੀਂਦੀ ਗਿਣਤੀ ਵਿੱਚ ਵ੍ਹੀਲਚੇਅਰ ਉਪਲਬਧ ਹੋਣ ਜਿਨ੍ਹਾਂ ਨੂੰ ਆਪਣੀ ਯਾਤਰਾ ਦੌਰਾਨ ਜਹਾਜ਼ ਵਿੱਚ ਸਵਾਰ ਹੋਣ ਜਾਂ ਉਤਰਨ ਵੇਲੇ ਸਹਾਇਤਾ ਦੀ ਲੋੜ ਹੁੰਦੀ ਹੈ।

ਇਹ ਖ਼ਬਰਾਂ ਵੀ ਪੜ੍ਹੋ: 

Related Post