Akshay Kumar ਖਿਲਾਫ਼ ਜਲੰਧਰ ਪੁਲਿਸ ਕੋਲ ਸ਼ਿਕਾਇਤ ਦਰਜ , ਅਕਸ਼ੈ ਕੁਮਾਰ ਨੇ ਸੋਸ਼ਲ ਮੀਡੀਆ ਤੇ ਦਿੱਤੀ ਸਫ਼ਾਈ
Fake AI Maharishi Valmiki trailer : ਅੰਮ੍ਰਿਤਸਰ ਅਤੇ ਜਲੰਧਰ 'ਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੇ ਖਿਲਾਫ ਮੰਗਲਵਾਰ (23 ਸਤੰਬਰ) ਨੂੰ ਵਾਲਮੀਕਿ ਭਾਈਚਾਰੇ ਨੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਅਕਸ਼ੈ ਕੁਮਾਰ ਦੀ ਫ਼ਿਲਮ "ਮਹਾ ਵਾਲਮੀਕਿ" ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਵਿੱਚ ਅਕਸ਼ੈ ਕੁਮਾਰ ਮਹਾਰਿਸ਼ੀ ਵਾਲਮੀਕਿ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ
Fake AI Maharishi Valmiki trailer : ਅੰਮ੍ਰਿਤਸਰ ਅਤੇ ਜਲੰਧਰ 'ਚ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੇ ਖਿਲਾਫ ਮੰਗਲਵਾਰ (23 ਸਤੰਬਰ) ਨੂੰ ਵਾਲਮੀਕਿ ਭਾਈਚਾਰੇ ਨੇ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਅਕਸ਼ੈ ਕੁਮਾਰ ਦੀ ਫ਼ਿਲਮ "ਮਹਾ ਵਾਲਮੀਕਿ" ਦਾ ਟ੍ਰੇਲਰ ਰਿਲੀਜ਼ ਹੋਇਆ ਹੈ, ਜਿਸ ਵਿੱਚ ਅਕਸ਼ੈ ਕੁਮਾਰ ਮਹਾਰਿਸ਼ੀ ਵਾਲਮੀਕਿ ਦੇ ਰੂਪ ਵਿੱਚ ਦਿਖਾਈ ਦਿੰਦੇ ਹਨ।
ਲੋਕਾਂ ਨੇ ਦੋਸ਼ ਲਗਾਇਆ ਕਿ ਫ਼ਿਲਮ ਮਹਾਰਿਸ਼ੀ ਵਾਲਮੀਕਿ ਨੂੰ ਗਲਤ ਢੰਗ ਨਾਲ ਪੇਸ਼ ਕਰਦੀ ਹੈ ਅਤੇ ਵਾਲਮੀਕਿ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀ ਹੈ। ਉਨ੍ਹਾਂ ਨੇ ਪੁਲਿਸ ਨੂੰ ਇੱਕ ਮੰਗ ਪੱਤਰ ਅਤੇ ਸ਼ਿਕਾਇਤ ਸੌਂਪੀ, ਜਿਸ ਵਿੱਚ ਅਕਸ਼ੈ ਕੁਮਾਰ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਗਈ।
ਜਲੰਧਰ 'ਚ ਅੱਜ ਵਾਲਮੀਕੀ ਭਾਈਚਾਰੇ ਨੇ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਵਿਰੁੱਧ ਪੁਲਿਸ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ। ਭਾਈਚਾਰੇ ਨੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਇੱਕ ਫ਼ਿਲਮ ਦਾ ਟ੍ਰੇਲਰ ਵਾਇਰਲ ਹੋ ਰਿਹਾ ਹੈ ,ਜਿਸ 'ਚ ਅਕਸ਼ੈ ਕੁਮਾਰ ਭਗਵਾਨ ਵਾਲਮੀਕੀ ਦੀ ਭੂਮਿਕਾ ਨਿਭਾ ਰਹੇ ਹਨ ਅਤੇ ਟ੍ਰੇਲਰ ਵਿੱਚ ਕਈ ਇਤਰਾਜ਼ਯੋਗ ਗੱਲਾਂ ਕੀਤੀਆਂ ਗਈਆਂ ਹਨ।
ਭਾਈਚਾਰੇ ਨੇ ਕਿਹਾ ਕਿ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਵੀ ਦੋਸ਼ੀ ਨਹੀਂ ਬਣਾਇਆ ਗਿਆ ਹੈ, ਨਾ ਹੀ ਕੋਈ ਧਾਰਾ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਪੁਲਿਸ ਨੂੰ ਬੇਨਤੀ ਕੀਤੀ ਹੈ ਕਿ ਵੀਡੀਓ ਅਪਲੋਡ ਕਰਨ ਵਾਲੀ ਕੰਪਨੀ ਵਿਰੁੱਧ ਢੁਕਵੀਂ ਕਾਰਵਾਈ ਕੀਤੀ ਜਾਵੇ।
ਅੰਮ੍ਰਿਤਸਰ ‘ਚ ਵੀ ਵਾਲਮੀਕੀ ਭਾਈਚਾਰੇ ਨੇ ਜਤਾਇਆ ਵਿਰੋਧ
ਅੰਮ੍ਰਿਤਸਰ ‘ਚ ਵਾਲਮੀਕਿ ਅੰਬੇਡਕਰ ਸੰਗਠਨ ਨੇ ਅਦਾਕਾਰ ਅਕਸ਼ੈ ਕੁਮਾਰ ਦੀ ਫ਼ਿਲਮ ‘ਮਹਾ ਵਾਲਮੀਕਿ‘ ਦੇ ਟ੍ਰੇਲਰ ‘ਤੇ ਵਿਰੋਧ ਜਤਾਇਆ ਹੈ। ਸੰਗਠਨ ਨੇ ਫ਼ਿਲਮ ਦੇ ਟ੍ਰੇਲਰ ਨੂੰ ਲੈ ਕੇ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਸੌਂਪਿਆ ਹੈ। ਸੰਗਠਨ ਆਗੂ ਸੁਮੀਤ ਕਾਲੀ ਦਾ ਕਹਿਣਾ ਹੈ ਕਿ ਟ੍ਰੇਲਰ ‘ਚ ਭਗਵਾਨ ਵਾਲਮੀਕਿ ਜੀ ਨੂੰ ਗਲਤ ਤਰੀਕੇ ਨਾਲ ਦੱਸਿਆ ਗਿਆ ਹੈ, ਜਿਸ ਨਾਲ ਵਾਲਮੀਕਿ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਦੀ ਮੰਗ ਹੈ ਕਿ ਟ੍ਰੇਲਰ ਨੂੰ ਤੁਰੰਤ ਯੂਟਿਊਬ ਤੋਂ ਹਟਾਇਆ ਜਾਵੇ।
AI ਜਨਰੇਟਡ ਵੀਡੀਓ ‘ਤੇ ਭੜਕੇ ਅਕਸ਼ੇ ਕੁਮਾਰ
ਅਕਸ਼ੇ ਕੁਮਾਰ ਨੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸਾਂਝੀ ਕੀਤੀ ਤੇ ਅਜਿਹੀਆਂ ਰਿਪੋਰਟਾਂ ਨੂੰ ਜਾਅਲੀ ਦੱਸਿਆ ਤੇ ਕਿਹਾ ਕਿ ਮਹਾਰਿਸ਼ੀ ਵਾਲਮੀਕਿ ਨੂੰ ਦਰਸਾਉਂਦੇ ਹੋਏ ਉਨ੍ਹਾਂ ਦੇ ਵਾਇਰਲ ਵੀਡੀਓਜ਼ ਨਕਲੀ ਹਨ ਤੇ AI ਦੀ ਵਰਤੋਂ ਕਰਕੇ ਬਣਾਏ ਗਏ ਹਨ। ਅਦਾਕਾਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਲਿਖਿਆ, “ਹਾਲ ਹੀ ‘ਚ, ਮੈਨੂੰ ਇੱਕ ਫਿਲਮ ਦੇ ਟ੍ਰੇਲਰ ਦੇ ਕੁਝ AI-ਜਨਰੇਟ ਕੀਤੇ ਵੀਡੀਓ ਮਿਲੇ ਹਨ, ਜਿਸ ‘ਚ ਮੈਨੂੰ ਮਹਾਰਿਸ਼ੀ ਵਾਲਮੀਕਿ ਦੀ ਭੂਮਿਕਾ ‘ਚ ਦਿਖਾਇਆ ਗਿਆ ਹੈ। ਮੈਂ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਜਿਹੇ ਸਾਰੇ ਵੀਡੀਓ ਨਕਲੀ ਹਨ ਤੇ AI ਦੀ ਵਰਤੋਂ ਕਰਕੇ ਬਣਾਏ ਗਏ ਹਨ।”