Sangrur 'ਚ ਦਿਲ ਦਹਿਲਾਉਣ ਵਾਲਾ ਮਾਮਲਾ , ਦੋਸਤ ਨੇ ਪੁਰਾਣੀ ਰੰਜਿਸ਼ ਦੇ ਚੱਲਦਿਆਂ ਦੋਸਤ ਦਾ ਕੀਤਾ ਕਤਲ
Sangrur News : ਸੰਗਰੂਰ ਤੋਂ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇੱਕ ਦੋਸਤ ਨੇ ਪੁਰਾਣੀ ਰੰਜਿਸ਼ ਦੇ ਚੱਲਦੇ ਆਪਣੇ ਹੀ ਦੋਸਤ ਦਾ ਕਤਲ ਕਰ ਦਿੱਤਾ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਉਥੇ ਹੀ ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਮਾਮਲੇ ਵਿੱਚ ਇੱਕ ਹੋਰ ਦੋਸਤ ਸ਼ਾਮਿਲ ਹੈ ,ਜਿਸ ਨੂੰ ਪੁਲਿਸ ਨੇ ਗ੍ਰਿਫ਼ਤਾਰ ਨਹੀਂ ਕੀਤਾ ਪਰ ਅੱਜ ਮੁੜ ਤੋਂ ਪਰਿਵਾਰ ਦੇ ਬਿਆਨ ਲਏ ਗਏ ਹਨ।
ਜਾਣਕਾਰੀ ਮੁਤਾਬਿਕ ਅਜੇ ਜਿਸ ਦੀ ਉਮਰ 30 ਸਾਲ ਸੀ ,ਉਹ ਆਪਣੇ ਦੋਸਤ ਦੇ ਨਾਲ ਸ਼ਰਾਬ ਪੀ ਰਿਹਾ ਸੀ। ਜਿਸ ਦੌਰਾਨ ਆਪਣੇ ਦੋਸਤ ਨਾਲ ਬਹਿਸਬਾਜ਼ੀ ਹੋਣ ਤੋਂ ਬਾਅਦ ਉਸ ਦਾ ਕਤਲ ਕੀਤਾ ਗਿਆ। ਉੱਥੇ ਹੀ ਪਰਿਵਾਰ ਅੱਜ ਮ੍ਰਿਤਕ ਦਾ ਸਸਕਾਰ ਕਰਨ ਤੋਂ ਮਨਾ ਕਰ ਰਿਹਾ ਹੈ। ਮ੍ਰਿਤਕ ਦੇ ਪਰਿਵਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਇੱਕ ਦੋਸ਼ੀ ਤਾਂ ਗ੍ਰਿਫਤਾਰ ਕੀਤਾ ਹੈ ਪਰ ਇਸ ਕਤਲ ਪਿੱਛੇ ਇੱਕ ਹੋਰ ਦੋਸ਼ੀ ਵੀ ਸ਼ਾਮਿਲ ਹੈ,ਜਿਸ ਨੂੰ ਪੁਲਿਸ ਨੇ ਗਵਾਹ ਬਣਾ ਕੇ ਪੇਸ਼ ਕੀਤਾ ਹੈ। ਉਹਨਾਂ ਕਿਹਾ ਕਿ ਉਹ ਆਪਣੇ ਪੁੱਤ ਦਾ ਅੰਤਿਮ ਸਸਕਾਰ ਉਦੋਂ ਹੀ ਕਰਨਗੇ, ਜਦੋਂ ਪੁਲਿਸ ਦੂਜੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਵੇਗੀ।
ਉੱਥੇ ਹੀ ਮ੍ਰਿਤਕ ਅਜੇ ਦੇ ਭਰਾ ਬੁੱਧੀਰਾਮ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਉਹਨਾਂ ਦੇ ਭਰਾ ਨੂੰ ਮਾਰਿਆ ਹੈ, ਉਸ ਵਿੱਚ ਪੁਲਿਸ ਜਦੋਂ ਤੱਕ ਦੂਸਰੇ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰੇਗੀ, ਉਹ ਆਪਣੇ ਭਰਾ ਦਾ ਸਸਕਾਰ ਨਹੀਂ ਕਰਨਗੇ। ਇਸ ਦੇ ਨਾਲ ਹੀ ਜਦੋਂ ਇਸ ਦੇ ਬਾਰੇ ਪੁਲਿਸ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਪਰਿਵਾਰ ਦੇ ਬਿਆਨਾਂ ਦੇ ਮੁਤਾਬਿਕ ਹੀ ਮਾਮਲਾ ਦਰਜ ਕਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਅੱਜ ਪਰਿਵਾਰਿਕ ਮੈਂਬਰ ਕੁਝ ਹੋਰ ਬਿਆਨ ਇਸ ਮਾਮਲੇ ਦੇ ਵਿੱਚ ਜੋੜਨਾ ਚਾਹੁੰਦੇ ਹਨ ਜਿਸ ਦੇ ਚਲਦੇ ਅੱਜ ਨਵੇਂ ਬਿਆਨ ਦਰਜ ਹੋਏ ਹਨ ਅਤੇ ਉਸ ਮੁਤਾਬਿਕ ਤਫਤੀਸ਼ ਕਰ ਕਾਰਵਾਈ ਕੀਤੀ ਜਾਵੇਗੀ।
- PTC NEWS