Hoshiarpur ’ਚ ਵਿਧਵਾ ਔਰਤ ਦੇ ਘਰ ਦਾ ਬਿਜਲੀ ਦਾ ਬਿੱਲ 68,840 ਰੁਪਏ, ਘਰ ’ਚ ਚਲਦਾ ਹੈ ਸਿਰਫ ਇੱਕ ਪੱਖਾ ਤੇ ਦੋ ਲਾਈਟਾਂ
Hoshiarpur News : ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਚੱਬੇਵਾਲ ਅਧੀਨ ਆਉਂਦੇ ਪਿੰਡ ਹਰਮੋਇਆ ਤੋਂ ਇੱਕ ਹੈਰਾਨੀ ਜਨਕ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਇੱਕ ਵਿਧਵਾ ਔਰਤ ਦੇ ਘਰ ਦਾ ਬਿਜਲੀ ਦਾ ਬਿੱਲ ਕਰੀਬ 68,840 ਰੁਪਏ ਆਇਆ ਹੈ ਜਿਸ ਤੋਂ ਬਾਅਦ ਮਹਿਲਾ ਬਹੁਤ ਹੀ ਪਰੇਸ਼ਾਨ ਹੋ ਗਈ।
ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਬਿਮਲਾ ਦੇਵੀ ਨੇ ਕਿਹਾ ਕਿ 23 ਅਗਸਤ ਨੂੰ ਉਨ੍ਹਾਂ ਦਾ ਬਿੱਲ 64 ਹਜ਼ਾਰ ਦੇ ਕਰੀਬ ਆਇਆ ਸੀ ਤੇ ਉਸ ਤੋਂ ਬਾਅਦ ਉਹਨਾਂ ਨੇ ਸਬੰਧਤ ਬਿਜਲੀ ਮਹਿਕਮੇ ਵਿੱਚ ਜਾ ਕੇ ਇਸ ਦੀ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਕਿਹਾ ਕਿ ਇੱਕ ਮਹੀਨੇ ਬਾਅਦ ਬਿਜਲੀ ਮੁਲਾਜ਼ਮ ਆਏ ਅਤੇ ਉਹਨਾਂ ਦਾ ਮੀਟਰ ਲਾਹ ਕੇ ਲੈ ਗਏ ਅਤੇ ਮੀਟਰ ਨੂੰ ਜਦੋਂ ਕੰਪਨੀ ਦੇ ਵਿੱਚ ਭੇਜਿਆ ਗਿਆ ਤਾਂ ਬਿਜਲੀ ਮਹਿਕਮੇ ਵਾਲਿਆਂ ਨੇ ਦੱਸਿਆ ਬਿਜਲੀ ਦਾ ਮੀਟਰ ਬਿਲਕੁੱਲ ਸਹੀ ਹੈ।
ਉਨ੍ਹਾਂ ਕਿਹਾ ਕਿ ਪਰ ਇਨ੍ਹਾਂ ਬਿੱਲ ਆਉਣ ਦਾ ਕਾਰਨ ਕੀ ਹੋ ਸਕਦਾ ਹੈ। ਉਨ੍ਹਾਂ ਦੇ ਘਰ ਤਾਂ ਇੱਕ ਪੱਖਾ ਅਤੇ ਦੋ ਲਾਈਟਾਂ ਹਨ ਜਦਕਿ ਵਿਧਵਾ ਔਰਤ ਨੇ ਕਿਹਾ ਉਸਦੇ ਪਤੀ ਦੀ ਮੌਤ 2007 ਦੇ ਵਿੱਚ ਹੋ ਗਈ ਸੀ ਅਤੇ ਉਹ ਲੋਕਾਂ ਦੇ ਘਰਾਂ ਵਿੱਚ ਕੰਮ ਕਰਕੇ ਆਪਣੇ ਇੱਕ ਬੱਚੇ ਨੂੰ ਪੜਾ ਰਹੀ ਹੈ।
ਬਿਮਲਾ ਦੇਵੀ ਦੇ ਪੁੱਤਰ ਨੇ ਬੋਲਦੇ ਹੋਏ ਕਿਹਾ ਕਿ ਉਹ ਆਪਣੇ ਕਾਲਜ ਤੋਂ ਛੁੱਟੀਆਂ ਕਰਕੇ ਬਿਜਲੀ ਮਹਿਕਮੇ ਦੇ ਚੱਕਰ ਲਗਾ ਕੇ ਥੱਕ ਚੁੱਕਾ ਹੈ, ਉਸਦੀ ਪੜ੍ਹਾਈ ਵੀ ਖਰਾਬ ਹੁੰਦੀ ਹੈ ਪਰ ਬਿਜਲੀ ਮਹਿਕਮੇ ਵਾਲੇ ਉਹਨਾਂ ਨੂੰ ਕੋਈ ਵੀ ਸਹੀ ਜਵਾਬ ਨਹੀਂ ਦੇ ਰਹੇ ਹਨ। ਪੰਜਾਬ ਸਰਕਾਰ ਅਤੇ ਬਿਜਲੀ ਮਹਿਕਮੇ ਤੋਂ ਗੁਜ਼ਾਰਿਸ਼ ਕੀਤੀ ਹੈ ਕਿ ਉਨ੍ਹਾਂ ਦਾ ਬਿੱਲ ਮੁਆਫ ਕੀਤਾ ਜਾਵੇ ਕਿਉਂਕਿ ਉਹ ਇਨ੍ਹਾਂ ਬਿੱਲ ਦੇਣ ਵਿੱਚ ਸਮਰਥ ਨਹੀਂ ਹੈ।
ਇਹ ਵੀ ਪੜ੍ਹੋ : Ludhiana ’ਚ ਲਾਡੋਵਾਲ ਟੋਲ ਪਲਾਜ਼ਾ ਦੇ ਕੋਲ ਵਾਪਰਿਆ ਭਿਆਨਕ ਹਾਦਸਾ, 2 ਨਾਬਾਲਿਗ ਕੁੜੀਆਂ ਸਣੇ 5 ਦੀ ਹੋਈ ਦਰਦਨਾਕ ਮੌਤ
- PTC NEWS