PTC News
Search
🔍 Search

Cyclone Arnab ਨੂੰ ਲੈ ਅਲਰਟ, 125 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲਣ ਦੀ ਸੰਭਾਵਨਾ

ਆਂਧਰਾ ਪ੍ਰਦੇਸ਼ ਵਿੱਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ

By  Jaswinder Kaur October 26th 2026 11:52 AM

Alert for Cyclone Arnab in Andhra Pradesh :  ਬੰਗਾਲ ਦੀ ਖਾੜੀ ਵਿੱਚ ਬਣਿਆ ਡੂੰਘਾ ਦਬਾਅ ਹੁਣ ਚੱਕਰਵਾਤ ਅਰਨਬ ਵਿੱਚ ਬਦਲ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ 2 ਦਿਨਾਂ ਵਿੱਚ ਇਸਦੀ ਤਾਕਤ ਹੋਰ ਵੱਧ ਸਕਦੀ ਹੈ। 27 ਅਕਤੂਬਰ ਤੱਕ ਇਸ ਦੇ ਬਹੁਤ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਬਦਲਣ ਹੋਣ ਦੀ ਸੰਭਾਵਨਾ ਹੈ। ਫਿਰ 28 ਅਕਤੂਬਰ ਦੀ ਸਵੇਰ ਨੂੰ ਇਸ ਦੇ ਆਂਧਰਾ ਪ੍ਰਦੇਸ਼ ਦੇ ਤੱਟ 'ਤੇ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਤੂਫਾਨ ਨਾਲ ਕਈ ਖੇਤਰਾਂ ਵਿੱਚ ਤੇਜ਼ ਹਵਾਵਾਂ ਅਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।

ਭਾਰਤੀ ਮੌਸਮ ਵਿਭਾਗ (IMD) ਵੱਲੋਂ ਸੋਮਵਾਰ ਸਵੇਰੇ ਜਾਰੀ ਕੀਤੇ ਗਏ ਇੱਕ ਬੁਲੇਟਿਨ ਦੇ ਅਨੁਸਾਰ ਚੱਕਰਵਾਤ ਪੂਰਬ-ਮੱਧ ਬੰਗਾਲ ਦੀ ਖਾੜੀ ਅਤੇ ਨਾਲ ਲੱਗਦੇ ਪੱਛਮੀ-ਮੱਧ ਹਿੱਸਿਆਂ ਉੱਤੇ ਸਥਿਤ ਸੀ। ਪਿਛਲੇ ਛੇ ਘੰਟਿਆਂ ਵਿੱਚ ਇਹ ਲਗਭਗ 15 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਪੱਛਮ ਵੱਲ ਵਧਿਆ ਹੈ। ਮੌਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਇਹ ਪੱਛਮ-ਉੱਤਰ-ਪੱਛਮ ਦਿਸ਼ਾ ਵਿੱਚ ਅੱਗੇ ਵਧਦਾ ਰਹੇਗਾ।

ਇਹ ਵੀ ਪੜ੍ਹੋ : 

Punjab weather Update: ਪੰਜਾਬ-ਚੰਡੀਗੜ੍ਹ 'ਚ ਸਾਫ਼ ਰਹੇਗਾ ਮੌਸਮ, ਤਾਪਮਾਨ 0.6 ਡਿਗਰੀ ਡਿੱਗਿਆ, 28 ਨੂੰ ਮੀਂਹ ਪੈਂਣ ਦੇ ਆਸਾਰ, ਸਵੇਰ-ਸ਼ਾਮ ਵਧੀ ਠੰਢ!

ਮੌਸਮ ਵਿਭਾਗ ਦੇ ਅਨੁਸਾਰ ਇਹ ਤੂਫਾਨ ਹੋਰ ਤੇਜ਼ ਹੋ ਸਕਦਾ ਹੈ ਅਤੇ ਸੋਮਵਾਰ ਅੱਧੀ ਰਾਤ ਤੱਕ ਇੱਕ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਬਦਲ ਸਕਦਾ ਹੈ। ਫਿਰ 27 ਅਕਤੂਬਰ ਤੱਕ ਇਸ ਦੇ ਬਹੁਤ ਹੀ ਗੰਭੀਰ ਚੱਕਰਵਾਤੀ ਤੂਫਾਨ ਵਿੱਚ ਬਦਲਣ ਦੀ ਸੰਭਾਵਨਾ ਹੈ। ਇਸ ਲਈ ਅਗਲੇ ਕੁਝ ਦਿਨ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਖੇਤਰਾਂ ਲਈ ਮਹੱਤਵਪੂਰਨ ਹੋਣਗੇ।

ਇਹ ਚੱਕਰਵਾਤ ਸੋਮਵਾਰ ਸਵੇਰੇ ਅੰਡੇਮਾਨ ਟਾਪੂਆਂ ਵਿੱਚ ਸ਼੍ਰੀ ਵਿਜੇਪੁਰਮ ਤੋਂ ਲਗਭਗ 590 ਕਿਲੋਮੀਟਰ ਉੱਤਰ-ਪੱਛਮ ਵਿੱਚ ਸੀ। ਇਹ ਵਿਸ਼ਾਖਾਪਟਨਮ ਤੋਂ 650 ਕਿਲੋਮੀਟਰ, ਕਾਕੀਨਾਡਾ ਤੋਂ 730 ਕਿਲੋਮੀਟਰ, ਮਾਛਲੀਪਟਨਮ ਤੋਂ 830 ਕਿਲੋਮੀਟਰ ਅਤੇ ਬਾਪਟਲਾ ਤੋਂ ਲਗਭਗ 910 ਕਿਲੋਮੀਟਰ ਦੂਰ ਸਥਿਤ ਸੀ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਹ 28 ਅਕਤੂਬਰ ਦੀ ਸਵੇਰ ਨੂੰ ਆਂਧਰਾ ਪ੍ਰਦੇਸ਼ ਦੇ ਤੱਟਾਂ ਅਤੇ ਬਾਪਟਲਾ ਅਤੇ ਵਿਸ਼ਾਖਾਪਟਨਮ ਦੇ ਵਿਚਕਾਰ ਯਨਮ ਨੂੰ ਪਾਰ ਕਰ ਸਕਦਾ ਹੈ। ਹਵਾ ਦੀ ਗਤੀ 125 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਸਕਦੀ ਹੈ, ਜਿਸ ਵਿੱਚ 140 ਕਿਲੋਮੀਟਰ ਪ੍ਰਤੀ ਘੰਟਾ ਤੱਕ ਤੇਜ਼ ਹਵਾਵਾਂ ਚੱਲ ਸਕਦੀਆਂ ਹਨ।

ਚੱਕਰਵਾਤ ਦੇ ਪ੍ਰਭਾਵ ਕਾਰਨ, ਤੱਟਵਰਤੀ ਆਂਧਰਾ ਪ੍ਰਦੇਸ਼, ਯਨਮ ਅਤੇ ਰਾਇਲਸੀਮਾ ਦੇ ਕੁਝ ਹਿੱਸਿਆਂ ਵਿੱਚ ਤੇਜ਼ ਹਵਾਵਾਂ ਦੇ ਨਾਲ-ਨਾਲ ਗਰਜ-ਤੂਫ਼ਾਨ ਆਉਣ ਦੀ ਸੰਭਾਵਨਾ ਹੈ। 27 ਅਤੇ 28 ਅਕਤੂਬਰ ਨੂੰ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਨਮ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਕੁਝ ਥਾਵਾਂ 'ਤੇ ਬਹੁਤ ਜ਼ਿਆਦਾ ਮੀਂਹ ਵੀ ਪੈ ਸਕਦਾ ਹੈ। 29 ਅਕਤੂਬਰ ਨੂੰ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।

ਆਂਧਰਾ ਪ੍ਰਦੇਸ਼ ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਏਪੀਐਸਡੀਐਮਏ) ਦੇ ਪ੍ਰਬੰਧ ਨਿਰਦੇਸ਼ਕ ਪ੍ਰਖਰ ਜੈਨ ਨੇ ਕਿਹਾ ਕਿ ਅਗਲੇ 3 ਦਿਨ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਨੇ ਲੋਕਾਂ ਨੂੰ ਮੌਸਮ ਵਿਭਾਗ ਅਤੇ ਪ੍ਰਸ਼ਾਸਨ ਦੁਆਰਾ ਜਾਰੀ ਨਿਰਦੇਸ਼ਾਂ ਦੀ ਪਾਲਣਾ ਕਰਨ ਅਤੇ ਸੁਰੱਖਿਆ ਪ੍ਰਤੀ ਲਾਪਰਵਾਹੀ ਨਾ ਵਰਤਣ ਦੀ ਅਪੀਲ ਕੀਤੀ। ਖਾਸ ਕਰਕੇ ਸਮੁੰਦਰ ਦੇ ਨੇੜੇ ਰਹਿਣ ਵਾਲਿਆਂ ਨੂੰ ਸਾਵਧਾਨ ਰਹਿਣ ਅਤੇ ਜ਼ਰੂਰੀ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ। ਚੱਕਰਵਾਤ ਦੀ ਦਿਸ਼ਾ ਅਤੇ ਤਾਕਤ ਵਿੱਚ ਤਬਦੀਲੀਆਂ 'ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਅਫਵਾਹਾਂ ਤੋਂ ਬਚਣ, ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਅਨੁਸਾਰ ਕਦਮ ਚੁੱਕਣ ਦੀ ਲੋੜ ਹੈ।





















Related Post