ਪੰਜਾਬ ਕੈਮਿਸਟ ਐਸੋਸੀਏਸ਼ਨ ਦਾ ਵੱਡਾ ਫ਼ੈਸਲਾ: 27,000 ਮੈਡੀਕਲ ਸਟੋਰਾਂ 'ਤੇ ਬੰਦ ਹੋਵੇਗੀ ਆਦਤ ਪਾਉਣ ਵਾਲੀਆਂ ਦਵਾਈਆਂ ਦੀ ਵਿਕਰੀ
ਮਾਨਸਾ ਵਿੱਚ ਨਸ਼ਾ ਵਿਰੋਧੀ ਆਗੂ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਅਤੇ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (FDA) ਵੱਲੋਂ ਮੈਡੀਕਲ ਸਟੋਰਾਂ 'ਤੇ ਕੀਤੀ ਜਾ ਰਹੀ ਸਖ਼ਤ ਕਾਰਵਾਈ ਅਤੇ ਛਾਪੇਮਾਰੀ ਕਾਰਨ ਪੰਜਾਬ ਕੈਮਿਸਟ ਐਸੋਸੀਏਸ਼ਨ (Punjab Chemists Association) ਅਤੇ ਸਰਕਾਰ ਵਿਚਾਲੇ ਤਣਾਅ ਵਧ ਗਿਆ ਹੈ। ਐਸੋਸੀਏਸ਼ਨ ਨੇ ਪ੍ਰਸ਼ਾਸਨ 'ਤੇ ਕੈਮਿਸਟਾਂ ਨੂੰ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼ ਲਾਉਂਦਿਆਂ ਸੂਬੇ ਭਰ ਵਿੱਚ ਆਦਤ ਪਾਉਣ ਵਾਲੀਆਂ (Habit-forming drugs/Psychotropic drugs) ਦਵਾਈਆਂ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ।
27,000 ਤੋਂ ਵੱਧ ਮੈਡੀਕਲ ਸਟੋਰ ਹੋਣਗੇ ਪ੍ਰਭਾਵਿਤ
ਐਸੋਸੀਏਸ਼ਨ ਦੇ ਇਸ ਫ਼ੈਸਲੇ ਨਾਲ ਪੰਜਾਬ ਦੇ ਲਗਭਗ 27,000 ਤੋਂ ਵੱਧ ਮੈਡੀਕਲ ਸਟੋਰਾਂ 'ਤੇ ਇਨ੍ਹਾਂ ਦਵਾਈਆਂ ਦੀ ਸਪਲਾਈ ਠੱਪ ਹੋ ਜਾਵੇਗੀ। ਕੈਮਿਸਟਾਂ ਨੇ ਫ਼ੈਸਲਾ ਕੀਤਾ ਹੈ ਕਿ ਉਹ ਪ੍ਰੈਗਾਬਾਲਿਨ (Pregabalin) ਅਤੇ ਟ੍ਰਾਮਾਡੋਲ (Tramadol) ਵਰਗੀਆਂ ਦਵਾਈਆਂ ਦੇ ਮੌਜੂਦਾ ਸਟਾਕ ਨੂੰ ਸਪਲਾਇਰਾਂ/ਕੰਪਨੀਆਂ ਨੂੰ ਵਾਪਸ ਕਰ ਦੇਣਗੇ ਅਤੇ ਭਵਿੱਖ ਵਿੱਚ ਨਵੇਂ ਆਰਡਰ ਨਹੀਂ ਦੇਣਗੇ। ਇਸ ਕਦਮ ਨਾਲ ਦਿਮਾਗੀ ਬੀਮਾਰੀਆਂ, ਜੋੜਾਂ ਦੇ ਦਰਦ, ਡਿਪਰੈਸ਼ਨ, ਸ਼ੂਗਰ ਅਤੇ ਅਧਰੰਗ (Paralysis) ਤੋਂ ਪੀੜਤ ਉਨ੍ਹਾਂ ਮਰੀਜ਼ਾਂ ਲਈ ਵੱਡੀ ਮੁਸ਼ਕਿਲ ਖੜ੍ਹੀ ਹੋ ਸਕਦੀ ਹੈ ਜੋ ਨਿਯਮਤ ਤੌਰ 'ਤੇ ਡਾਕਟਰ ਦੀ ਸਲਾਹ ਨਾਲ ਇਹ ਦਵਾਈਆਂ ਲੈਂਦੇ ਹਨ।
"ਕੁੱਛ ਲੋਕਾਂ ਦੀ ਗ਼ਲਤੀ ਦੀ ਸਜ਼ਾ ਸਾਰੇ ਕੈਮਿਸਟਾਂ ਨੂੰ ਨਾ ਦਿੱਤੀ ਜਾਵੇ"
ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਆਗੂ ਸੰਜੀਵ ਚੌਧਰੀ ਨੇ ਪੁਲਿਸ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਗੰਭੀਰ ਸਵਾਲ ਚੁੱਕਦਿਆਂ ਕਿਹਾ ਕਿ ਕੁਝ ਗ਼ਲਤ ਅਨਸਰਾਂ ਦੀ ਵਜ੍ਹਾ ਕਰਕੇ ਪੂਰੇ ਕੈਮਿਸਟ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਹਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਡਰੱਗ ਇੰਸਪੈਕਟਰਾਂ ਦੀ ਥਾਂ ਪੁਲਿਸ ਵੱਲੋਂ ਮੈਡੀਕਲ ਸਟੋਰਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਬਿਲਿੰਗ ਜਾਂ ਰਿਕਾਰਡ ਵਿੱਚ ਮਾਮੂਲੀ ਅੰਤਰ ਹੋਣ 'ਤੇ ਵੀ ਕੈਮਿਸਟਾਂ 'ਤੇ NDPS ਐਕਟ ਵਰਗੇ ਗੰਭੀਰ ਮਾਮਲੇ ਦਰਜ ਕਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਐਸੋਸੀਏਸ਼ਨ ਨੇ ਸਾਫ਼ ਕੀਤਾ ਕਿ ਉਹ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੇ ਸਮਰਥਨ ਵਿੱਚ ਹਨ, ਪਰ ਅਸਲੀ ਪਰਚੀ (Valid Prescription) 'ਤੇ ਕਾਨੂੰਨੀ ਤੌਰ 'ਤੇ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਪ੍ਰਸ਼ਾਸਨਿਕ ਕਾਰਵਾਈ ਦੇ ਇਸ ਰੁਖ਼ ਨਾਲ ਆਉਣ ਵਾਲੇ ਦਿਨਾਂ ਵਿੱਚ ਮਰੀਜ਼ਾਂ ਨੂੰ ਆਪਣੀ ਜ਼ਰੂਰੀ ਦਵਾਈ ਪ੍ਰਾਪਤ ਕਰਨ ਲਈ ਭਾਰੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
- PTC NEWS