ਆਬਕਾਰੀ ਵਿਭਾਗ ਅਤੇ ਪੁਲਿਸ ਵੱਲੋਂ ਨਜਾਇਜ਼ ਸ਼ਰਾਬ ਵਿਰੁੱਧ ਜਾਗਰੂਕਤਾ ਮੁਹਿੰਮ

By  Jasmeet Singh December 8th 2022 04:37 PM

ਚੰਡੀਗੜ੍ਹ, 8 ਦਸੰਬਰ: ਪੰਜਾਬ ਦੇ ਵਿੱਤ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਚੀਮਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਏ.ਆਈ.ਜੀ. ਆਬਕਾਰੀ ਅਤੇ ਕਰ ਗੁਰਜੋਤ ਸਿੰਘ ਕਲੇਰ ਵੱਲੋਂ ਨਜਾਇਜ਼ ਸ਼ਰਾਬ ਦੇ ਕਾਰੋਬਾਰ ਵਿਰੁੱਧ ਆਬਕਾਰੀ ਵਿਭਾਗ ਅਤੇ ਪੰਜਾਬ ਪੁਲਿਸ ਦੇ ਸਾਂਝੇ ਆਪ੍ਰੇਸ਼ਨਾਂ ਨੂੰ ਹੋਰ ਤੇਜ ਕਰਨ ਅਤੇ ਇਸ ਬੁਰਾਈ ਵਿਰੁੱਧ ਆਮ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਪੰਜਾਬ ਪੁਲਿਸ ਦੇ ਆਬਕਾਰੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ।

ਇਹ ਮੀਟਿੰਗ ਬਾਰੇ ਜਾਣਕਾਰੀ ਦਿੰਦਿਆਂ ਏ.ਆਈ.ਜੀ. ਗੁਰਜੋਤ ਸਿੰਘ ਕਲੇਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਚੱਲ ਰਹੇ ਆਬਕਾਰੀ ਮਾਮਲਿਆਂ ਦੀ ਗੰਭੀਰਤਾ ਪ੍ਰਤੀ ਆਬਕਾਰੀ ਪੁਲਿਸ ਫੋਰਸ ਨੂੰ ਹੋਰ ਜਾਗਰੂਕ ਕਰਨ, ਪੁਲਿਸ ਅਤੇ ਆਬਕਾਰੀ ਅਧਿਕਾਰੀਆਂ ਵਿਚਕਾਰ ਤਾਲਮੇਲ ਨੂੰ ਸੁਧਾਰਨ, ਚੱਲ ਰਹੀਆਂ ਜਾਂਚਾਂ ਨੂੰ ਹੋਰ ਤੇਜ਼ ਕਰਨ, ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਆਬਕਾਰੀ ਪੁਲਿਸ ਨੂੰ ਹਾਈਟੈਕ ਬਣਾਉਣਾ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਤੋਂ ਪ੍ਰਾਪਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਬੰਧਤ ਅਧਿਕਾਰੀਆਂ ਨੂੰ ਲੋੜੀਂਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ।

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕਲੇਰ ਨੇ ਦੱਸਿਆ ਕਿ ਮੀਟਿੰਗ ਦੌਰਾਨ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿ ਆਬਕਾਰੀ ਵਿਭਾਗ ਦੇ ਕਿਸੇ ਕਰਮਚਾਰੀ ਜਾਂ ਅਧਿਕਾਰੀ ਨੂੰ ਨਾਲ ਲਏ ਬਿਨਾਂ ਆਬਕਾਰੀ ਪੁਲਿਸ ਛਾਪੇਮਾਰੀ ਨਹੀਂ ਕਰੇਗੀ, ਜ਼ਿਲ੍ਹਾ ਪੁਲਿਸ ਦੀ ਤਰਜ਼ 'ਤੇ ਸਾਰੇ ਆਬਕਾਰੀ ਪੁਲਿਸ ਇੰਚਾਰਜ ਹੈੱਡ ਕਾਂਸਟੇਬਲ ਦੇ ਰੈਂਕ ਤੋਂ ਉੱਪਰ ਦਾ ਇੱਕ ਅਫ਼ਸਰ ਰੋਜ਼ਾਨਾ 24 ਘੰਟੇ ਡਿਊਟੀ ਲਈ ਤਾਇਨਾਤ ਕਰਨਗੇ ਅਤੇ ਉਸ ਦੀ ਐਂਟਰੀ ਡਾਇਰੀ ਵਿੱਚ ਦਰਜ ਕੀਤੀ ਜਾਵੇਗੀ ਅਤੇ ਚਾਰ ਤੋਂ ਪੰਜ ਪੁਲਿਸ ਕਰਮਚਾਰੀ ਐਮਰਜੈਂਸੀ ਡਿਊਟੀ ਲਈ ਦਫਤਰ ਵਿੱਚ ਮੌਜੂਦ ਰਹਿਣਗੇ। ਉਨ੍ਹਾਂ ਕਿਹਾ ਕਿ ਆਬਕਾਰੀ ਪੁਲਿਸ ਅਧਿਕਾਰੀਆਂ ਨੂੰ ਹਾਈ ਪ੍ਰੋਫਾਈਲ ਕੇਸਾਂ ਵਿੱਚ ਕਿਸੇ ਵੀ ਵੱਡੇ ਅੱਪਡੇਟ ਸਬੰਧੀ ਸੂਚਨਾ ਤੁਰੰਤ ਹੈੱਡਕੁਆਰਟਰ ਨਾਲ ਸਾਂਝੀ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜ੍ਹੋ: ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਤੇ ਪੰਜਾ ਸਾਹਿਬ 'ਚ ਹੁਕਮਨਾਮਾ ਦੀ ਲਾਈਵ ਵੀਡੀਓਗ੍ਰਾਫੀ ਬੰਦ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ‘ਰੰਗਲਾ ਪੰਜਾਬ ਮਿਸ਼ਨ’ ਨੂੰ ਸਾਕਾਰ ਕਰਨ ਲਈ ਆਮ ਲੋਕਾਂ ਨੂੰ ਨਾਜਾਇਜ਼ ਸ਼ਰਾਬ ਦੇ ਕਾਰੋਬਾਰ ਵਿਰੁੱਧ ਜਾਗਰੂਕ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਲੇਰ ਨੇ ਕਿਹਾ ਕਿ ਆਬਕਾਰੀ ਵਿਭਾਗ ਅਤੇ ਆਬਕਾਰੀ ਪੁਲਿਸ ਵੱਲੋਂ ਜਲਦੀ ਹੀ ਇਸ ਬੁਰਾਈ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ।

Related Post