ਸ਼ਾਮ 7 ਤੋਂ ਸਵੇਰੇ 6 ਵਜੇ ਤੱਕ ਹੁਣ ਨਹੀਂ ਚੱਲਣਗੀਆਂ ਕੰਬਾਈਨਾਂ

ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਵੱਲੋਂ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੰਬਾਈਨਾਂ ਨਾਲ ਕਣਕ ਕੱਟਣ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ।

By  Amritpal Singh April 5th 2023 05:31 PM

Bathinda News: ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਵੱਲੋਂ ਫੌਜ਼ਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲ੍ਹਾ ਬਠਿੰਡਾ ਦੀ ਹਦੂਦ ਅੰਦਰ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕੰਬਾਈਨਾਂ ਨਾਲ ਕਣਕ ਕੱਟਣ ਤੇ ਮੁਕੰਮਲ ਪਾਬੰਦੀ ਲਗਾਈ ਗਈ ਹੈ। ਜੇਕਰ ਇਸ ਸਮੇਂ ਦੌਰਾਨ ਕੋਈ ਕੰਬਾਈਨ ਕਣਕ ਦੀ ਫ਼ਸਲ ਕੱਟਦੀ ਫੜੀ ਗਈ ਤਾਂ ਉਸ ਨੂੰ ਤੁਰੰਤ ਜਬਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਣਕ ਦੀ ਕਟਾਈ ਦਾ ਸੀਜਨ ਸ਼ੁਰੂ ਹੋ ਗਿਆ ਹੈ ਅਤੇ ਆਮ ਤੌਰ ਉੱਤੇ ਵੇਖਿਆ ਗਿਆ ਹੈ ਕਿ ਕਣਕ ਦੀ ਕਟਾਈ ਲਈ ਕੰਬਾਈਨਾਂ 24 ਘੰਟੇ ਕੰਮ ਕਰਦੀਆਂ ਹਨ। ਇਸ ਤੋਂ ਇਲਾਵਾ ਕੰਬਾਈਨਾਂ ਰਾਤ ਵੇਲੇ ਕਣਕ ਜੋ ਕਿ ਚੰਗੀ ਤਰ੍ਹਾਂ ਪੱਕੀ ਨਹੀਂ ਹੁੰਦੀ, ਕੱਚਾ ਦਾਣਾ ਹੀ ਕੱਟ ਦਿੰਦੀਆਂ ਹਨ, ਜਿਸ ਨਾਲ ਕਣਕ ਦੀ ਕੁਆਲਿਟੀ ਪ੍ਰਭਾਵਿਤ ਹੁੰਦੀ ਹੈ ਅਤੇ ਖ਼ਰੀਦ ਏਜੰਸੀਆਂ ਵੀ ਕਣਕ ਦੀ ਖ਼ਰੀਦ ਕਰਨ ਤੋਂ ਝਿਜਕਦੀਆਂ ਹਨ।

ਇਸੇ ਤਰ੍ਹਾਂ ਹੀ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜ਼ਿਲ੍ਹਾ ਬਠਿੰਡਾ ਅੰਦਰ ਕਣਕ ਦੀ ਫ਼ਸਲ ਕੱਟਣ ਤੋਂ ਬਾਅਦ ਖੇਤਾਂ ਵਿੱਚ ਪਏ ਕਣਕ ਦੇ ਨਾੜ/ਪਰਾਲੀ/ਰਹਿੰਦ-ਖੂੰਹਦ ਆਦਿ ਨੂੰ ਅੱਗ ਲਗਾਉਣ ’ਤੇ ਪੂਰਨ ਪਾਬੰਦੀ ਲਗਾਈ ਹੈ। ਉਨ੍ਹਾਂ ਕਿਹਾ ਕਿ ਵੇਖਣ ਵਿੱਚ ਆਇਆ ਹੈ ਕਿ ਕਣਕ ਕੱਟਣ ਉਪਰੰਤ ਫ਼ਸਲ ਦੀ ਨਾੜ/ਪਰਾਲੀ/ਰਹਿੰਦ-ਖੂੰਹਦ ਨੂੰ ਕਿਸਾਨਾਂ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘੱਟਦੀ ਹੈ।  ਜ਼ਮੀਨ ਦੀ ਉਪਰਲੀ ਸਤ੍ਹਾ ਅੱਗ ਨਾਲ ਜਲਣ ਕਾਰਨ ਇਸ ਵਿੱਚ ਮੌਜੂਦ ਕਈ ਲਾਭਦਾਇਕ ਜੀਵਾਣੂ ਮਰ ਜਾਂਦੇ ਹਨ ਤੇ ਆਲੇ-ਦੁਆਲੇ ਖੜੀ ਫ਼ਸਲ, ਗੋਦਾਮਾਂ ਵਿੱਚ ਸਟੋਰ ਕੀਤੀ ਗਈ ਫ਼ਸਲ, ਗੋਲਾ ਬਰੂਦ ਦੇ ਡੀਪੂ ਵਿੱਚ ਅੱਗ ਲੱਗ ਕੇ ਲੋਕਾਂ ਦਾ ਭਾਰੀ ਜਾਨੀ ਤੇ ਮਾਲੀ ਨੁਕਸਾਨ ਹੋ ਸਕਦਾ ਹੈ ਅਤੇ ਵਾਤਾਵਰਣ ਵੀ ਕਾਫ਼ੀ ਪ੍ਰਭਾਵਿਤ ਹੁੰਦਾ ਹੈ। ਹਵਾ ਵਿੱਚ ਧੂੰਏ ਨਾਲ ਪ੍ਰਦੂਸ਼ਨ ਫ਼ੈਲਦਾ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਇਸ ਲਈ ਇਸ ਦੀ ਰੋਕਥਾਮ ਕਰਨ ਦੀ ਜ਼ਰੂਰਤ ਨੂੰ ਦੇਖਦਿਆਂ ਇਹ ਪਾਬੰਦੀ ਲਗਾਈ ਗਈ ਹੈ।

ਇਹ ਹੁਕਮ 05 ਅਪ੍ਰੈਲ 2023 ਤੋਂ 04 ਜੂਨ 2023 ਤੱਕ ਲਾਗੂ ਰਹਿਣਗੇ।

Related Post