Bathinda Sewerage Pipeline : ਪਿੰਡ ਘਸੋਖਾਨਾ ਵਿਵਾਦ 'ਤੇ ਕਿਸਾਨਾਂ ਤੇ ਪ੍ਰਸ਼ਾਸਨ ਦੀ ਬਣੀ ਸਹਿਮਤੀ, ਪੁਲਿਸ ਨੇ 90 ਕਿਸਾਨ ਬਿਨਾਂ ਸ਼ਰਤ ਛੱਡੇ
Bathinda Sewerage Pipeline : ਪਿੰਡ ਘਾਸੋਖੰਨਾ ਵਿੱਚ ਪਾਈਪ ਲਾਈਨ ਲਾਉਣ ਨੂੰ ਲੈ ਕੇ ਚੱਲ ਰਹੇ ਵਿਵਾਦ 'ਚ ਆਖ਼ਰਕਾਰ ਇੱਕ ਵੱਡੀ ਸਹਿਮਤੀ ਬਣੀ ਹੈ। ਕਿਸਾਨਾਂ ਅਤੇ ਪ੍ਰਸ਼ਾਸਨ ਵਿਚਕਾਰ ਤਣਾਅ ਭਰੇ ਮਹੌਲ ਨੂੰ ਚਿਰਾਂ ਬਾਅਦ ਆਖਰਕਾਰ ਸੁਲਝਾਅ ਮਿਲ ਗਿਆ। ਮੁਕਤਸਰ ਜੇਲ੍ਹ 'ਚ ਬੰਦ ਕਿਸਾਨਾਂ ਨੂੰ ਦੇਰ ਰਾਤ ਬਿਨਾਂ ਕਿਸੇ ਸ਼ਰਤ ਦੇ ਰਿਹਾ ਕਰ ਦਿੱਤਾ ਗਿਆ। ਇਸ ਰਿਹਾਈ ਮੌਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਖ਼ੁਦ ਮੌਕੇ 'ਤੇ ਪਹੁੰਚੇ।
ਪ੍ਰਸ਼ਾਸਨ ਤੇ ਕਿਸਾਨਾਂ ਵਿਚਾਲੇ ਕਿਸ ਪੱਧਰ ਦੀ ਬਣੀ ਸਹਿਮਤੀ ?
ਦੱਸ ਦਈਏ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਘਾਸੋਖੰਨਾ ਵਿੱਚ ਪਾਈਪ ਲਾਈਨ ਪਾਉਣ ਨੂੰ ਲੈ ਕੇ ਚੱਲ ਰਹੇ ਵਿਵਾਦ ਨੇ ਹਾਲ ਹੀ ਵਿੱਚ ਤੀਬਰ ਰੂਪ ਧਾਰ ਲਿਆ ਸੀ। ਕਿਸਾਨਾਂ ਵੱਲੋਂ ਵਿਰੋਧ ਕਰਦਿਆਂ ਗ੍ਰਿਫ਼ਤਾਰੀ ਦਿੱਤੀ ਗਈ ਸੀ, ਜਿਸ ਤਹਿਤ ਕਈ ਕਿਸਾਨ ਮੁਕਤਸਰ ਦੀ ਜੇਲ੍ਹ ਵਿੱਚ ਬੰਦ ਕੀਤੇ ਗਏ ਸਨ। ਹਾਲਾਂਕਿ, ਦੇਰ ਰਾਤ ਪ੍ਰਸ਼ਾਸਨ ਅਤੇ ਕਿਸਾਨਾਂ ਵਿਚਕਾਰ ਚੱਲੀ ਗੱਲਬਾਤ ਕਾਰਗਰ ਸਾਬਤ ਹੋਈ ਅਤੇ ਚੱਲ ਰਿਹਾ ਪਾਈਪ ਲਾਈਨ ਦਾ ਕੰਮ ਪ੍ਰਸ਼ਾਸਨ ਦੇ ਵੱਲੋਂ ਰੋਕ ਦਿੱਤਾ ਗਿਆ ਤੇ ਬਿਨਾਂ ਸ਼ਰਤ ਜੇਲ੍ਹਾਂ ਵਿੱਚ ਬੰਦ ਕਿਸਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ।
ਬਿਨਾਂ ਸ਼ਰਤ ਕਿਸਾਨ ਰਿਹਾਅ : ਡੱਲੇਵਾਲ
ਕਰੀਬ 90 ਕਿਸਾਨਾਂ ਨੂੰ ਮੁਕਤਸਰ ਦੀ ਬੂੜਾ ਗੁੱਜਰ ਜੇਲ੍ਹ ਵਿੱਚੋਂ ਰਿਹਾ ਕਰ ਦਿੱਤਾ ਗਿਆ, ਜਿਨ੍ਹਾਂ ਵਿੱਚੋਂ ਕਈ ਕਿਸਾਨ ਮੁਕਤਸਰ ਦੇ ਸਨ ਅਤੇ ਕਈ ਬਠਿੰਡੇ ਜ਼ਿਲ੍ਹੇ ਦੇ ਰਹਿਣ ਵਾਲੇ ਸਨ। ਇਸ ਰਿਹਾਈ ਮੌਕੇ ਕਿਸਾਨ ਮੋਰਚੇ ਦੇ ਮੁੱਖ ਆਗੂ ਜਗਜੀਤ ਸਿੰਘ ਡੱਲੇਵਾਲ ਵੀ ਮੌਕੇ 'ਤੇ ਪਹੁੰਚੇ ਅਤੇ ਉਨ੍ਹਾਂ ਨੇ ਮੀਡੀਆ ਨਾਲ ਗੱਲ ਕਰਦਿਆਂ ਦੱਸਿਆ ਕਿ ਕਿਸਾਨ ਆਪਣੇ ਹੱਕ ਲਈ ਪਿੱਛੇ ਨਹੀਂ ਹਟੇ।
ਜੇਲ ਵਿੱਚੋਂ ਬਾਹਰ ਆਏ ਕਿਸਾਨਾਂ ਦਾ ਜਗਜੀਤ ਸਿੰਘ ਡੱਲੇਵਾਲ ਦੇ ਗਲਾਂ ਵਿੱਚ ਹਾਰ ਪਾ ਕੇ ਸਵਾਗਤ ਕੀਤਾ। ਕਿਸਾਨ ਆਗੂ ਨੇ ਇਸ ਮੌਕੇ ਕਿਹਾ ਕਿ ਕਿਸਾਨਾਂ ਨੇ ਲਗਾਤਾਰ ਸੰਘਰਸ਼ ਕੀਤਾ ਅਤੇ ਗ੍ਰਿਫਤਾਰੀਆਂ ਦੇਣ ਤੋਂ ਡਰੇ ਨਹੀਂ। ਕਿਸਾਨਾਂ ਅੱਗੇ ਪ੍ਰਸ਼ਾਸਨ ਝੁਕਿਆ ਅਤੇ ਬਿਨਾਂ ਸ਼ਰਤ ਕਿਸਾਨਾਂ ਨੂੰ ਰਿਹਾਅ ਕਰਨਾ ਪਿਆ।
- PTC NEWS