ਮਾਨ ਸਰਕਾਰ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਬਿਕਰਮ ਮਜੀਠੀਆ ਦੀ ਅਗਵਾਈ ਵਾਲੇ ਵਫਦ ਦੀ ਮੁਲਾਕਾਤ ਨਾ ਕਰਵਾਉਣ ਦੇ ਕਾਰਨਾਂ ਕਰ ਕੇ ਝੂਠ ਬੋਲਿਆ: ਅਕਾਲੀ ਦਲ

By  Amritpal Singh December 5th 2023 06:45 PM

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਾਲੇ ਅਕਾਲੀ ਦਲ ਦੇ ਵਫਦ ਦੀ ਪਟਿਆਲਾ ਕੇਂਦਰੀ ਜੇਲ੍ਹ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਨਾ ਕਰਵਾਉਣ ਦੇ ਕਾਰਨਾਂ ਬਾਰੇ ਝੂਠ ਬੋਲਿਆ ਹੈ ਤੇ ਪਾਰਟੀ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀਪੰਜਾਬੀਆਂ ਨੂੰ ਦੱਸੇ ਕਿ ਉਸਨੇ ਪੰਜਾਬ ਦੇ ਸਰਕਾਰੀ ਖ਼ਜ਼ਾਨੇ ਦੇ ਸੈਂਕੜੇ ਕਰੋੜ ਰੁਪਏ ਚੋਣਾਂ ਵਾਲੇ ਰਾਜਾਂ ਵਿਚ ਕਿਉਂ ਬਰਬਾਦ ਕੀਤੇ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਅਕਾਲੀ ਦਲ ਨੇ ਪਟਿਆਲਾ ਕੇਂਦਰੀ ਜੇਲ੍ਹ ਵਿਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਨਾਲ ਪਾਰਟੀ ਦੇ ਵਫਦ ਦੀ ਮੁਲਾਕਾਤ ਵਾਸਤੇ ਬਕਾਇਦਾ ਕਾਨੂੰਨੀ ਪ੍ਰਕਿਰਿਆ ਅਪਣਾਈ ਸੀ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਉਸੇ ਤਰੀਕੇ ਮੁਲਾਕਾਤ ਲਈ ਸਮਾਂ ਮਿਲਿਆ ਜਿਵੇਂ ਏ ਡੀ ਜੀ ਪੀ ਜੇਲ੍ਹਾਂ ਨੇ ਸ਼੍ਰੋਮਣੀ ਕਮੇਟੀ ਨੂੰ ਆਗਿਆ ਦਿੱਤੀ ਸੀ।

ਉਹਨਾਂ ਕਿਹਾ ਕਿ ਅਕਾਲੀ ਦਲ ਦੇ ਵਫਦ ਦਾ ਭਾਈ ਰਾਜੋਆਣਾ ਨਾਲ ਮੁਲਾਕਾਤ ਕਰਨ ਦਾ ਮਕਸਦ ਵੀ ਉਹੀ ਸੀ ਜੋ ਸ਼੍ਰੋਮਣੀ ਕਮੇਟੀ ਦਾ ਸੀ ਪਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਵਾਲੇ ਵਫਦ ਦੀ ਮੁਲਾਕਾਤ ਤੋਂ ਇਨਕਾਰ ਇਸ ਕਰ ਕੇ ਕਰ ਦਿੱਤਾ ਗਿਆ ਕਿਉਂਕਿ ਮਜੀਠੀਆ ਲਗਾਤਾਰ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੇ ਝੂਠ ਤੇ ਘੁਟਾਲੇ ਬੇਨਕਾਬ ਕਰ ਰਹੇ ਹਨ।

ਉਹਨਾਂ ਕਿਹਾ ਕਿ ਦੇਸ਼ ਵੇਖ ਰਿਹਾ ਹੈ ਕਿ ਕਿਵੇਂ ਪੰਜਾਬ ਤੇ ਦਿੱਲੀ ਵਿਚ ਆਪ ਸਰਕਾਰ ਦੇ ਰਾਜ ਤੇ ਕੇਂਦਰ ਵਿਚ ਐਨ ਡੀ ਏ ਸਰਕਾਰ ਦੇ ਰਾਜ ਵਿਚ ਸਿੱਖਾਂ ਨਾਲ ਭਾਰੀ ਵਿਤਕਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਰਾਜੀਵ ਗਾਂਧੀ ਦੇ ਹੱਤਿਆਰੇ ਰਿਹਾਅ ਕਰ ਦਿੱਤੇ ਗਏ ਹਨ ਤੇ ਬਿਲਕਿਸ ਬਾਨੋ ਨਾਲ ਜਬਰ ਜਨਾਹ ਕਰਨ ਵਾਲੇ ਵੀ ਰਿਹਾਅ ਕਰ ਦਿੱਤੇ ਗਏ ਹਨ ਪਰ ਭਾਈ ਰਾਜੋਆਣਾ ਤੇ ਹੋਰ ਬੰਦੀ ਸਿੰਘਾਂ ਨੂੰ ਕੋਈ ਰਾਹਤ ਨਹੀਂ ਦਿੱਤੀ ਗਈ ਹਾਲਾਂਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ’ਤੇ ਉਹਨਾਂ ਦੀ ਰਿਹਾਈ ਦੇ ਹੁਕਮ ਦਿੱਤੇ ਗਏ ਸਨ।

ਉਹਨਾਂ ਕਿਹਾ ਕਿ ਪੰਜਾਬ ਵਿਚ ਆਪ ਸਰਕਾਰ ਦੇ ਦੋ ਸਾਲ ਦੇ ਰਾਜ ਵਿਚ ਅਪਰਾਧ ਬਹੁਤ ਜ਼ਿਆਦਾ ਵੱਧ ਗਿਆ ਹੈ ਖਾਸ ਤੌਰ ’ਤੇ ਜਬਰ ਜਨਾਹ ਦੇ ਕੇਸ ਵੱਧ ਗਏ ਹਨ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹਰ ਰੋਜ਼ ਝੂਠੇ ਤੇ ਬੋਗਸ ਦਾਅਵਿਆਂ ਦੇ ਆਧਾਰ ’ਤੇ ਵਿਰੋਧੀਆਂ ਖਿਲਾਫ ਨਵੀਂ ਕਹਾਣੀ ਪੇਸ਼ ਕਰਦੀ ਹੈ।

ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੋ ਆਈ ਏ ਐਸ ਅਫਸਰਾਂ ਖਿਲਾਫ ਸੀ ਬੀ ਆਈ ਜਾਂਚ ਤੋਂ ਭੱਜ ਰਹੀ ਹੈ ਕਿਉਂਕਿ ਇਸ ਨੂੰ ਖਦਸ਼ਾ ਹੈ ਕਿ ਉਹ ਸੀ ਬੀ ਆਈ ਨੂੰ ਦੱਸ ਦੇਣਗੇ ਕਿ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਨੇ ਆਬਕਾਰੀ ਘੁਟਾਲੇ ਦੇ ਨਾਲ-ਨਾਲ ਗੈਰ ਕਾਨੂੰਨੀ ਮਾਇਨਿੰਗ ਤੇ ਹੋਰ ਘੁਟਾਲਿਆਂ ਵਿਚ ਕਿਵੇਂ ਪੈਸਾ ਬਣਾਇਆ।

ਅਕਾਲੀ ਦਲ ਦੇ ਬੁਲਾਰੇ ਨੇ ਭਗਵੰਤ ਮਾਨ ਸਰਕਾਰ ਨੂੰ ਚੁਣੌਤੀ ਦਿੱਤੀ ਕਿ ਉਹ ਪੰਜ ਸਵਾਲਾਂ ਦੇ ਜਵਾਬ ਵਿਚ ਪੰਜਾਬੀਆਂ ਨੂੰ ਦੇਣ ਜਿਹਨਾਂ ਵਿਚ ਮੁੱਖ ਮੰਤਰੀ ਵੱਲੋਂ ਅਮਰੀਕਾ ਵਿਚ ਗੈਂਗਸਟਰ ਗੋਲਡੀ ਬਰਾੜ ਦੀ ਗ੍ਰਿਫਤਾਰੀ, ਬੀ ਐਮ ਡਬਲਿਵੂ ਵੱਲੋਂ ਪੰਜਾਬ ਵਿਚ ਪਲਾਂਟ ਲਗਾਉਣ ਦਾ ਦਾਅਵਾ, ਮੁੱਖ ਮੰਤਰੀ ਵੱਲੋਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਭਰਤੀ ਘੁਟਾਲੇ ਵਿਚ 2 ਕਰੋੜ ਰੁਪਏ ਰਿਸ਼ਵਤ ਮੰਗਣ, ਗੈਂਗਸਟਰ ਅਨਸਾਰੀ ਨੂੰ ਪੰਜਾਬ ਦੀਆਂ ਜੇਲ੍ਹਾਂ ਵਿਚ ਰੱਖਣ ਦੇ ਪੈਸੇ ਤਤਕਾਲੀ ਜੇਲ੍ਹ ਮੰਤਰੀ ਤੋਂ ਵਸੂਲਣ ਅਤੇ ਅਪਰੇਸ਼ਨ ਲੋਟਸ ਬਾਰੇ ਆਪ ਦੇ ਦਾਅਵੇ ਬਾਰੇ ਪੰਜਾਬੀਆਂ ਨੂੰ ਜਵਾਬ ਦੇਣ।

ਉਹਨਾਂ ਕਿਹਾ ਕਿ ਪੰਜਾਬੀ ਮੁੱਖ ਮੰਤਰੀ ਵੱਲੋਂ ਬੋਲੇ ਝੂਠਾਂ ਦਾ ਜਵਾਬ ਚਾਹੁੰਦੇ ਹਨ ਤੇ ਜੇਕਰ ਉਹਨਾਂ ਨੇ ਜਵਾਬ ਨਾ ਦਿੱਤੇ ਤਾਂ ਉਹ ਪਾਰਲੀਮਾਨੀ ਚੋਣਾਂ ਵਿਚ ਆਪ ਨੂੰ ਉਸੇ ਤਰੀਕੇ ਸਬਕ ਸਿਖਾਉਣਗੇ ਜਿਵੇਂ ਪੰਜ ਰਾਜਾਂ ਦੇ ਲੋਕਾਂ ਨੇ ਪਾਰਟੀ ਨੂੰ ਸਿਖਾਇਆ ਹੈ।

Related Post