ਮਾਨ ਸਰਕਾਰ ਨੇ ਨਵੇਂ ਸਿਰ੍ਹੇ ਤੋਂ ਲਾਇਆ ਅੰਮ੍ਰਿਤਪਾਲ ਸਿੰਘ ਤੇ ਸਾਥੀਆਂ ਖਿਲਾਫ਼ NSA, HC 'ਚ ਸਰਕਾਰ ਨੇ ਦਿੱਤੀ ਜਾਣਕਾਰੀ

By  KRISHAN KUMAR SHARMA March 19th 2024 04:12 PM -- Updated: March 19th 2024 04:24 PM

NSA on Amritpal Singh: ਮੁੱਖ ਮੰਤਰੀ ਭਗਵੰਤ ਮਾਨ (cm-mann) ਦੀ ਅਗਵਾਈ ਹੇਠਲੀ ਪੰਜਾਬ ਸਰਕਾਰ (Punjab Government) ਨੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ 10 ਸਾਥੀਆਂ 'ਤੇ ਨਵੇਂ ਸਿਰ੍ਹੇ ਤੋਂ ਨੈਸ਼ਨਲ ਸਿਕਿਓਰਟੀ ਐਕਟ (NSA) ਲਾ ਦਿੱਤਾ ਹੈ। ਪੰਜਾਬ-ਹਰਿਆਣਾ ਹਾਈਕੋਰਟ ਨੂੰ ਇਹ ਜਾਣਕਾਰੀ ਮੰਗਲਵਾਰ ਮਾਮਲੇ ਦੀ ਸੁਣਵਾਈ ਦੌਰਾਨ ਖੁਦ ਸਰਕਾਰ ਨੇ ਦਿੱਤੀ ਹੈ।

ਦੱਸ ਦਈਏ ਕਿ ਵਾਰਿਸ ਪੰਜਾਬ ਦੇ (Warris Punjab de) ਮੁਖੀ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ 'ਚ ਬੰਦ ਹਨ ਅਤੇ ਕੁੱਝ ਸਮੇਂ ਤੋਂ ਭੁੱਖ ਹੜਤਾਲ 'ਤੇ ਚੱਲ ਰਹੇ ਹਨ। ਪਿਛਲੇ ਦਿਨੀ ਅੰਮ੍ਰਿਤਪਾਲ ਸਿੰਘ ਬਾਰੇ ਉਸ ਦੀ ਮਾਤਾ ਨੇ ਵੀ ਕਿਹਾ ਸੀ ਕਿ ਉਸ ਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਜੇਲ੍ਹ 'ਚ ਖੂਨ ਦੀ ਉਲਟੀ ਵੀ ਆਈ ਹੈ।

ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ’ਤੇ ਮੁੜ ਲੱਗਿਆ NSA !

????ਅੰਮ੍ਰਿਤਪਾਲ ਤੇ ਉਸਦੇ ਸਾਥੀਆਂ ’ਤੇ ਮੁੜ ਲੱਗਿਆ NSA! ????‘ਪੰਜਾਬ ਸਰਕਾਰ ਨੇ ਮੁੜ ਲਗਾਇਆ NSA’ ????'ਹਾਲੇ ਪੰਜਾਬ ਨਹੀਂ ਆਵੇਗਾ ਅੰਮ੍ਰਿਤਪਾਲ', ਅੰਮ੍ਰਿਤਪਾਲ ਸਿੰਘ ਦੇ ਵਕੀਲ ਦਾ ਦਾਅਵਾ #warispunjabde #AmritpalSingh #NSA #NationalSecurityAct #PunjabGovt #CentralGovt #assam #DibrugarhJail #PunjabNews #PTCNews #LatestNews #BreakingNews

Posted by PTC News on Tuesday, March 19, 2024

ਇਸਤੋਂ ਪਹਿਲਾਂ ਅੱਜ ਪਟੀਸ਼ਨਕਰਤਾਵਾਂ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਕਿ ਪਿਛਲੇ ਸਾਲ 18 ਮਾਰਚ ਨੂੰ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਰੇ 10 ਸਾਥੀਆਂ ਵਿਰੁੱਧ ਐਨਐਸਏ ਲਗਾਇਆ ਗਿਆ ਸੀ ਅਤੇ ਉਨ੍ਹਾਂ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ। ਐਨਐਸਏ ਦੇ ਹੁਕਮਾਂ ਨੂੰ ਇੱਕ ਸਾਲ ਲਈ ਹੀ ਲਾਗੂ ਕੀਤਾ ਜਾ ਸਕਦਾ ਹੈ। ਹੁਣ ਇਨ੍ਹਾਂ ਹੁਕਮਾਂ ਦੀ ਮਿਆਦ ਖਤਮ ਹੋ ਚੁੱਕੀ ਹੈ। ਇਸਦੇ ਜਵਾਬ ਵਿੱਚ ਪੰਜਾਬ ਸਰਕਾਰ ਦੀ ਤਰਫੋਂ ਪੇਸ਼ ਹੋਏ ਵਧੀਕ ਐਡਵੋਕੇਟ ਜਨਰਲ ਨੇ ਹਾਈਕੋਰਟ ਨੂੰ ਦੱਸਿਆ ਕਿ ਇਨ੍ਹਾਂ ਸਾਰਿਆਂ ਖਿਲਾਫ ਨਵਾਂ ਐਨਐਸਏ ਲਾਇਆ ਗਿਆ ਹੈ। ਹਾਈ ਕੋਰਟ ਨੇ ਜਦੋਂ ਇਸ ਸਬੰਧੀ ਜਾਣਕਾਰੀ ਮੰਗੀ ਤਾਂ ਸਰਕਾਰ ਨੇ ਅਗਲੀ ਸੁਣਵਾਈ ਦੌਰਾਨ ਇਨ੍ਹਾਂ ਹੁਕਮਾਂ ਬਾਰੇ ਪੂਰੀ ਜਾਣਕਾਰੀ ਦੇਣ ਲਈ ਸਮਾਂ ਮੰਗਿਆ।

ਅੰਮ੍ਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਨੇ ਇਸ ਸਬੰਧੀ ਵਿਸਥਾਰਤ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਐਨਐਸਏ ਬਾਰੇ ਦਿੱਤੀ ਹੈ ਅਤੇ ਹੁਣ ਪੰਜਾਬ ਸਰਕਾਰ ਨੇ ਨਵੇਂ ਸਿਰ੍ਹੇ ਤੋਂ ਲਾਏ ਨੈਸ਼ਨਲ ਸਿਕਿਓਰਿਟੀ ਐਕਟ ਦੇ ਆਦੇਸ਼ਾਂ ਨੂੰ ਪੇਸ਼ ਕਰਨ ਲਈ ਹਾਈਕੋਰਟ ਤੋਂ ਸਮਾਂ ਮੰਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਅਪ੍ਰੈਲ ਦੇ ਪਹਿਲੇ ਹਫ਼ਤੇ ਇਨ੍ਹਾਂ ਸਾਰੀਆਂ ਪਟੀਸ਼ਨਾਂ 'ਤੇ ਸੁਣਵਾਈ ਹੋਵੇਗੀ।

ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਸਮੇਤ ਸਾਥੀਆਂ ਪੱਪਲਪ੍ਰੀਤ ਸਿੰਘ, ਭਗਵੰਤ ਸਿੰਘ ਉਰਫ ਪ੍ਰਧਾਨ ਬਾਜੇਕੇ, ਗੁਰਮੀਤ ਸਿੰਘ ਬੁੱਕਣਵਾਲਾ, ਕੁਲਵੰਤ ਸਿੰਘ ਰਾਏਕੇ, ਸਰਬਜੀਤ ਕਲਸੀ, ਗੁਰਿੰਦਰ ਔਜਲਾ ਅਤੇ ਬਸੰਤ ਸਿੰਘ ਨੇ ਆਪਣੇ ਖਿਲਾਫ ਲਗਾਏ ਗਏ ਐਨਐਸਏ ਨੂੰ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਹੈ।

Related Post