AAP ਤੋਂ BJP ਚ ਸ਼ਮੂਲੀਅਤ ਪਿੱਛੋਂ ਪਹਿਲੀ ਵਾਰ ਸਾਹਮਣੇ ਆਏ ਸੰਦੀਪ ਪਾਠਕ, ਪੰਜਾਬ ਚ ਆਪਣੇ ਖਿਲਾਫ਼ FIRs ਤੇ ਖੁੱਲ੍ਹ ਕੇ ਦਿੱਤਾ ਜਵਾਬ

MP Sandeep Pathak : ਸਾਂਸਦ ਸੰਦੀਪ ਪਾਠਕ ਖੁੱਲ੍ਹ ਨੇ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੈਨੂੰ ਇਸਦੀ ਕੋਈ ਜਾਣਕਾਰੀ ਨਹੀਂ ਕਿ ਮੇਰੇ ਖਿਲਾਫ਼ ਐਫਆਈਆਰ ਦਰਜ ਹਨ, ਅਜਿਹੀਆਂ ਖ਼ਬਰਾਂ ਹਨ ਅਤੇ ਜਦੋਂ ਮੈਨੂੰ ਜਾਣਕਾਰੀ ਮਿਲੇਗੀ ਤਾਂ ਹੀ ਮੈਂ ਕੋਈ ਜਵਾਬ ਦੇ ਸਕਦਾ ਹਾਂ।

By  KRISHAN KUMAR SHARMA May 3rd 2026 05:38 PM -- Updated: May 3rd 2026 05:55 PM

MP Sandeep Pathak : ਆਮ ਆਦਮੀ ਪਾਰਟੀ (AAP) ਦੇ 7 ਸਾਂਸਦ ਮੈਂਬਰਾਂ ਵੱਲੋਂ ਪਿਛਲੇ ਦਿਨਾਂ ਦੌਰਾਨ ਭਾਜਪਾ (BJP) 'ਚ ਸ਼ਾਮਲ ਹੋਣ ਤੋਂ ਬਾਅਦ ਸਿਆਸੀ ਪਾਰਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਜਿਥੇ ਦੋਵਾਂ ਪਾਰਟੀਆਂ ਦੇ ਆਗੂਆਂ ਵੱਲੋਂ ਇੱਕ-ਦੂਜੇ 'ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ, ਜਿਸ ਤਹਿਤ ਰਾਜ ਸਭਾ ਮੈਂਬਰ ਸੰਦੀਪ ਪਾਠਕ ਵਿਰੁੱਧ ਵੀ ਪੰਜਾਬ 'ਚ ਦੋ ਐਫਆਈਆਰ ਦਰਜ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਹ ਮਾਮਲੇ ਭ੍ਰਿਸ਼ਟਾਚਾਰ ਅਤੇ ਔਰਤਾਂ ਦੇ ਸ਼ੋਸ਼ਣ ਨਾਲ ਸਬੰਧਤ ਹਨ ਅਤੇ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਦੋਸ਼ ਲਗਾਏ ਜਾਣ ਦੀ ਗੱਲ ਕਹੀ ਗਈ ਹੈ।

ਐਫਆਈਆਰ ਬਾਰੇ ਮੈਨੂੰ ਕੋਈ ਜਾਣਕਾਰੀ ਨਹੀਂ : ਸੰਦੀਪ ਪਾਠਕ

ਇਸ ਸਾਰੇ ਮਾਮਲੇ 'ਤੇ ਐਤਵਾਰ ਨੂੰ ਭਾਜਪਾ 'ਚ ਸ਼ਾਮਲ ਹੋਣ ਬਾਅਦ ਪਹਿਲੀ ਵਾਰ ਸਾਂਸਦ ਸੰਦੀਪ ਪਾਠਕ ਖੁੱਲ੍ਹ ਕੇ ਸਾਹਮਣੇ ਆਏ ਹਨ। ਉਨ੍ਹਾਂ ਨੇ ਮਾਮਲੇ 'ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਮੈਨੂੰ ਇਸਦੀ ਕੋਈ ਜਾਣਕਾਰੀ ਨਹੀਂ ਕਿ ਮੇਰੇ ਖਿਲਾਫ਼ ਐਫਆਈਆਰ ਦਰਜ ਹਨ, ਅਜਿਹੀਆਂ ਖ਼ਬਰਾਂ ਹਨ ਅਤੇ ਜਦੋਂ ਮੈਨੂੰ ਜਾਣਕਾਰੀ ਮਿਲੇਗੀ ਤਾਂ ਹੀ ਮੈਂ ਕੋਈ ਜਵਾਬ ਦੇ ਸਕਦਾ ਹਾਂ।

'ਮੈਂ ਬੀਤੇ ਕੱਲ੍ਹ ਦਾ ਐਫਆਈਆਰ ਦੀਆਂ ਕਾਪੀਆਂ ਉਡੀਕ ਰਿਹਾ ਹਾਂ'

ਰਾਜ ਸਭਾ ਮੈਂਬਰ ਸੰਦੀਪ ਪਾਠਕ ਨੇ ਕਿਹਾ, "ਕੱਲ੍ਹ ਤੋਂ, ਟੀਵੀ ਚੈਨਲ ਰਿਪੋਰਟ ਕਰ ਰਹੇ ਹਨ ਕਿ ਪੰਜਾਬ ਵਿੱਚ ਮੇਰੇ ਵਿਰੁੱਧ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਮੈਨੂੰ ਅਜੇ ਤੱਕ ਇਨ੍ਹਾਂ ਐਫਆਈਆਰਜ਼ ਬਾਰੇ ਕੋਈ ਰਸਮੀ ਜਾਂ ਗੈਰ-ਰਸਮੀ ਜਾਣਕਾਰੀ ਨਹੀਂ ਮਿਲੀ ਹੈ। ਮੈਂ ਕੱਲ੍ਹ ਤੋਂ ਐਫਆਈਆਰ ਦੀ ਕਾਪੀ ਪ੍ਰਾਪਤ ਕਰਨ ਦੀ ਉਡੀਕ ਕਰ ਰਿਹਾ ਹਾਂ ਤਾਂ ਜੋ ਮੈਂ ਜਵਾਬ ਦੇ ਸਕਾਂ। ਹੁਣ ਤੱਕ, ਮੈਨੂੰ ਐਫਆਈਆਰਜ਼ ਬਾਰੇ ਕੋਈ ਜਾਣਕਾਰੀ ਨਹੀਂ ਹੈ।"

'ਪਹਿਲਾਂ 'ਆਪ' ਲਈ ਸਿਧਾਂਤਾਂ ਨਾਲ ਕੰਮ ਕੀਤਾ, ਹੁਣ ਉਸੇ ਤਰ੍ਹਾਂ ਭਾਜਪਾ ਲਈ...'

ਉਨ੍ਹਾਂ ਕਿਹਾ, "ਜੇਕਰ ਐਫਆਈਆਰ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਦਰਜ ਕੀਤੀ ਗਈ ਹੈ, ਤਾਂ ਮੈਂ ਪੂਰੀ ਜਾਣਕਾਰੀ ਸਾਹਮਣੇ ਆਉਣ ਤੋਂ ਬਾਅਦ ਹੀ ਜਵਾਬ ਦੇ ਸਕਾਂਗਾ। ਜੋ ਲੋਕ ਮੈਨੂੰ ਜਾਣਦੇ ਹਨ, ਜਿਨ੍ਹਾਂ ਨੇ ਮੇਰੇ ਨਾਲ ਕੰਮ ਕੀਤਾ ਹੈ, ਭਾਵੇਂ ਉਹ ਵਲੰਟੀਅਰ ਹਨ ਜਾਂ ਨੇਤਾ, ਉਹ ਜਾਣਦੇ ਹਨ ਕਿ ਮੈਂ ਸਿਧਾਂਤਾਂ ਅਤੇ ਨੈਤਿਕਤਾ ਦੇ ਆਧਾਰ 'ਤੇ ਰਾਜਨੀਤੀ ਕਰਦਾ ਹਾਂ। ਜਦੋਂ ਮੈਂ 'ਆਪ' ਵਿੱਚ ਸੀ, ਮੈਂ ਸਿਧਾਂਤਾਂ ਨਾਲ ਕੰਮ ਕੀਤਾ। ਅੱਜ, ਮੈਂ ਭਾਜਪਾ ਵਿੱਚ ਹਾਂ ਅਤੇ ਇਸੇ ਤਰ੍ਹਾਂ ਕੰਮ ਕਰਦਾ ਰਹਾਂਗਾ।"

ਸੰਸਦ ਮੈਂਬਰ ਨੇ ਕਿਹਾ, "ਰਾਜਨੀਤੀ ਵਿੱਚ ਸਫਲਤਾ ਜਾਂ ਅਸਫਲਤਾ ਮੇਰੇ ਲਈ ਕੋਈ ਮਾਇਨੇ ਨਹੀਂ ਰੱਖਦੀ। ਮੇਰੇ ਲਈ ਮਹੱਤਵਪੂਰਨ ਗੱਲ ਇਹ ਹੈ ਕਿ ਮੈਂ ਆਪਣਾ ਰਾਜਨੀਤਿਕ ਧਰਮ ਨਹੀਂ ਤੋੜਦਾ। ਮੈਂ 'ਆਪ' ਨੂੰ ਕਿਸੇ ਨਿੱਜੀ ਕਾਰਨਾਂ ਕਰਕੇ ਨਹੀਂ ਛੱਡਿਆ, ਸਗੋਂ ਵਿਚਾਰਧਾਰਾ ਅਤੇ ਕਾਰਜਸ਼ੈਲੀ ਵਿੱਚ ਲੰਬੇ ਸਮੇਂ ਤੋਂ ਚੱਲ ਰਹੇ ਮਤਭੇਦਾਂ ਕਾਰਨ ਛੱਡਿਆ ਹੈ।"

ਮੁੱਖ ਮੰਤਰੀ ਤੋਂ ਪਹਿਲਾਂ ਰਾਸ਼ਟਰਪਤੀ ਨਾਲ ਮੁਲਾਕਾਤ ਕਰਨਗੇ ਰਾਘਵ ਚੱਢਾ

ਉਧਰ, ਇਸ ਮਾਮਲੇ 'ਤੇ ਸਿਆਸੀ ਖਿੱਚੋਤਾਣ ਵਿਚਾਲੇ ਸਾਂਸਦ ਰਾਘਵ ਚੱਢਾ (Raghav Chadha) ਨੂੰ ਵੀ ਰਾਸ਼ਟਰਪਤੀ ਕੋਲੋਂ ਮੁਲਾਕਾਤ ਲਈ ਸਮਾਂ ਮਿਲ ਗਿਆ ਹੈ। ਰਾਸ਼ਟਰਪਤੀ ਵੱਲੋਂ ਸਾਂਸਦ ਨੂੰ 5 ਮਈ ਨੂੰ ਸਵੇਰੇ 10:40 ਵਜੇ ਦਾ ਸਮਾਂ ਦਿੱਤਾ ਗਿਆ ਹੈ। ਦੱਸਿਆ ਗਿਆ ਹੈ ਕਿ ਰਾਘਵ ਚੱਢਾ ਨਾਲ ਇਸ ਮੌਕੇ ਭਾਜਪਾ 'ਚ ਗਏ 3 ਹੋਰ ਸਾਂਸਦ ਵੀ ਮੌਜੂਦ ਰਹਿਣਗੇ। ਇਸ ਦੌਰਾਨ ਆਗੂਆਂ ਵੱਲੋਂ ਪੰਜਾਬ ਸਰਕਾਰ ਦੀ ਸ਼ਿਕਾਇਤ ਕੀਤੇ ਜਾਣ ਦੀਆਂ ਜਿਥੇ ਚਰਚਾਵਾਂ ਹਨ, ਉਥੇ ਹੀ ਸਰਕਾਰ ਵੱਲੋਂ ਭਾਜਪਾ 'ਚ ਸ਼ਾਮਲ ਹੋਏ ਸਾਂਸਦਾਂ ਖਿਲਾਫ਼ ਬਦਲੇ ਦੀ ਕਾਰਵਾਈ ਕੀਤੇ ਜਾਣ ਦਾ ਮੁੱਦਾ ਵੀ ਚੁੱਕਿਆ ਜਾ ਸਕਦਾ ਹੈ।

ਦਿਲਚਸਪ ਗੱਲ ਇਹ ਹੈ ਕਿ ਇਸ ਦਿਨ ਹੀ ਮੁੱਖ ਮੰਤਰੀ ਭਗਵੰਤ ਮਾਨ (CM Mann) ਦੀ ਵੀ ਰਾਸ਼ਟਰਪਤੀ ਨਾਲ ਸ਼ਾਮ ਨੂੰ ਮੁਲਾਕਾਤ ਹੈ।

Related Post