BJP ਪ੍ਰਧਾਨ ਸੁਨੀਲ ਜਾਖੜ ਵੱਲੋਂ DGP ਨੂੰ ਚਿੱਠੀ, ਧਾਰਮਿਕ ਬੇਅਦਬੀ ਨਾਲ ਜੁੜੀ ਵੀਡੀਓ ਦੀ ਫੋਰੈਂਸਿਕ ਜਾਂਚ ਦੀ ਮੰਗ

Sunil jakhar Punjab : ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਸਬੰਧਤ ਵੀਡੀਓ ਦੀ ਜਾਂਚ ਪੰਜਾਬ ਪੁਲਿਸ ਇੱਕ ਦਿਨ ਵਿੱਚ ਕਰ ਸਕਦੀ ਹੈ, ਤਾਂ ਧਾਰਮਿਕ ਬੇਅਦਬੀ ਨਾਲ ਜੁੜੀ ਇਸ ਵੀਡੀਓ ਦੀ ਸੱਚਾਈ ਜਾਂ ਝੂਠ ਦੀ ਜਾਂਚ ਵੀ ਇੱਕ ਦਿਨ ਵਿੱਚ ਕੀਤੀ ਜਾ ਸਕਦੀ ਹੈ।

By  KRISHAN KUMAR SHARMA January 11th 2026 03:50 PM -- Updated: January 11th 2026 03:53 PM

Sunil jakhar Punjab : ਭਾਰਤੀ ਜਨਤਾ ਪਾਰਟੀ ਦੇ ਪੰਜਾਬ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਡੀਜੀਪੀ ਪੰਜਾਬ ਨੂੰ ਚਿੱਠੀ ਲਿਖ ਕੇ ਇੱਕ ਘੁੰਮ ਰਹੀ ਵੀਡੀਓ, ਜਿਸ ਵਿੱਚ ਮੁੱਖ ਮੰਤਰੀ ਨਾਲ ਮਿਲਦਾ–ਜੁਲਦਾ ਵਿਅਕਤੀ ਦਿਖਾਇਆ ਜਾ ਰਿਹਾ ਹੈ, ਦੀ ਫੋਰੈਂਸਿਕ ਜਾਂਚ ਦੀ ਮੰਗ ਕੀਤੀ ਹੈ।

ਅੱਜ ਸਮਰਾਲਾ ਵਿੱਚ ਵਿਕਸਤ ਭਾਰਤ ਜੀ ਰਾਮ ਜੀ ਯੋਜਨਾ ਸਬੰਧੀ ਜਨ-ਜਾਗਰੂਕਤਾ ਅਭਿਆਨ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨਾਲ ਹੋਈ ਭਰਵੀਂ ਰੈਲੀ ਤੋਂ ਬਾਅਦ ਇੱਥੇ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਜੇਕਰ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਆਤਿਸ਼ੀ ਨਾਲ ਸਬੰਧਤ ਵੀਡੀਓ ਦੀ ਜਾਂਚ ਪੰਜਾਬ ਪੁਲਿਸ ਇੱਕ ਦਿਨ ਵਿੱਚ ਕਰ ਸਕਦੀ ਹੈ, ਤਾਂ ਧਾਰਮਿਕ ਬੇਅਦਬੀ ਨਾਲ ਜੁੜੀ ਇਸ ਵੀਡੀਓ ਦੀ ਸੱਚਾਈ ਜਾਂ ਝੂਠ ਦੀ ਜਾਂਚ ਵੀ ਇੱਕ ਦਿਨ ਵਿੱਚ ਕੀਤੀ ਜਾ ਸਕਦੀ ਹੈ।

ਉਨ੍ਹਾਂ ਕਿਹਾ ਕਿ ਪੰਜਾਬ ਇੱਕ ਸੰਵੇਦਨਸ਼ੀਲ ਸੂਬਾ ਹੈ ਅਤੇ ਇਸ ਤਰ੍ਹਾਂ ਦੀ ਵੀਡੀਓ ਰਾਜ ਵਿੱਚ ਵੱਡੀ ਅਸ਼ਾਂਤੀ ਪੈਦਾ ਕਰ ਸਕਦੀ ਹੈ। ਇਸ ਲਈ ਇਸ ਦੀ ਪ੍ਰਮਾਣਿਕਤਾ ਦੀ ਜਾਂਚ ਕਰਕੇ ਸੱਚਾਈ ਸਾਹਮਣੇ ਲਿਆਉਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਸੇ ਕਾਰਨ ਉਨ੍ਹਾਂ ਨੇ ਡੀਜੀਪੀ ਨੂੰ ਚਿੱਠੀ ਲਿਖ ਕੇ ਤੁਰੰਤ ਫੋਰੈਂਸਿਕ ਜਾਂਚ ਦੀ ਮੰਗ ਕੀਤੀ ਹੈ, ਤਾਂ ਜੋ ਇਹ ਸਪੱਸ਼ਟ ਕੀਤਾ ਜਾ ਸਕੇ ਕਿ ਵੀਡੀਓ ਵਿੱਚ ਦਿਖਾਇਆ ਗਿਆ ਵਿਅਕਤੀ ਪੰਜਾਬ ਦਾ ਮੁੱਖ ਮੰਤਰੀ ਹੈ ਜਾਂ ਇਹ ਫਰਜ਼ੀ ਵੀਡੀਓ ਹੈ।

ਇਸ ਦੌਰਾਨ ਉਨ੍ਹਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਅਪੀਲ ਕੀਤੀ ਕਿ ਉਹ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਤੋਂ ਪਹਿਲਾਂ ਇਸ ਵੀਡੀਓ ਦੀ ਨਿਰਪੱਖ ਫੋਰੈਂਸਿਕ ਜਾਂਚ ਰਿਪੋਰਟ ਹਾਸਲ ਕਰਨ, ਤਾਂ ਜੋ ਇਸ ਮਾਮਲੇ ਸਬੰਧੀ ਸਥਿਤੀ ਸਪੱਸ਼ਟ ਹੋ ਸਕੇ।

ਸੂਬਾ ਭਾਜਪਾ ਪ੍ਰਧਾਨ ਨੇ ਅੱਗੇ ਕਿਹਾ ਕਿ 16 ਜਨਵਰੀ ਨੂੰ ਭਾਜਪਾ ਦੀ ਸਟੇਟ ਕੋਰ ਕਮੇਟੀ ਵੱਲੋਂ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦੇ ਨਿਵਾਸ ਦਾ ਘਿਰਾਓ ਕੀਤਾ ਜਾਵੇਗਾ। ਇਸ ਮੌਕੇ ਰਾਜ ਵਿੱਚ ਖਰਾਬ ਹੋ ਰਹੀ ਕਾਨੂੰਨ ਵਿਵਸਥਾ ਅਤੇ ਵਧ ਰਹੇ ਗੈਂਗਸਟਰਵਾਦ ਬਾਰੇ ਮੁੱਖ ਮੰਤਰੀ ਤੋਂ ਸਵਾਲ ਪੁੱਛੇ ਜਾਣਗੇ, ਨਾਲ ਹੀ ਇਸ ਵੀਡੀਓ ਸਬੰਧੀ ਵੀ ਉਨ੍ਹਾਂ ਤੋਂ ਜਵਾਬ ਮੰਗਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਜੇਕਰ ਇਹ ਵੀਡੀਓ ਝੂਠੀ ਸਾਬਤ ਹੁੰਦੀ ਹੈ, ਤਾਂ ਸਰਕਾਰ ਨੂੰ ਤੱਥਾਂ ਦੇ ਆਧਾਰ ’ਤੇ ਆਪਣਾ ਸਪੱਸ਼ਟੀਕਰਨ ਜਾਰੀ ਕਰਨਾ ਚਾਹੀਦਾ ਹੈ ਅਤੇ ਜੇਕਰ ਵੀਡੀਓ ਸੱਚੀ ਪਾਈ ਜਾਂਦੀ ਹੈ, ਤਾਂ ਭਗਵੰਤ ਮਾਨ ਕੋਲ ਮੁੱਖ ਮੰਤਰੀ ਦੇ ਅਹੁਦੇ ’ਤੇ ਬਣੇ ਰਹਿਣ ਦਾ ਕੋਈ ਨੈਤਿਕ ਆਧਾਰ ਨਹੀਂ ਰਹਿੰਦਾ।

Related Post