ਨੌਕਰੀ ਦਾ ਝਾਂਸਾ ਦੇ ਕੇ ਭਾਰਤੀਆਂ ਨੂੰ ਰੂਸ-ਯੂਕਰੇਨ ਭੇਜ ਰਹੇ ਸਨ ਤਸਕਰ, CBI ਨੇ ਗਿਰੋਹ ਦੇ 4 ਮੈਂਬਰ ਫੜੇ

Human trafficking: ਇਹ ਤਸਕਰੀ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਯੂ-ਟਿਊਬ ਵਰਗੇ ਸੋਸ਼ਲ ਮੀਡੀਆ ਰਾਹੀਂ ਅਤੇ ਕਈ ਵਾਰ ਸਥਾਨਕ ਸੰਪਰਕਾਂ ਜਾਂ ਏਜੰਟਾਂ ਰਾਹੀਂ ਰੂਸ ਵਿੱਚ ਉੱਚ ਤਨਖਾਹ ਵਾਲੀਆਂ ਨੌਕਰੀਆਂ ਲਈ ਲੁਭਾਉਂਦੇ ਸਨ।

By  KRISHAN KUMAR SHARMA May 8th 2024 09:30 AM -- Updated: May 8th 2024 09:34 AM

Ukrain-Russian War: ਕੇਂਦਰੀ ਜਾਂਚ ਏਜੰਸੀ (CBI) ਨੇ ਭਾਰਤੀ ਨਾਗਰਿਕਾਂ (Indians) ਨੂੰ ਮਨੁੱਖੀ ਤਸਕਰੀ (Human trafficking) ਤਹਿਤ ਰੂਸੀ ਫੌਜ (Russian army) ਵਿੱਚ ਭਰਤੀ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਸੀਬੀਆਈ ਨੇ ਮਨੁੱਖੀ ਤਸਕਰੀ ਦੇ ਇਸ ਮਾਮਲੇ ਵਿੱਚ ਗਿਰੋਹ ਦੇ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀਆਂ ਨੇ ਕਿਹਾ ਕਿ ਅਰੁਣ ਅਤੇ ਯੇਸੁਦਾਸ ਜੂਨੀਅਰ ਨਾਮ ਦੇ ਦੋ ਦੋਸ਼ੀਆਂ ਨੂੰ ਇਸ ਸਾਲ 6 ਮਾਰਚ ਨੂੰ ਕੇਰਲ ਤੋਂ ਗ੍ਰਿਫਤਾਰ ਕੀਤਾ ਗਿਆ, ਜਦੋਂਕਿ ਬਾਕੀ ਦੇ ਦੋ, ਨਿਜਿਲ ਜੋਬੀ ਬੇਨਸਮ ਅਤੇ ਐਂਥਨੀ ਮਾਈਕਲ ਏਲੈਂਗੋਵਨ ਨੂੰ ਮੁੰਬਈ ਤੋਂ ਗ੍ਰਿਫਤਾਰ ਕੀਤਾ ਗਿਆ। ਜਾਂਚ ਏਜੰਸੀ ਨੇ ਕਿਹਾ ਕਿ ਹੋਰ ਦੋਸ਼ੀਆਂ ਦੇ ਖਿਲਾਫ ਵੀ ਜਾਂਚ ਚੱਲ ਰਹੀ ਹੈ, ਜੋ ਮਨੁੱਖੀ ਤਸਕਰਾਂ ਦੇ ਇਸ ਅੰਤਰਰਾਸ਼ਟਰੀ ਨੈੱਟਵਰਕ ਦਾ ਹਿੱਸਾ ਹਨ।

ਦੱਸ ਦਈਏ ਕਿ ਸੀਬੀਆਈ ਨੇ 6 ਮਾਰਚ 2024 ਨੂੰ ਇੱਕ ਵੱਡੇ ਮਨੁੱਖੀ ਤਸਕਰੀ ਨੈੱਟਵਰਕ ਦਾ ਪਰਦਾਫਾਸ਼ ਕੀਤਾ ਸੀ, ਜੋ ਕਿ ਵਿਦੇਸ਼ਾਂ ਵਿੱਚ ਮੁਨਾਫ਼ੇ ਵਾਲੀਆਂ ਨੌਕਰੀਆਂ ਦੀ ਪੇਸ਼ਕਸ਼ ਕਰਨ ਦੇ ਵਾਅਦੇ 'ਤੇ ਭੋਲੇ-ਭਾਲੇ ਭਾਰਤੀ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਇਹ ਤਸਕਰੀ ਕਰਨ ਵਾਲੇ ਭਾਰਤੀ ਨਾਗਰਿਕਾਂ ਨੂੰ ਯੂ-ਟਿਊਬ ਵਰਗੇ ਸੋਸ਼ਲ ਮੀਡੀਆ ਰਾਹੀਂ ਅਤੇ ਕਈ ਵਾਰ ਸਥਾਨਕ ਸੰਪਰਕਾਂ ਜਾਂ ਏਜੰਟਾਂ ਰਾਹੀਂ ਰੂਸ ਵਿੱਚ ਉੱਚ ਤਨਖਾਹ ਵਾਲੀਆਂ ਨੌਕਰੀਆਂ ਲਈ ਲੁਭਾਉਂਦੇ ਸਨ।

ਸੀਬੀਆਈ ਨੇ ਨੋਟ ਕੀਤਾ, "ਤਸਕਰੀ ਕੀਤੇ ਗਏ ਭਾਰਤੀ ਨਾਗਰਿਕਾਂ ਨੂੰ ਲੜਾਈ ਦੀਆਂ ਭੂਮਿਕਾਵਾਂ ਵਿੱਚ ਸਿਖਲਾਈ ਦਿੱਤੀ ਗਈ ਅਤੇ ਉਨ੍ਹਾਂ ਦੀ ਇੱਛਾ ਦੇ ਵਿਰੁੱਧ ਰੂਸ-ਯੂਕਰੇਨ ਯੁੱਧ ਖੇਤਰ ਵਿੱਚ ਫਰੰਟ ਬੇਸਾਂ 'ਤੇ ਤਾਇਨਾਤ ਕੀਤਾ ਗਿਆ ਅਤੇ ਇਸ ਤਰ੍ਹਾਂ ਉਨ੍ਹਾਂ ਦੀ ਜਾਨ ਨੂੰ ਗੰਭੀਰ ਖਤਰੇ ਵਿੱਚ ਪਾ ਦਿੱਤਾ ਗਿਆ।''

ਅਧਿਕਾਰੀਆਂ ਨੇ ਦੱਸਿਆ, ''ਮੁਲਜ਼ਮ ਨਾਈਜੇਲ ਜੋਬੀ ਬੇਨਸਮ ਰੂਸੀ ਰੱਖਿਆ ਮੰਤਰਾਲੇ ਵਿੱਚ ਠੇਕੇ ਦੇ ਆਧਾਰ 'ਤੇ ਅਨੁਵਾਦਕ ਵਜੋਂ ਕੰਮ ਕਰ ਰਿਹਾ ਸੀ ਅਤੇ ਰੂਸ ਵਿੱਚ ਭਾਰਤੀ ਨਾਗਰਿਕਾਂ ਦੀ ਭਰਤੀ ਲਈ ਰੂਸ ਵਿੱਚ ਕੰਮ ਕਰ ਰਹੇ ਨੈੱਟਵਰਕ ਦੇ ਪ੍ਰਮੁੱਖ ਮੈਂਬਰਾਂ ਵਿੱਚੋਂ ਇੱਕ ਸੀ।'' ਜਦੋਂਕਿ ਮਾਈਕਲ ਐਂਥਨੀ ਦੁਬਈ ਸਥਿਤ ਆਪਣੇ ਸਹਿ-ਮੁਲਜ਼ਮ ਫੈਸਲ ਬਾਬਾ ਅਤੇ ਰੂਸ ਸਥਿਤ ਹੋਰਾਂ ਨੂੰ ਚੇਨਈ ਵਿੱਚ ਵੀਜ਼ਾ ਪ੍ਰੋਸੈਸਿੰਗ ਕਰਵਾਉਣ ਅਤੇ ਪੀੜਤਾਂ ਨੂੰ ਰੂਸ ਜਾਣ ਲਈ ਹਵਾਈ ਟਿਕਟਾਂ ਬੁੱਕ ਕਰਵਾਉਣ ਵਿੱਚ ਮਦਦ ਕਰ ਰਿਹਾ ਸੀ।

ਇਸ ਦੌਰਾਨ ਮੁਲਜ਼ਮ ਅਰੁਣ ਅਤੇ ਯੇਸੁਦਾਸ ਜੂਨੀਅਰ ਰੂਸੀ ਫੌਜ ਲਈ ਕੇਰਲ ਅਤੇ ਤਾਮਿਲਨਾਡੂ ਨਾਲ ਸਬੰਧਤ ਭਾਰਤੀ ਨਾਗਰਿਕਾਂ ਦੇ ਮੁੱਖ ਭਰਤੀ ਸਨ।

Related Post