Amritsar News : ਅੰਮ੍ਰਿਤਸਰ ਹਵਾਈ ਅੱਡੇ ’ਤੇ ਦੁਬਈ ’ਤੋਂ ਆਉਣ ਵਾਲੀ ਅੰਤਰਰਾਸ਼ਟਰੀ ਉਡਾਣ ਰੱਦ, ਸੰਘਣੀ ਧੁੰਦ ਕਾਰਨ ਕਈ ਉਡਾਣਾਂ ਪ੍ਰਭਾਵਿਤ
Amritsar News : ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਵਾਲੇ ਮੌਸਮ 'ਚ ਜੇਕਰ ਤੁਸੀਂ ਹਵਾਈ ਸਫਰ ਕਰ ਰਹੇ ਹੋ ਜਾਂ ਕਰਨ ਦੀ ਯੋਜਨਾ ਬਣਾ ਰਹੇ ਹੋ ਤਾਂ ਇਸ ਖ਼ਬਰ ਤੁਹਾਡੇ ਲਈ ਬਹੁਤ ਖ਼ਾਸ ਹੈ ਕਿਉਂਕਿ ਸੰਘਣੀ ਧੁੰਦ ਦਾ ਹਵਾਈ ਉਡਾਨਾਂ ਉੱਪਰ ਵੱਡਾ ਅਸਰ ਪੈ ਰਿਹਾ ਹੈ। ਸੰਘਣੀ ਧੁੰਦ ਅਤੇ ਮੌਸਮ ਖ਼ਰਾਬ ਹੋਣ ਕਾਰਨ ਅੰਮ੍ਰਿਤਸਰ ਹਵਾਈ ਅੱਡੇ ’ਤੇ ਉਡਾਣਾਂ ਲਗਾਤਾਰ ਪ੍ਰਭਾਵਿਤ ਹੋ ਰਹੀਆਂ ਹਨ।
ਜਿਸ ਦੇ ਚਲਦਿਆਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਦੁਬਈ ਤੋਂ ਆਉਣ ਵਾਲੀ ਏਅਰ ਇੰਡੀਆ ਐਕਸਪ੍ਰੈਸ ਦੀ ਫਲਾਈਟ ਨੰਬਰ ਏ.ਆਈ 192 ਰੱਦ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਦੁਬਈ ਤੋਂ ਇਥੇ ਸਵੇਰੇ 7.50 ਵਜੇ ਪੁੱਜਣ ਵਾਲੀ ਸਪਾਈਸ ਜੱਟ ਏਅਰਵੇਜ਼ ਦੀ ਉਡਾਣ ਆਪਣੇ ਉਕਤ ਨਿਰਧਾਰਤ ਸਮੇਂ ਤੋਂ ਦੇਰੀ ਨਾਲ ਚੱਲ ਰਹੀ ਹੈ ਅਤੇ ਕਰੀਬ ਪੌਣੇ ਚਾਰ ਘੰਟੇ ਦੇਰੀ ਨਾਲ ਪਹੁੰਚਣ ਦੀ ਸੰਭਾਵਨਾ ਹੈ।
ਇਸ ਤੋਂ ਇਲਾਵਾ ਇਥੇ 11.30 ਵਜੇ ਲੰਡਨ ਤੋਂ ਪੁੱਜਣ ਵਾਲੀ ਏਅਰ ਇੰਡੀਆ ਦੀ ਉਡਾਣ ਵੀ ਦੇਰੀ ਵਿਚ ਚੱਲ ਰਹੀ ਹੈ ਅਤੇ ਇਹ ਉਡਾਣ ਵੀ ਦੁਪਹਿਰ ਕਰੀਬ 1.30 ਵਜੇ ਪਹੁੰਚਣ ਦੀ ਸੰਭਾਵਨਾ ਹੈ। ਇਨ੍ਹਾਂ ਉਡਾਣਾਂ ਰਾਹੀਂ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਵੱਡੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਸੰਘਣੀ ਧੁੰਦ ਤੇ ਮੌਸਮ ਖ਼ਰਾਬ ਹੋਣ ਕਾਰਨ ਅੰਮ੍ਰਿਤਸਰ ਦੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ’ਤੇ ਅੰਤਰਰਾਸ਼ਟਰੀ ਤੇ ਘਰੇਲੂ ਉਡਾਣਾਂ ਪ੍ਭਾਵਿਤ ਹੋਈਆਂ ਸਨ। ਦੋਹਾ ਤੋਂ ਇਥੇ ਸਵੇਰੇ 2.40 ਵਜੇ ਪੁੱਜਣ ਵਾਲੀ ਕਤਰ ਏਅਰਵੇਜ਼ ਦੀ ਉਡਾਨ 45 ਮਿੰਟ ਦੇਰੀ ਨਾਲ ਪਹੁੰਚੀ। ਦੁਬਈ ਤੋਂ ਇਥੇ ਸਵੇਰੇ 7.50 ਵਜੇ ਪੁੱਜਣ ਵਾਲੀ ਸਪਾਈਸ ਜੱਟ ਦੀ ਉਡਾਣ ਕਰੀਬ ਦੁਪਹਿਰ 12 ਵਜੇ ਦੇ ਕਰੀਬ ਪਹੁੰਚੀ ਸੀ।
- PTC NEWS