Chandigarh Blast Case : ਗ੍ਰੇਨੇਡ ਹਮਲੇ ਦਾ ਮੁੱਖ ਮੁਲਜ਼ਮ ਅਦਾਲਤ ਨੇ 6 ਦਿਨ ਦੇ ਰਿਮਾਂਡ ਤੇ ਭੇਜਿਆ, ਜਾਣੋ ਕਿਸ ਨਾਲ ਹੈ ਸਬੰਧ
Chandigarh Grenade Blast case : ਚੰਡੀਗੜ੍ਹ ਦੇ ਸੈਕਟਰ-10 ਸਥਿਤ ਇੱਕ ਕੋਠੀ 'ਚ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਹਮਲੇ ਵਿੱਚ ਪੰਜਾਬ ਪੁਲਿਸ ਵੱਲੋਂ ਸ਼ੁੱਕਰਵਾਰ ਫੜੇ ਗਏ ਮੁੱਖ ਮੁਲਜ਼ਮ ਰੋਹਨ ਮਸੀਹ ਨੂੰ ਅੰਮ੍ਰਿਤਸਰ ਅਦਾਲਤ ਨੇ 6 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ, ਜਿਸ ਤੋਂ ਹੁਣ ਕਈ ਹੋਰ ਖੁਲਾਸੇ ਵੀ ਹੋਣ ਦੀ ਉਮੀਦ ਹੈ।
Chandigarh Blast Case Update : ਚੰਡੀਗੜ੍ਹ ਦੇ ਸੈਕਟਰ-10 ਸਥਿਤ ਇੱਕ ਕੋਠੀ 'ਚ ਗ੍ਰੇਨੇਡ ਹਮਲੇ ਦੇ ਮਾਮਲੇ ਵਿੱਚ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਪੁਲਿਸ ਨੇ ਦੋਵੇਂ ਮੁਲਜ਼ਮਾਂ ਦੀ ਪਛਾਣ ਉਪਰੰਤ ਸ਼ੁੱਕਰਵਾਰ ਨੂੰ ਇੱਕ ਰੋਹਨ ਮਸੀਹ ਨੂੰ ਗ੍ਰਿਫਤਾਰ ਕਰਨ ਪਿੱਛੋਂ ਅੰਮ੍ਰਿਤਸਰ ਵਿਖੇ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਥੋਂ ਅਦਾਲਤ ਨੇ ਮੁੱਖ ਮੁਲਜ਼ਮ ਨੂੰ 6 ਦਿਨ ਦੇ ਰਿਮਾਂਡ 'ਤੇ ਭੇਜ ਦਿੱਤਾ ਹੈ। ਦੱਸ ਦਈਏ ਕਿ ਜਿਹੜੇ ਅੱਤਵਾਦੀ ਹੈਪੀ ਪਸ਼ੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ, ਉਹ ਵੀ ਇਸੇ ਪਿੰਡ ਦਾ ਵਸਨੀਕ ਹੈ ਅਤੇ ਇਹ ਮੁਲਜ਼ਮ ਉਸ ਦੇ ਹੀ ਸੰਪਰਕ 'ਚ ਸਨ।
ਉਧਰ, ਡੀਜੀਪੀ ਪੰਜਾਬ ਨੇ ਵੀ ਇਸ ਸਬੰਧੀ ਸਪੱਸ਼ਟ ਕਰਦਿਆਂ ਟਵਿੱਟਰ ਐਕਸ ਰਾਹੀਂ ਰੋਹਨ ਮਸੀਹ ਦੇ ਫੜੇ ਜਾਣ ਬਾਰੇ ਜਾਣਕਾਰੀ ਦਿੱਤੀ ਹੈ।ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀ ਨਾਲ ਸਾਂਝੀ ਕਾਰਵਾਈ ਕਰਦਿਆਂ ਚੰਡੀਗੜ੍ਹ ਗ੍ਰੇਨੇਡ ਧਮਾਕੇ ਦੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਰੋਹਨ ਮਸੀਹ ਵਾਸੀ ਪਿੰਡ ਪਾਸੀਆ, ਥਾਣਾ ਰਾਮਦਾਸ, ਅੰਮ੍ਰਿਤਸਰ ਦਿਹਾਤੀ ਦੀ ਗਿ੍ਫ਼ਤਾਰੀ ਅਤੇ ਬਾਕੀ ਮੁਲਜ਼ਮਾਂ ਦੀ ਸ਼ਨਾਖ਼ਤ ਨਾਲ ਮਾਮਲਾ ਸੁਲਝ ਗਿਆ ਹੈ |
ਪੁਲਿਸ ਨੂੰ ਹਮਲੇ ਦੇ ਮੁਲਜ਼ਮਾਂ ਦਾ ਇਹ ਵੱਡਾ ਸੁਰਾਗ ਹੱਥ ਲੱਗਿਆ ਹੈ। ਦੱਸਿਆ ਜਾ ਰਿਹਾ ਹੈ ਕਿ 20 ਸਾਲਾ ਰੋਹਨ ਦਾ ਪਿੰਡ ਦੇ ਕੁਝ ਲੋਕਾਂ ਨਾਲ ਕੁੱਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ, ਜਿਸ ਪਿੱਛੋਂ ਉਹ ਫ਼ਤਹਿਗੜ੍ਹ ਸਾਹਿਬ ਦੇ ਪਿੰਡ ਪਿੰਡੀ ਵਿਖੇ ਰਿਸ਼ਤੇਦਾਰਾਂ ਕੋਲ ਰਹਿ ਰਿਹਾ ਸੀ।
ਬੱਸ ਰਾਹੀਂ ਆਏ ਸੀ ਚੰਡੀਗੜ੍ਹ
ਸੂਤਰਾਂ ਮੁਤਾਬਕ ਇਹ ਵੀ ਪਤਾ ਲੱਗਾ ਹੈ ਕਿ ਦੋਵੇਂ ਮੁਲਜ਼ਮ ਘਟਨਾ ਵਾਲੇ ਦਿਨ ਜਿਸ ਆਟੋ ਵਿੱਚ ਆਏ ਸਨ, ਦੋ ਦਿਨ ਪਹਿਲਾਂ ਵੀ ਉਹ ਉਸੇ ਆਟੋ 'ਚ ਘਰ ਦੀ ਰੇਕੀ ਕਰਨ ਆਏ ਸੀ। ਨਾਲ ਹੀ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦੋਵੇਂ ਮੁਲਜ਼ਮ 9 ਸਤੰਬਰ ਨੂੰ ਚੰਡੀਗੜ੍ਹ ਪੁੱਜੇ ਸਨ ਅਤੇ ਕੋਠੀ ਦੀ ਰੇਕੀ ਵੀ ਕੀਤੀ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਮੁਲਜ਼ਮ ਬੁੱਧਵਾਰ ਨੂੰ ਜਲੰਧਰ ਤੋਂ ਚੰਡੀਗੜ੍ਹ ਵੋਲਵੋ ਬੱਸ ਵਿੱਚ ਆਏ ਸਨ।
ਦੱਸ ਦਈਏ ਕਿ ਬੁੱਧਵਾਰ ਚੰਡੀਗੜ੍ਹ ਦੇ ਸੈਕਟਰ-10 ਵਿੱਚ ਕੋਠੀ ਨੰਬਰ 575 ਵਿੱਚ ਬੰਬ ਧਮਾਕਾ ਹੋਇਆ ਸੀ, ਜੋ ਕਿ ਸ਼ਹਿਰ ਦਾ ਸਭ ਤੋਂ ਪੌਸ਼ ਇਲਾਕਾ ਹੈ। ਘਟਨਾ ਨੇ ਚੰਡੀਗੜ੍ਹ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪਾਈ ਹੋਈ ਹੈ, ਜਿਸ ਦੀ ਜਾਂਚ ਵਿੱਚ ਕ੍ਰਾਈਮ ਬ੍ਰਾਂਚ ਅਤੇ ਹੋਰ ਕਈ ਜਾਂਚ ਟੀਮਾਂ ਵੀ ਜੁਟੀਆਂ ਹੋਈਆਂ ਹਨ। ਪੁਲਿਸ ਨੇ ਆਸਪਾਸ ਦੀ ਸੀਸੀਟੀਵੀ ਕਬਜ਼ੇ 'ਚ ਲੈ ਕੇ ਜਾਂਚ ਅਰੰਭੀ ਹੋਈ ਹੈ ਅਤੇ ਬੀਤੇ ਦਿਨ ਦੋਵਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਸਨ ਅਤੇ ਸੂਚਨਾ ਦੇਣ ਵਾਲੇ ਨੂੰ 2 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ।