ਮੁੱਖ ਮੰਤਰੀ ਹਿਮਾਚਲ ਤੇ ਗੁਜਰਾਤ ਘੁੰਮਣ ਦੀ ਬਜਾਏ ਪੰਜਾਬ ਦੀ ਸ਼ਾਂਤੀ ਵੱਲ ਧਿਆਨ ਦੇਣ : ਸੁਖਬੀਰ ਬਾਦਲ

By  Ravinder Singh November 5th 2022 06:24 PM

ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਿਚ ਵਿਗੜ ਰਹੇ ਹਾਲਾਤ ਉਤੇ ਆਮ ਆਦਮੀ ਪਾਰਟੀ ਉਤੇ ਨਿਸ਼ਾਨਾ ਵਿੰਨ੍ਹਿਆ।  ਬਾਦਲ ਅੱਜ ਪਟਿਆਲਾ ਵਿਖੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਘਰ ਮੁਲਾਕਾਤ ਕਰਨ ਲਈ ਪੁੱਜੇ ਹੋਏ ਸਨ। ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਨੇ ਬੀਬੀ ਜਗੀਰ ਕੌਰ ਨੂੰ ਕਈ ਵਾਰ ਮੰਤਰੀ ਬਣਨ ਦਾ ਮੌਕਾ ਦਿੱਤਾ, ਐਮਐਲਏ ਦੀ ਟਿਕਟ ਦਿੱਤੀ, ਚਾਰ ਵਾਰ ਐਸਜਪੀਸੀ ਦੀ ਪ੍ਰਧਾਨਗੀ ਦੇ ਨਾਲ ਸਾਰਾ ਮਾਣ ਦਿੱਤਾ ਹੈ। ਬਾਦਲ ਨੇ ਕਿਹਾ ਕਿ ਜਿੰਨੇ ਮੌਕੇ ਬੀਬੀ ਜਗੀਰ ਕੌਰ ਨੂੰ ਮਿਲੇ ਹਨ, ਉਹ ਤਾਂ ਕਈਆਂ ਨੂੰ ਕਦੇ ਮਿਲੇ ਵੀ ਨਹੀਂ। ਇਸ ਕਰਕੇ ਅੱਜ ਕੇਂਦਰ ਦੀ ਸਰਕਾਰ ਦੇ ਹੱਥ ਚੜ੍ਹਨ ਦੀ ਬਜਾਏ ਪਾਰਟੀ ਤੇ ਆਪਣੀ ਇਜੁਟਤਾ ਕਾਇਮ ਕਰੀਏ। ਉਨ੍ਹਾਂ ਨੇ ਕਿਹਾ ਕਿ ਬੀਬੀ ਜਗੀਰ ਕੌਰ ਨੂੰ ਅਪੀਲ ਕਰਦਾਂ ਹਾਂ ਕਿ ਉਹ ਪੁਰਾਣੇ ਤੇ ਸੀਨੀਅਰ ਲੀਡਰ ਹਨ, ਉਹ ਪਾਰਟੀ ਨੂੰ ਤਕੜਾ ਕਰਨ।



ਇਕ ਸਵਾਲ ਦੇ ਜਵਾਬ ਵਿਚ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਹਾਲਾਤ ਬਿਲਕੁਲ ਵਿਗੜ ਚੁੱਕੇ ਹਨ, ਲਾਅ ਐਂਡ ਆਰਡਰ ਨਹੀਂ ਰਿਹਾ। ਸ਼ਰੇਆਮ ਕਤਲ ਹੋ ਰਹੇ ਹਨ ਜਿਸ ਕਾਰਨ ਲੋਕਾਂ ਵਿਚ ਭਾਰੀ ਸਹਿਮ ਹੈ। ਮੁੱਖ ਮੰਤਰੀ ਕਦੇ ਹਿਮਾਚਲ ਤੇ ਕਦੇ ਗੁਜਰਾਤ ਘੁੰਮ ਰਿਹਾ ਹੈ। ਲੋਕਾਂ ਨੇ ਬਹੁਤ ਉਮੀਦਾਂ ਨਾਲ 'ਆਪ' ਦੀ ਸਰਕਾਰ ਬਣਾਈ ਸੀ ਪਰ ਉਮੀਦਾਂ ਉਤੇ ਪਾਣੀ ਫਿਰ ਚੁੱਕਿਆ ਹੈ। ਜਦੋਂ ਦਾ ਦੇਸ਼ ਆਜ਼ਾਦ ਹੋਇਆ ਹੈ, ਉਦੋਂ ਤੋਂ ਪਹਿਲੀ ਵਾਰ ਇੰਨੇ ਮਾੜੇ ਹਾਲਾਤ ਪੰਜਾਬ ਨੂੰ ਦੇਖਣੇ ਪੈ ਸਕਦੇ ਹਨ। ਮੁੱਖ ਮੰਤਰੀ ਨੂੰ ਅਪੀਲ ਕਰਦਾ ਹਾਂ ਕਿ ਦੂਜੇ ਸੂਬਿਆਂ ਨੂੰ ਛੱਡ ਕੇ ਆਪਣੇ ਸੂਬੇ ਨੂੰ ਸੰਭਾਲਣ। ਗੈਂਗਸਟਰ ਲੋਕਾਂ ਨੂੰ ਧਮਕਾ ਕੇ ਫਿਰੌਤੀਆਂ ਮੰਗ ਰਹੇ ਹਨ। ਲੋਕਾਂ ਦਾ ਪੰਜਾਬ ਪੁਲਿਸ ਤੋਂ ਵਿਸ਼ਵਾਸ ਉੱਠ ਰਿਹਾ ਹੈ। ਅੱਜ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਸਭ ਤੋਂ ਜ਼ਰੂਰੀ ਹੈ। ਜਦੋਂ ਵੀ ਅਕਾਲੀ ਦਲ ਦੀ ਸਰਕਾਰ ਬਣੀ ਹੈ ਤਾਂ ਮੁੱਖ ਏਜੰਡਾ ਹੀ ਸੂਬੇ ਦੀ ਸ਼ਾਂਤੀ ਰਿਹਾ ਹੈ ਪਰ ਅੱਜ ਭਾਈਚਾਰਕ ਸਾਂਝ ਤੇ ਅਮਨ ਸ਼ਾਂਤੀ ਭੰਗ ਹੋ ਚੁੱਕੀ ਹੈ ਤੇ ਅਕਾਲੀ ਦਾ ਇਸਦਾ ਸਖ਼ਤ ਵਿਰੋਧ ਕਰਦਾ ਹੈ।

ਇਹ ਵੀ ਪੜ੍ਹੋ : ਸਿਕੰਦਰ ਸਿੰਘ ਮਲੂਕਾ ਨੇ ਸ਼ਿਵ ਸੈਨਾ ਪ੍ਰਧਾਨ ਸੁਧੀਰ ਸੂਰੀ ਦੇ ਕਤਲ ਦੀ ਕੀਤੀ ਨਿਖੇਧੀ

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੀ ਸਰਕਾਰ ਕੇਜਰੀਵਾਲ ਦੇ ਇਸ਼ਾਰੇ ਉਤੇ ਚੱਲ ਰਹੀ ਹੈ। ਕੇਜਰੀਵਾਲ ਪੰਜਾਬ ਦੇ ਖਜ਼ਾਨਾ ਵਰਤ ਕੇ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਵਿਚ ਲੱਗਿਆ ਹੋਇਆ ਹੈ। ਬਾਦਲ ਨੇ ਕਿਹਾ ਕਿ ਕੇਜਰੀਵਾਲ ਦੀ ਸਾਰੀ ਟੀਮ ਭ੍ਰਿਸ਼ਟਚਾਰੀ ਹੈ। ਪਰਾਲੀ ਦੇ ਮੁੱਦੇ ਉਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੇਜਰੀਵਾਲ ਦਾ ਮਕਸਦ ਸਿਰਫ਼ ਚੋਣਾਂ ਹਨ, ਜਿਹੜੇ ਸੂਬੇ 'ਚ ਚੋਣਾਂ ਹੁੰਦੀਆਂ ਹਨ ਉਥੇ ਉਸਦੇ ਹਿਸਾਬ ਨਾਲ ਬਿਆਨ ਦਿੱਤਾ ਜਾਂਦਾ ਹੈ ਤੇ ਚੋਣਾਂ ਤੋਂ ਬਾਅਦ ਆਪਣਾ ਕਿਹਾ ਹੀ ਭੁੱਲ ਜਾਂਦੇ ਹਨ। ਬਾਦਲ ਨੇ ਕਿਹਾ ਕਿ ਕੇਜਰੀਵਾਲ ਹੋਰਾਂ ਨੇ ਜੋ ਪੰਜਾਬ ਵਿਚ ਝੂਠ ਬੋਲਿਆ, ਓਹੀ ਝੂਠ ਹੁਣ ਗੁਜਰਾਤ ਵਿਚ ਬੋਲਿਆ ਜਾ ਰਿਹਾ ਹੈ।

ਰਿਪੋਰਟ-ਗਗਨਦੀਪ ਆਹੂਜਾ


Related Post