ਮੁੱਖ ਸਕੱਤਰ ਦੀ PCS ਅਫ਼ਸਰਾਂ ਨੂੰ ਸਖ਼ਤ ਚਿਤਾਵਨੀ, 2 ਵਜੇ ਤੱਕ ਡਿਊਟੀ ’ਤੇ ਪਹੁੰਚਣ ਨਹੀਂ ਤਾਂ...

ਮੁੱਖ ਸਕੱਤਰ ਨੇ ਪੀਸੀਐਸ ਅਫ਼ਸਰਾਂ ਨੂੰ ਚਿੱਠੀ ਲਿਖ ਕਿਹਾ ਹੈ ਕਿ ਹੜਤਾਲ ’ਤੇ ਗਏ ਅਫ਼ਸਰਾਂ ਦੀ ਗੈਰ ਹਾਜ਼ਰੀ ਬ੍ਰੇਕ ਇਨ ਸਰਵਿਸ ਮੰਨੀ ਜਾਵੇਗੀ। ਨਾਲ ਹੀ ਇਸਦਾ ਅਸਰ ਉਨ੍ਹਾਂ ਦੇ ਪੈਨਸ਼ਨ, ਪ੍ਰਮੋਸ਼ਨ, ਇਨਕ੍ਰੀਮੈਂਟ ’ਤੇ ਪਵੇਗਾ।

By  Aarti January 11th 2023 01:00 PM -- Updated: January 11th 2023 01:05 PM

ਚੰਡੀਗੜ੍ਹ: ਸੂਬੇ ਭਰ ’ਚ ਹੜਤਾਲ ’ਤੇ ਗਏ ਪੀਸੀਐਸ ਅਫਸਰਾਂ ਖਿਲਾਫ ਸਰਕਾਰ ਵੱਡਾ ਐਕਸ਼ਨ ਕਰਨ ਦੀ ਤਿਆਰੀ ਕਰ ਰਹੀ ਹੈ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੜਤਾਲ ’ਤੇ ਗਏ ਅਫਸਰਾਂ ਨੂੰ ਦੁਪਹਿਰ 2 ਵਜੇ ਤੱਕ ਡਿਊਟੀ ’ਤੇ ਵਾਪਸ ਆਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਅਫ਼ਸਰਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਸੀਐੱਮ ਮਾਨ ਦੇ ਹੁਕਮਾਂ ਤੋਂ ਬਾਅਦ ਹੁਣ ਮੁੱਖ ਸਕੱਤਰ ਵੱਲੋਂ ਵੀ ਪੀਸੀਐਸ ਅਫ਼ਸਰਾਂ ਨੂੰ ਚਿੱਠੀ ਲਿਖੀ ਹੈ। 

ਮੁੱਖ ਸਕੱਤਰ ਨੇ ਪੀਸੀਐਸ ਅਫ਼ਸਰਾਂ ਨੂੰ ਚਿੱਠੀ ਲਿਖ ਕਿਹਾ ਹੈ ਕਿ ਅਫਸਰਾਂ ਦੀ ਅਜਿਹੀ ਹੜਤਾਲ ਕਿਸੇ ਵੀ ਤਰ੍ਹਾਂ ਨਾਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਅਫ਼ਸਰ 2 ਵਜੇ ਤੱਕ ਆਪਣੀ ਡਿਊਟੀ ’ਤੇ ਪਹੁੰਚ ਜਾਣ। ਨਾਲ ਹੀ ਕਿਹਾ ਕਿ ਹੜਤਾਲ ’ਤੇ ਗਏ ਅਫ਼ਸਰਾਂ ਦੀ ਗੈਰ ਹਾਜ਼ਰੀ ਬ੍ਰੇਕ ਇਨ ਸਰਵਿਸ ਮੰਨੀ ਜਾਵੇਗੀ। ਨਾਲ ਹੀ ਇਸਦਾ ਅਸਰ ਉਨ੍ਹਾਂ ਦੇ ਪੈਨਸ਼ਨ, ਪ੍ਰਮੋਸ਼ਨ, ਇਨਕ੍ਰੀਮੈਂਟ ’ਤੇ ਪਵੇਗਾ।

ਇਸ ਤੋਂ ਇਲਾਵਾ ਮੁੱਖ ਸਕੱਤਰ ਨੇ ਵੀ ਸਾਫ ਕਿਹਾ ਹੈ ਕਿ ਸੀਐੱਮ ਮਾਨ ਦੇ ਹੁਕਮਾਂ ਮੁਤਾਬਿਕ ਅਫ਼ਸਰ 2 ਵਜੇ ਤੱਕ ਆਪਣੀ ਡਿਊਟੀ ’ਤੇ ਵਾਪਸ ਆ ਜਾਣ ਨਹੀਂ ਤਾਂ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਦੀ ਚਿਤਾਵਨੀ ਤੋਂ ਬਾਅਦ ਡੀਸੀ ਦਫ਼ਤਰ ਦੇ ਮੁਲਾਜ਼ਮਾਂ ਤੇ ਪੀਸੀਐਸ ਅਫਸਰਾਂ ਨੇ ਹੰਗਾਮੀ ਮੀਟਿੰਗ ਸੱਦੀ ਹੈ। ਲੁਧਿਆਣਾ ਦੇ ਇਕ ਕਲੱਬ ਵਿਚ ਮੀਟਿੰਗ ਚੱਲ ਰਹੀ ਹੈ। ਵਟਸਐਪ ਰਾਹੀਂ ਮੁਲਾਜ਼ਮਾਂ ਅਤੇ ਪੀਸੀਐਸ ਅਫਸਰਾਂ ਦਰਮਿਆਨ ਅਗਲੀ ਰਣਨੀਤੀ ਉਲੀਕੀ ਜਾ ਰਹੀ ਹੈ। ਇਸ ਦੌਰਾਨ ਅਫ਼ਸਰਾਂ ਨੇ ਕਿਹਾ ਕਿ ਕਿ ਸਰਕਾਰ ਦੀ ਚਿਤਾਵਨੀ ਤੋਂ ਬਾਅਦ ਅਸੀਂ ਡਿਊਟੀ ਜੁਆਇਨ ਕੀਤੀ ਤਾਂ ਸਭ ਦੇ ਲਈ ਘਾਤਕ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਪਿੱਛੇ ਨਹੀਂ ਹੱਟਣਗੇ।

ਕਾਬਿਲੇਗੌਰ ਹੈ ਕਿ ਵਿਜੀਲੈਂਸ ਬਿਊਰੋ ਵੱਲੋਂ ਆਰਟੀਏ ਨਰਿੰਦਰ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੀਸੀਐਸ ਐਸੋਸੀਏਸ਼ਨ ਵੱਲੋਂ ਵਿਰੋਧ ਜ਼ਾਹਿਰ ਕੀਤਾ ਜਾ ਰਿਹਾ ਹੈ। ਇਸ ਕਾਰਨ ਸੂਬੇ ਭਰ ਵਿਚ ਪੀਸੀਐਸ ਅਧਿਕਾਰੀਆਂ ਨੇ 5 ਦਿਨਾਂ ਲਈ ਸਮੂਹਿਕ ਛੁੱਟੀ ਦਾ ਐਲਾਨ ਕਰ ਦਿੱਤਾ ਸੀ। ਹੜਤਾਲ ਕਰਨ ਤੋਂ ਬਾਅਦ ਆਮ ਲੋਕਾਂ ਨੂੰ ਕਾਫੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ। 

ਇਹ ਵੀ ਪੜ੍ਹੋ: ਕੈਨੇਡਾ 'ਚ ਫੌਤ ਹੋਏ ਨੌਜਵਾਨ ਨੂੰ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ

Related Post