DM Gagandeep Death : ਭਗਵੰਤ ਮਾਨ ਜੇਕਰ ਲਾਲਜੀਤ ਭੁੱਲਰ ਦੀ ਪੁਸ਼ਤਪਨਾਹੀ ਨਹੀਂ ਕਰ ਰਿਹਾ ਤਾਂ CBI ਨੂੰ ਦੇਵੇ ਜਾਂਚ : ਬਿਕਰਮ ਸਿੰਘ ਮਜੀਠੀਆ

Shiromani Akali Dal on Gagandeep Death : ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਭ੍ਰਿਸ਼ਟ ਅਤੇ ਗੁੰਡੇ ਮੰਤਰੀ ਦੀ ਪੁਸ਼ਤ ਪਨਾਹ ਹੀ ਨਹੀਂ ਕਰ ਰਹੇ ਤਾਂ ਲਾਲਜੀਤ ਭੁੱਲਰ, ਸੁਖਦੇਵ ਸਿੰਘ ਭੁੱਲਰ ਅਤੇ ਉਸਦਾ ਪੀ.ਏ. ਨੂੰ ਤੁਰੰਤ ਗ੍ਰਿਫ਼ਤਾਰ ਕਰਵਾਉਣ ਅਤੇ ਇਸ ਮਾਮਲੇ ਦੀ ਸੀਬੀਆਈ ਨੂੰ ਜਾਂਚ ਸੌਂਪ ਦੇਣ।

By  KRISHAN KUMAR SHARMA March 22nd 2026 06:48 PM -- Updated: March 22nd 2026 06:58 PM

Shiromani Akali Dal on Gagandeep Death : ਆਮ ਆਦਮੀ ਪਾਰਟੀ (AAP) ਦੇ ਮੰਤਰੀ ਲਾਲਜੀਤ ਸਿੰਘ ਭੁੱਲਰ (Laljit Singh Bhullar) ਵੱਲੋਂ ਪੰਜਾਬ ਵੇਅਰ ਹਾਊਸ (Punjab Warehouse Corporation) ਦੇ ਜ਼ਿਲ੍ਹਾ ਮੈਨੇਜਰ ਗਗਨਦੀਪ ਰੰਧਾਵਾ ਨੂੰ ਮਹਿਜ਼ ਇੱਕ ਟੈਂਡਰ ਲਈ ਤਸ਼ੱਦਦ ਕਰਕੇ ਖੁਦਕੁਸ਼ੀ ਲਈ ਮਜਬੂਰ ਕਰਨ ਤੋਂ ਬਾਅਦ ਮੰਤਰੀ ਦੀ ਗ੍ਰਿਫਤਾਰੀ ਲਈ ਅੱਜ ਸਾਰੀਆਂ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਭਾਜਪਾ ਤੇ ਕਾਂਗਰਸ ਦੇ ਆਗੂਆਂ ਵੱਲੋਂ ਚੰਡੀਗੜ੍ਹ ਵਿਖੇ ਮੁੱਖ ਮੰਤਰੀ ਦਫਤਰ ਦਾ ਘੇਰਾਓ ਤੇ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਅਤੇ ਕਾਂਗਰਸ ਤੋਂ ਪ੍ਰਤਾਪ ਸਿੰਘ ਬਾਜਵਾ ਮੁੱਖ ਤੌਰ 'ਤੇ ਮੌਜੂਦ ਸਨ।

ਲਾਲਜੀਤ ਸਿੰਘ ਭੁੱਲਰ ਦੀ ਗ੍ਰਿਫਤਾਰੀ ਨੂੰ ਲੈ ਕੇ ਕੀਤੇ ਗਏ ਵੱਡੇ ਵਿਰੋਧ ਪ੍ਰਦਰਸ਼ਨ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਇੱਕ ਮੰਤਰੀ ਦੀ ਗੁੰਡਾਗਰਦੀ, ਭ੍ਰਿਸ਼ਟਾਚਾਰ ਅਤੇ ਗੈਂਗਸਟਰਾਂ ਦੀਆਂ ਧਮਕੀਆਂ ਦੇ ਕੇ ਜਿਸ ਕਦਰ ਇੱਕ ਕਾਬਲ ਅਫਸਰ ਨੂੰ ਮੌਤ ਦੇ ਮੂੰਹ ਵਿੱਚ ਧੱਕ ਦਿੱਤਾ ਗਿਆ, ਉਸ ਗੰਭੀਰ ਮਾਮਲੇ ਵਿੱਚ ਵੀ ਪਰਚਾ ਦਰਜ ਕਰਾਉਣ ਲਈ ਵੀ ਸਾਰੀਆਂ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ ਭਾਜਪਾ ਤੇ ਕਾਂਗਰਸ ਨੂੰ ਇੱਕਜੁੱਟ ਹੋ ਕੇ ਬੀਤੇ ਕੱਲ ਤੋਂ ਹੀ ਇਨਸਾਫ ਲਈ ਆਵਾਜ਼ ਉਠਾਉਣੀ ਪਈ, ਇਸਦੇ ਬਾਵਜੂਦ ਪਰਚਾ ਦਰਜ ਕੱਲ ਸਵੇਰੇ 21 ਮਾਰਚ ਨੂੰ ਦਰਜ ਹੋਣਾ ਸੀ ਉਹ 22 ਮਾਰਚ ਨੂੰ ਰਾਤ 1 ਵਜੇ ਦਰਜ ਕੀਤਾ ਗਿਆ ਅਤੇ ਪਰਚਾ ਦਰਜ ਕਰਨ 'ਚ ਦੇਰੀ ਸਰਕਾਰ ਦੀ ਗੰਭੀਰਤਾ ਨੂੰ ਦੱਸ ਰਹੀ ਹੈ l ਉਨਾਂ ਕਿਹਾ ਕਿ ਆਪ ਸਰਕਾਰ ਦੇ ਇਸ ਭ੍ਰਿਸ਼ਟ ਮੰਤਰੀ ਖਿਲਾਫ ਪਰਚਾ ਦਰਜ ਕਰਾਉਣ ਲਈ ਵਿਰੋਧੀ ਧਿਰਾਂ ਥਾਣੇ ਬੈਠੀਆਂ ਸੀ ਤਾਂ ਸਰਕਾਰ ਅਤੇ ਮੰਤਰੀ ਨੇ ਐਸੇ ਮਾਹੌਲ ਵਿਚ ਵੀ ਆਪਣੀ ਤਾਕਤ ਦਾ ਇਸਤੇਮਾਲ ਕਰਦੇ ਹੋਏ ਥਾਣੇ ਦੀ ਬੱਤੀ ਕਟਵਾ ਦਿੱਤੀ ਅਤੇ ਸੋਸ਼ਲ ਮੀਡੀਆ ਉੱਤੇ ਲਿਖ ਰਿਹਾ ਕਿ ਮੈਨੂੰ ਹਟਾਇਆ ਨਹੀਂ ਗਿਆ ਸਗੋਂ ਮੈਂ ਖੁਦ ਅਸਤੀਫਾ ਦਿੱਤਾ। ਉਹਨਾਂ ਕਿਹਾ ਕਿ ਐਨੀ ਘਟੀਆ ਅਤੇ ਘਿਣੌਨੀ ਹਰਕਤ ਕਰਨ ਦੇ ਬਾਵਜੂਦ ਵੀ ਲਾਲਜੀਤ ਭੁੱਲਰ ਨੈਤਿਕਤਾ ਦਿਖਾਣ ਦੀ ਕੋਸ਼ਿਸ਼ ਕਰ ਰਿਹਾ ਹੈ l

ਉਹਨਾਂ ਕਿਹਾ ਵਿਰੋਧੀ ਧਿਰਾਂ ਵੱਲੋਂ ਥਾਣੇ ਅਤੇ ਪੀੜਿਤ ਪਰਿਵਾਰ ਦੇ ਘਰ ਮੋਰਚਾ ਲਾਉਣ ਅਤੇ ਸਰਕਾਰ ਤੇ ਦਬਾਅ ਬਣਾਉਣ ਮਗਰੋਂ ਭਾਵੇਂ ਦੇ ਰਾਤ ਪਰਚਾ ਦਰਜ ਕਰ ਦਿੱਤਾ ਗਿਆ ਪਰ ਸਰਕਾਰ ਵੱਲੋਂ ਅਜੇ ਤੱਕ ਮੰਤਰੀ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ ਜਾ ਰਿਹਾ। ਜਦਕਿ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਪਰਿਵਾਰ ਉੱਤੇ ਦਬਾਅ ਬਣਾ ਰਿਹਾ ਹੈ ਕਿ ਸਮਝੌਤਾ ਕਰਕੇ ਸੰਸਕਾਰ ਕਰਵਾ ਲਿਓ। ਉਹਨਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਇਸ ਭ੍ਰਿਸ਼ਟ ਅਤੇ ਗੁੰਡੇ ਮੰਤਰੀ ਦੀ ਪੁਸ਼ਤ ਪਨਾਹ ਹੀ ਨਹੀਂ ਕਰ ਰਹੇ ਤਾਂ ਲਾਲਜੀਤ ਭੁੱਲਰ, ਸੁਖਦੇਵ ਸਿੰਘ ਭੁੱਲਰ ਅਤੇ ਉਸਦਾ ਪੀ.ਏ. ਨੂੰ ਤੁਰੰਤ ਗ੍ਰਿਫ਼ਤਾਰ ਕਰਵਾਉਣ ਅਤੇ ਇਸ ਮਾਮਲੇ ਦੀ ਸੀਬੀਆਈ ਨੂੰ ਜਾਂਚ ਸੌਂਪ ਦੇਣ।

ਉਨ੍ਹਾਂ ਕਿਹਾ ਕਿ ਵਿਜੇ ਸਿੰਗਲਾ ਦੇ ਭ੍ਰਿਸ਼ਟਾਚਾਰ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਖੁਦ ਗਵਾਹ ਬਣਿਆ ਸੀ ਪਰ ਉਸ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਕੀ ਹੁਣ ਸਰਕਾਰ ਵੱਲੋਂ ਇਸ ਸਿੱਧੇ ਕਤਲ ਮਾਮਲੇ ਵਿੱਚ ਆਪਣੇ ਮੰਤਰੀ ਨੂੰ ਵੀ ਕਲੀਨ ਚਿੱਟ ਦੇਣ ਲਈ "ਆਪਰੇਸ਼ਨ" ਚਲਾਇਆ ਜਾ ਰਿਹਾ ਹੈ l

ਉਹਨਾਂ ਕਿਹਾ ਕਿ ਇਕ ਕਾਬਲ ਅਫਸਰ ਜਿਸ ਨੂੰ ਆਮ ਆਦਮੀ ਪਾਰਟੀ ਦੇ ਗੁੰਡੇ ਮੰਤਰੀ ਦੇ ਦਬਾਅ ਹੇਠ ਖੁਦਕੁਸ਼ੀ ਲਈ ਮਜਬੂਰ ਹੋਣਾ ਪਿਆ ਉਸ ਨੂੰ ਪਹਿਲਾਂ ਮੰਤਰੀ ਲਾਲਜੀਤ ਭੁੱਲਰ, ਸੁਖਦੇਵ ਸਿੰਘ ਭੁੱਲਰ ਤੇ ਉਸਦੇ ਪੀਏ ਵੱਲੋਂ ਨਿਰਵਸਤਰ ਕਰਕੇ ਤਸ਼ੱਦਦ ਕੀਤਾ ਗਿਆ ਕੁੱਟਮਾਰ ਕੀਤੀ ਗਈ ਤੇ ਜਲੀਲ ਕੀਤਾ ਗਿਆ ਤੇ ਉਸਦੇ ਸਿਰ ਵਿੱਚ ਪਿਸਟਲ ਨਾਲ ਬੱਟ ਮਾਰਦੇ ਹੋਏ ਜ਼ਖਮੀ ਕੀਤਾ ਗਿਆ ਅਤੇ ਇੱਥੇ ਹੀ ਹੱਦ ਨਹੀਂ ਮੰਤਰੀ ਵੱਲੋਂ ਮ੍ਰਿਤਕ ਦੀਆਂ ਦੋ ਬੇਟੀਆਂ ਅਤੇ ਉਸਦੀ ਪਤਨੀ ਬਾਰੇ ਇਹ ਕਹਿ ਕੇ ਧਮਕਾਇਆ ਜਾਂਦਾ ਰਿਹਾ ਕਿ ਉਹਨਾਂ ਵੱਲੋਂ ਅੱਜ ਕਿਸ ਰੰਗ ਦੇ ਕੱਪੜੇ ਪਾਏ ਹਨ ਅਤੇ ਉਹ ਕਿੱਥੇ ਗਏ ਹੋਏ ਹਨ ਮੰਤਰੀ ਨੂੰ ਸਭ ਪਤਾ ਹੈ ਤੇ ਗੈਂਗਸਟਰਾਂ ਜਰੀਏ ਉਹਨਾਂ ਨੂੰ ਗੋਲੀ ਮਰਵਾ ਦਿੱਤੀ ਜਾਵੇਗੀ ਅਤੇ ਅਜਿਹੀ ਘਿਨਾਉਣੀ ਕਰਤੂਤ ਨਾਲ ਗਗਨ ਰੰਧਾਵਾ ਨੂੰ ਐਨਾ ਡਰਾ ਦਿੱਤਾ ਕਿ ਉਨ੍ਹਾਂ ਗੰਭੀਰ ਹਾਲਤ ਵਿੱਚ ਜਦੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਸਨ ਡਾਕਟਰ ਦਾ ਹੱਥ ਫੜ ਲਿਆ ਕਿ ਮੇਰੀ ਜਾਨ ਨਾ ਬਚਾਈ ਜਾਵੇ ਕਿਉਂਕਿ, ਮੇਰੇ ਕਰਕੇ ਪਰਿਵਾਰ ਨੂੰ ਖਤਰਾ ਹੈ ਤਾਂ ਮੇਰਾ ਮਰਨਾ ਹੀ ਠੀਕ ਹੈ। ਉਹਨਾਂ ਕਿਹਾ ਕਿ ਅੱਜ ਉਸ ਸਰਕਾਰ , ਮੁੱਖ ਮੰਤਰੀ ਅਤੇ ਇਸ ਦੇ ਮੰਤਰੀਆਂ ਦਾ ਕੱਟੜ ਇਮਾਨਦਾਰੀ ਅਤੇ ਆਮ ਘਰਾਂ ਦੇ ਹੋਣ ਦਾ ਮਖੌਟਾ ਪੂਰੀ ਤਰ੍ਹਾਂ ਉੱਤਰ ਚੁੱਕਿਆ ਹੈ ਤੇ ਇਸ ਘਟਨਾ ਨੇ ਸਾਫ ਜਾਹਰ ਕਰ ਦਿੱਤਾ ਕਿ ਇਸ ਸਰਕਾਰ ਦੇ ਮੰਤਰੀ ਕਿੰਨੇ ਅਤੇ ਗੁੰਡੇ ਹਨ l

ਇਨਸਾਫ਼ ਲਈ ਅਸੀਂ ਆਖਰੀ ਅੰਜਾਮ ਤੱਕ ਲੜਾਂਗੇ : ਗਗਨਦੀਪ ਸਿੰਘ ਦਾ ਭਰਾ

ਮ੍ਰਿਤਕ ਗਗਨ ਰੰਧਾਵਾ ਦੇ ਭਰਾ ਵਰਿੰਦਰ ਪਾਲ ਸਿੰਘ ਜੋ ਕਿ ਵਿਰੋਧੀ ਧਿਰਾਂ ਸ਼੍ਰੋਮਣੀ ਅਕਾਲੀ ਦਲ, ਬੀਜੇਪੀ ਅਤੇ ਕਾਂਗਰਸ ਆਗੂਆਂ ਦੇ ਪ੍ਰਦਰਸ਼ਨ ਦੌਰਾਨ ਇੱਥੇ ਮੌਜੂਦ ਸਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਇਸ ਮਾਮਲੇ 'ਚ ਭਾਵੇਂ ਪਰਚਾ ਦਰਜ ਕਰ ਦਿੱਤਾ ਹੈ ਪਰ ਜੇਕਰ ਉਹ ਸੱਚੇ ਅਤੇ ਇਮਾਨਦਾਰ ਮੁੱਖ ਮੰਤਰੀ ਹਨ ਤਾਂ ਉਸ ਮੰਤਰੀ ਅਤੇ ਹੋਰ ਮੁਲਜ਼ਮਾਂ ਨੂੰ ਤੁਰੰਤ ਗ੍ਰਿਫਤਾਰ ਕਰਾ ਕੇ ਅੰਦਰ ਦੇਣ ਤਾਂ ਕਿ ਅਸੀਂ ਆਪਣੇ ਭਰਾ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੀਏ l ਉਹਨਾਂ ਕਿਹਾ ਕਿ ਸਾਡੇ ਭਰਾ ਨੇ ਉਸ ਭ੍ਰਿਸ਼ਟ ਮੰਤਰੀ ਖਿਲਾਫ ਲੜਾਈ ਲੜਦੇ ਹੋਏ ਜਾਨ ਦੇ ਦਿੱਤੀ ਪਰ ਹੁਣ ਅਗਲੀ ਲੜਾਈ ਅੰਜਾਮ ਤੱਕ ਪਹੁੰਚਾਉਣ ਲਈ ਅਸੀਂ ਲੜਾਂਗੇ। ਉਹਨਾਂ ਕਿਹਾ ਕਿ ਅਸੀਂ ਝੁਕਣ ਵਾਲੇ ਨਹੀਂ ਹਾਂ ਇਹ ਮੰਤਰੀ ਸਮਝ ਲਵੇ ਅਤੇ ਜੇਕਰ ਇਸ ਮਾਮਲੇ ਚ ਗ੍ਰਿਫਤਾਰੀ ਅਤੇ ਕਾਰਵਾਈ ਨੂੰ ਲੈ ਕੇ ਜਿੰਨੀ ਦੇਰੀ ਕਰੋਗੇ ਅਤੇ ਇਹ ਸਮਝ ਰਹੇ ਹੋ ਕਿ ਸਾਨੂੰ ਦਬਾਅ ਬਣਾ ਕੇ ਝੁਕਾ ਲਓਗੇ ਨਹੀਂ ਹੋਵੇਗਾ l

ਉਹਨਾਂ ਕਿਹਾ ਕਿ ਪਰਿਵਾਰ ਨੇ ਇਸ ਗੱਲ ਤੇ ਸਹਿਮਤੀ ਜਤਾਈ ਹੈ ਕਿ ਜਦੋਂ ਤੱਕ ਉਸ ਭ੍ਰਿਸ਼ਟ ਅਤੇ ਸਾਡੇ ਭਰਾ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਮੰਤਰੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਅਸੀਂ ਗਗਨ ਰੰਧਾਵਾ ਦਾ ਸੰਸਕਾਰ ਨਹੀਂ ਕਰਾਂਗੇ l ਉਹਨਾਂ ਕਿਹਾ ਕਿ ਮੁੱਖ ਮੰਤਰੀ ਜੋ ਹਮੇਸ਼ਾ ਇਮਾਨਦਾਰੀ ਦੀ ਦੁਹਾਈ ਦਿੰਦੇ ਹਨ ਅੱਜ ਆਪਣੀ ਇਮਾਨਦਾਰੀ ਦਿਖਾਉਣ ਤੇ ਸਾਨੂੰ ਇਨਸਾਫ ਦਵਾਉਣ ਕਿਉਂਕਿ ਸਾਨੂੰ ਇਨਸਾਫ ਲੈਣ ਲਈ ਚੰਡੀਗੜ੍ਹ ਤੱਕ ਆਉਣਾ ਪਿਆ ਪਰ ਜੇਕਰ ਪਹਿਲਾਂ ਹੀ ਸਾਨੂੰ ਇਨਸਾਫ ਮਿਲ ਜਾਂਦਾ ਤਾਂ ਅਸੀਂ ਅੱਜ ਆਪਣੇ ਭਰਾ ਦੀ ਅੰਤਿਮ ਰਸਮਾਂ ਪੂਰੀਆਂ ਕਰ ਰਹੇ ਹੁੰਦੇ ਇਥੇ ਆਕੇ ਇਨਸਾਫ ਦੀ ਲੜਾਈ ਨਾ ਲੜ ਰਹੇ ਹੁੰਦੇ l ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ, ਸ਼ਰਨਜੀਤ ਸਿੰਘ ਢਿੱਲੋ, ਹੀਰਾ ਸਿੰਘ ਗਾਬੜੀਆ, ਐਨ ਕੇ ਸ਼ਰਮਾ, ਸਰਬਜੀਤ ਸਿੰਘ ਝਿੰਜਰ, ਅਰਸ਼ਦੀਪ ਸਿੰਘ ਕਲੇਰ, ਨਛੱਤਰ ਸਿੰਘ ਗਿੱਲ ਅਤੇ ਹੋਰ ਹਾਜ਼ਰ ਸਨ।

Related Post