ਦੇਸ਼ ਦੀ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਕਾਂਗਰਸ ਨੂੰ ਅਲਵਿਦਾ ਆਖ ਭਾਜਪਾ 'ਚ ਸ਼ਾਮਿਲ

By  Jasmeet Singh March 28th 2024 08:19 PM

Savitri Jindal joins BJP: ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਵਿਚਾਲੇ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ ਭਾਰਤ ਦੀ ਸਭ ਤੋਂ ਅਮੀਰ ਔਰਤ ਅਤੇ ਹਰਿਆਣਾ ਦੀ ਸਾਬਕਾ ਮੰਤਰੀ ਸਾਵਿਤਰੀ ਜਿੰਦਲ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ (ਭਾਜਪਾ) ਵਿੱਚ ਸ਼ਾਮਲ ਹੋ ਗਈ ਹੈ। ਹਿਸਾਰ 'ਚ ਆਯੋਜਿਤ ਇਕ ਪ੍ਰੋਗਰਾਮ 'ਚ ਸਾਵਿਤਰੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਹੋਰ ਭਾਜਪਾ ਨੇਤਾਵਾਂ ਦੀ ਮੌਜੂਦਗੀ 'ਚ ਭਾਜਪਾ 'ਚ ਸ਼ਾਮਲ ਹੋ ਗਈ। ਦੱਸ ਦੇਈਏ ਕਿ ਸਾਵਿਤਰੀ ਨੇ ਬੁੱਧਵਾਰ ਦੇਰ ਰਾਤ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾ ਕੇ ਕਾਂਗਰਸ ਛੱਡਣ ਦਾ ਐਲਾਨ ਕੀਤਾ ਸੀ। ਉਨ੍ਹਾਂ ਨੇ ਪੋਸਟ ਕਰਦੇ ਹੋਏ ਕਿਹਾ, 'ਮੈਂ 10 ਸਾਲ ਵਿਧਾਇਕ ਦੇ ਤੌਰ 'ਤੇ ਹਿਸਾਰ ਦੇ ਲੋਕਾਂ ਦੀ ਨੁਮਾਇੰਦਗੀ ਕੀਤੀ ਹੈ ਅਤੇ ਇਕ ਮੰਤਰੀ ਦੇ ਤੌਰ 'ਤੇ ਹਰਿਆਣਾ ਰਾਜ ਦੀ ਨਿਰਸਵਾਰਥ ਸੇਵਾ ਕੀਤੀ ਹੈ। ਹਿਸਾਰ ਦੇ ਲੋਕ ਮੇਰਾ ਪਰਿਵਾਰ ਹਨ ਅਤੇ ਮੇਰੇ ਪਰਿਵਾਰ ਦੀ ਸਲਾਹ 'ਤੇ ਮੈਂ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੀ ਹਾਂ।' ਹਾਲ ਹੀ ਵਿੱਚ ਉਨ੍ਹਾਂ ਦਾ ਪੁੱਤਰ ਨਵੀਨ ਜਿੰਦਲ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਿਆ ਹੈ। ਅਜਿਹੇ 'ਚ ਸਾਵਿਤਰੀ ਦਾ ਅਚਾਨਕ ਭਾਜਪਾ 'ਚ ਸ਼ਾਮਲ ਹੋਣਾ ਕਾਂਗਰਸ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਫੋਰਬਸ ਦੀ ਸੂਚੀ ਦੇ ਅਨੁਸਾਰ, ਉਦਯੋਗਪਤੀ ਅਤੇ ਸਾਬਕਾ ਮੰਤਰੀ ਓਪੀ ਜਿੰਦਲ ਦੀ ਵਿਧਵਾ ਸਾਵਿਤਰੀ ਦੀ ਕੁੱਲ ਜਾਇਦਾਦ 29.1 ਬਿਲੀਅਨ ਡਾਲਰ ਹੈ।

- PTC News

Related Post