ਬੰਦੀ ਕੈਦੀਆਂ ਅਤੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਦੀ ਰਿਹਾਈ ਦੀ ਮੰਗ
ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ "ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ" ਵਿਸ਼ੇ 'ਤੇ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਜਿਸ ਵਿੱਚ ਬੰਦੀ ਕੈਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਦੀ ਰਿਹਾਈ ਦੀ ਮੰਗ ਲਈ 13 ਫਰਵਰੀ ਨੂੰ ਜਿਲ੍ਹਾ ਕੇਦਰਾਂ 'ਤੇ ਧਰਨੇ ਲਾ ਕੇ ਮੰਗ ਪੱਤਰ ਸੌਂਪਣ ਦਾ ਐਲਾਨ ਕੀਤਾ ਗਿਆ।

ਬਠਿੰਡਾ, 7 ਫਰਵਰੀ (ਮੁਨੀਸ਼ ਗਰਗ): ਦਾਣਾ ਮੰਡੀ ਵਿੱਚ ਭਾਰਤੀ ਕਿਸਾਨ ਯੂਨੀਅਨ (ਏਕਤਾ-ਉਗਰਾਹਾਂ) ਵੱਲੋਂ "ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੇ ਮਨੁੱਖੀ ਅਧਿਕਾਰਾਂ ਦਾ ਮੁੱਦਾ" ਵਿਸ਼ੇ 'ਤੇ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਜਿਸ ਵਿੱਚ ਬੰਦੀ ਕੈਦੀਆਂ ਸਮੇਤ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਭਨਾਂ ਕੈਦੀਆਂ ਦੀ ਰਿਹਾਈ ਦੀ ਮੰਗ ਲਈ 13 ਫਰਵਰੀ ਨੂੰ ਜਿਲ੍ਹਾ ਕੇਦਰਾਂ 'ਤੇ ਧਰਨੇ ਲਾ ਕੇ ਮੰਗ ਪੱਤਰ ਸੌਂਪਣ ਦਾ ਐਲਾਨ ਕੀਤਾ ਗਿਆ।
ਕਨਵੈਨਸ਼ਨ ਵਿੱਚ ਔਰਤਾਂ ਸਮੇਤ ਜੱਥੇਬੰਦੀ ਦੀਆਂ ਹਰ ਪੱਧਰ ਦੀਆਂ ਆਗੂ ਪਰਤਾਂ ਨੇ ਹਜ਼ਾਰ ਤੋਂ ਕਾਫੀ ਵੱਧ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਕਨਵੈਨਸ਼ਨ ਨੂੰ ਸੰਬੋਧਨ ਕਰਨ ਵਾਲੇ ਬੁਲਾਰਿਆਂ ਨੇ ਇਸ ਮੁੱਦੇ ਤੇ ਵੱਖ-ਵੱਖ ਪਹਿਲੂਆਂ ਨੂੰ ਚਰਚਾ ਅਧੀਨ ਲਿਆਂਦਾ।
ਦੇਸ਼ ਭਰ ਦੀਆਂ ਜੇਲ੍ਹਾਂ 'ਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਕੈਦੀਆਂ ਦੀ ਬਹੁਤ ਵੱਡੀ ਗਿਣਤੀ ਮੌਜੂਦ ਹੈ, ਜਿੰਨਾਂ ਨੂੰ ਰਿਹਾਅ ਨਾ ਕਰਕੇ ਉਹਨਾਂ ਦੇ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਜਾ ਰਿਹਾ ਹੈ। ਇਹਨਾਂ 'ਚ ਬੰਦੀ ਕੈਦੀਆਂ ਸਮੇਤ ਦਲਿਤ, ਆਦਿਵਾਸੀ, ਮੁਸਲਮਾਨ ਤੇ ਸਮਾਜ ਦੇ ਹੋਰ ਦੱਬੇ ਕੁਚਲੇ ਲੋਕ ਸ਼ਾਮਲ ਹਨ। ਉਹਨਾਂ ਭਾਰਤੀ ਨਿਆਂ ਪ੍ਰਬੰਧ ਵੱਲੋਂ ਹੁੰਦੀ ਬੇ-ਇਨਸਾਫ਼ੀ ਦੀ ਤਸਵੀਰ ਪੇਸ਼ ਕੀਤੀ ਤੇ ਇਸਨੂੰ ਮੁਲਕ ਵਿਆਪੀ ਜਮਹੂਰੀ ਹੱਕਾਂ ਦਾ ਮੁੱਦਾ ਕਰਾਰ ਦਿੰਦਿਆਂ ਇਸ ਮਸਲੇ 'ਤੇ ਵਿਸ਼ਾਲ ਜਮਹੂਰੀ ਸ਼ੰਘਰਸ਼ ਦੀ ਲੋੜ ਨੂੰ ਉਭਾਰਿਆ।
ਇਸ ਮੰਗ ਲਈ 13 ਫਰਵਰੀ ਨੂੰ ਜ਼ਿਲ੍ਹਾ ਪੱਧਰਾਂ 'ਤੇ ਧਰਨਿਆਂ ਦਾ ਐਲਾਨ ਕਰਦਿਆਂ ਵੱਡੀ ਗਿਣਤੀ 'ਚ ਜ਼ਿਲ੍ਹਾ ਹੈਡਕੁਆਟਰਾਂ 'ਤੇ ਪੁੱਜਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਜੱਥੇਬੰਦੀ ਪਹਿਲਾਂ ਵੀ ਵੱਖ-ਵੱਖ ਸਰਗਰਮੀਆਂ 'ਚ ਇਹ ਮੰਗ ਰੱਖਦੀ ਆ ਰਹੀ ਹੈ ਤੇ ਹੁਣ ਇਸ ਮਸਲੇ 'ਤੇ ਸਰਗਰਮ ਸ਼ੰਘਰਸ਼ ਕਰਨ ਜਾ ਰਹੀ ਹੈ।